ਮੋਦੀ ਨਾਲ ਦੁਵੱਲੀ ਗੱਲਬਾਤ ਦੌਰਾਨ ਮਨੁੱਖੀ ਅਧਿਕਾਰਾਂ, ਅਜ਼ਾਦ ਪ੍ਰੈਸ ਦੇ ਮੁੱਦੇ ਨੂੰ ਵੀ ਚੁਕਿਆ : ਬਾਈਡਨ
ਅਮਰੀਕੀ ਰਾਸ਼ਟਰਪਤੀ ਨੇ ਵੀਅਤਨਾਮ ਪਹੁੰਚ ਕੇ ਪ੍ਰਧਾਨ ਮੰਤਰੀ ਮੋਦੀ ਨਾਲ ਹੋਈ ਗੱਲਬਾਤ ਬਾਰੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿਤੇ
ਹਨੋਈ/ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਨੇ ਐਤਵਾਰ ਨੂੰ ਕਿਹਾ ਕਿ ਭਾਰਤ ’ਚ ਹੁਣੇ-ਹੁਣੇ ਖ਼ਤਮ ਹੋਏ ਜੀ-20 ਸੰਮੇਲਨ ’ਚ ਭਾਰਤ ਤੋਂ ਯੂਰਪ ਤਕ ਰੇਲ-ਜਹਾਜ਼ ਆਰਥਕ ਗਲਿਆਰਾ ਵਰਗੇ ਕੀਤੇ ਗਏ ‘ਮਹੱਤਵਪੂਰਣ ਕਾਰੋਬਾਰ’ ਤੋਂ ਇਲਾਵਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੀ ਦੁਵੱਲੀ ਮੀਟਿੰਗ ’ਚ ‘ਮਨੁੱਖੀ ਅਧਿਕਾਰਾਂ ਦਾ ਸਨਮਾਨ ਕਰਨ ਦੀ ਮਹੱਤਤਾ... ਸਿਵਲ ਸੁਸਾਇਟੀ ਅਤੇ ਇਕ ਆਜ਼ਾਦ ਪ੍ਰੈਸ ਦੀ ਅਹਿਮ ਭੂਮਿਕਾ’ ਦਾ ਮੁੱਦਾ ਵੀ ਚੁਕਿਆ ਗਿਆ।
ਭਾਰਤ ਅਤੇ ਵੀਅਤਨਾਮ ਦੇ ਅਪਣੇ ਦੌਰੇ ਦੇ ਦੂਜੇ ਪੜਾਅ, ਹਨੋਈ ’ਚ, ਇਕ ਰਵਾਇਤੀ ਨਿਊਜ਼ ਕਾਨਫਰੰਸ ’ਚ ਪੱਤਰਕਾਰਾਂ ਨੇ ਬਾਈਡਨ ਨੂੰ ਜੀ-20 ਮੀਟਿੰਗ ’ਚ ਗ਼ੈਰਹਾਜ਼ਰ ਰਹੇ ਚੀਨ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ, ਅਤੇ ਯੂਕਰੇਨ ਬਾਰੇ ਸਵਾਲਾਂ ਪੁੱਛੇ।
ਅਪਣੀ ਸ਼ੁਰੂਆਤੀ ਟਿਪਣੀ ’ਚ, ਬਾਈਡਨ ਨੇ ਮੋਦੀ ਦੀ ‘ਲੀਡਰਸ਼ਿਪ ਅਤੇ ਉਨ੍ਹਾਂ ਦੀ ਪਰਾਹੁਣਚਾਰੀ ਅਤੇ ਜੀ-20 ਦੀ ਮੇਜ਼ਬਾਨੀ’ ਦਾ ਧੰਨਵਾਦ ਕੀਤਾ।
ਉਨ੍ਹਾਂ ਦੌਰੇ ਦੇ ਉਸ ਹਿੱਸੇ ਬਾਰੇ ਗੱਲ ਕੀਤੀ ਜੋ ਜੀ-20 ਮੀਟਿੰਗ ਦੇ ਰੌਲੇ ’ਚ ਗੁਆਚ ਗਿਆ ਸੀ - ਉਸ ਸੀ ਭਾਰਤੀ ਨੇਤਾ ਨਾਲ ਉਨ੍ਹਾਂ ਦੀ ਦੁਵੱਲੀ ਗੱਲਬਾਤ।
ਬਾਈਡਨ ਨੇ ਕਿਹਾ ਕਿ ਉਨ੍ਹਾਂ ਨੇ ਅਤੇ ਮੋਦੀ ਨੇ ‘ਬੀਤੇ ਜੂਨ ਮਹੀਨੇ ’ਚ ਪ੍ਰਧਾਨ ਮੰਤਰੀ ਦੀ ਵ੍ਹਾਈਟ ਹਾਊਸ ਦੀ ਫੇਰੀ ਦੇ ਆਧਾਰ ’ਤੇ ਭਾਰਤ ਅਤੇ ਅਮਰੀਕਾ ਦਰਮਿਆਨ ਸਾਂਝੇਦਾਰੀ ਨੂੰ ਮਜ਼ਬੂਤ ਕਰਨਾ ਅਸੀਂ ਕਿਵੇਂ ਜਾਰੀ ਰੱਖਾਂਗੇ, ਇਸ ਬਾਰੇ ਕਾਫ਼ੀ ਚਰਚਾ ਕੀਤੀ ਹੈ।’’
ਬਾਈਡਨ ਨੇ ਫਿਰ ਅੱਗੇ ਕਿਹਾ, ‘‘ਜਿਵੇਂ ਕਿ ਮੈਂ ਹਮੇਸ਼ਾ ਕਰਦਾ ਹਾਂ, ਮੈਂ ਮੋਦੀ ਦੇ ਨਾਲ ਇਕ ਮਜ਼ਬੂਤ ਅਤੇ ਖੁਸ਼ਹਾਲ ਦੇਸ਼ ਬਣਾਉਣ ’ਚ ਮਨੁੱਖੀ ਅਧਿਕਾਰਾਂ ਅਤੇ ਸਿਵਲ ਸੁਸਾਇਟੀ ਅਤੇ ਇਕ ਸੁਤੰਤਰ ਪ੍ਰੈਸ ਦੀ ਮਹੱਤਵਪੂਰਣ ਭੂਮਿਕਾ ਦਾ ਸਨਮਾਨ ਕਰਨ ਦੀ ਮਹੱਤਤਾ ਨੂੰ ਉਭਾਰਿਆ।’’
ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਮੋਦੀ ਨਾਲ ਵਿਆਪਕ ਗੱਲਬਾਤ ਕੀਤੀ। ਉਨ੍ਹਾਂ ਨੇ 31 ਡਰੋਨਾਂ ਦੀ ਭਾਰਤ ਦੀ ਖਰੀਦ ਅਤੇ ਜੈੱਟ ਇੰਜਣਾਂ ਦੇ ਸਾਂਝੇ ਵਿਕਾਸ ਨੂੰ ਅੱਗੇ ਵਧਾਉਣ ਦਾ ਸਵਾਗਤ ਕੀਤਾ ਹੈ ਜਿਸ ’ਚ ਦੋ-ਪੱਖੀ ਪ੍ਰਮੁੱਖ ਸੁਰੱਖਿਆ ਸਾਂਝੇਦਾਰੀ ਨੇ ‘ਡੂੰਘਾ ਅਤੇ ਵਿਵਸਥਿਤ’ ਕਰਨ ਦਾ ਸੰਕਲਪ ਪ੍ਰਗਟ ਕੀਤਾ।