ਮੋਰੋਕੋ: ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 2000 ਤੋਂ ਟੱਪੀ
ਜ਼ਖ਼ਮੀਆਂ ’ਚੋਂ 1404 ਦੀ ਹਾਲਤ ਗੰਭੀਰ, ਬਚਾਅਕਰਤਾਵਾਂ ਲਈ ਦੂਰ-ਦੁਰਾਡੇ ਦੇ ਇਲਾਕਿਆਂ ਤਕ ਪਹੁੰਚਣਾ ਅਜੇ ਵੀ ਮੁਸ਼ਕਲ
ਮਾਰਾਕੇਸ਼: ਮੋਰੱਕੋ ’ਚ ਆਏ ਵਿਨਾਸ਼ਕਾਰੀ ਭੂਚਾਲ ’ਚ ਮਰਨ ਵਾਲਿਆਂ ਦੀ ਗਿਣਤੀ 2,000 ਤੋਂ ਵੱਧ ਹੋ ਗਈ ਹੈ ਅਤੇ ਘੱਟੋ-ਘੱਟ 2,059 ਲੋਕ ਜ਼ਖਮੀ ਹੋ ਗਏ ਹਨ।
ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਸਨਿਚਰਵਾਰ ਦੇਰ ਰਾਤ ਕਿਹਾ ਕਿ ਸ਼ੁਕਰਵਾਰ ਦੇਰ ਰਾਤ ਆਏ ਭੂਚਾਲ ’ਚ 2,012 ਲੋਕਾਂ ਦੀ ਮੌਤ ਹੋ ਗਈ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਉਮੀਦ ਹੈ ਕਿਉਂਕਿ ਬਚਾਅਕਰਤਾ ਸਭ ਤੋਂ ਪ੍ਰਭਾਵਤ ਦੂਰ-ਦੁਰਾਡੇ ਦੇ ਇਲਾਕਿਆਂ ਤਕ ਪਹੁੰਚਣ ਲਈ ਸੰਘਰਸ਼ ਕਰ ਰਹੇ ਹਨ।
ਮੰਤਰਾਲੇ ਦੇ ਅਨੁਸਾਰ, ਅਲ-ਹੌਜ਼ ਸੂਬੇ ’ਚ ਸਭ ਤੋਂ ਵੱਧ 1,293 ਲੋਕਾਂ ਦੀ ਮੌਤ ਹੋਈ ਹੈ। ਇਸ ਵਿਚ ਕਿਹਾ ਗਿਆ ਹੈ ਕਿ ਘੱਟੋ-ਘੱਟ 2,059 ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿਚੋਂ 1,404 ਦੀ ਹਾਲਤ ਗੰਭੀਰ ਹੈ।
ਮੋਰੱਕੋ ਦੀ ਸਰਕਾਰ ਨੇ ਭੂਚਾਲ ਤੋਂ ਬਾਅਦ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਮੋਰੱਕੋ ’ਚ ਸ਼ੁੱਕਰਵਾਰ ਨੂੰ 6.8 ਤੀਬਰਤਾ ਦਾ ਭੂਚਾਲ ਆਇਆ, ਜੋ ਪਿਛਲੇ 120 ਸਾਲਾਂ ’ਚ ਦੇਸ਼ ਅੰਦਰ ਆਉਣ ਵਾਲਾ ਸਭ ਤੋਂ ਭਿਆਨਕ ਭੂਚਾਲ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਕਈ ਦੇਸ਼ਾਂ ਦੇ ਨੇਤਾਵਾਂ ਨੇ ਮੋਰੱਕੋ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ।
ਪ੍ਰਧਾਨ ਮੰਤਰੀ ਮੋਦੀ, ਜੋ ਜੀ-20 ਸੰਮੇਲਨ ਦੀ ਮੇਜ਼ਬਾਨੀ ਕਰ ਰਹੇ ਹਨ, ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ’ਤੇ ਇਕ ਪੋਸਟ ’ਚ ਕਿਹਾ ਸੀ, ‘‘ਮੋਰੋਕੋ ’ਚ ਭੂਚਾਲ ਕਾਰਨ ਹੋਏ ਜਾਨੀ ਨੁਕਸਾਨ ਤੋਂ ਬਹੁਤ ਦੁਖੀ ਹਾਂ। ਮੇਰੇ ਵਿਚਾਰ ਇਸ ਦੁੱਖ ਦੀ ਘੜੀ ’ਚ ਮੋਰੋਕੋ ਦੇ ਲੋਕਾਂ ਦੇ ਨਾਲ ਹਨ। ਅਪਣੇ ਪਿਆਰਿਆਂ ਨੂੰ ਗੁਆਉਣ ਵਾਲਿਆਂ ਪ੍ਰਤੀ ਸੰਵੇਦਨਾ ਪ੍ਰਗਟ ਕਰਦਾ ਹਾਂ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਭਾਰਤ ਇਸ ਮੁਸ਼ਕਲ ਸਮੇਂ ’ਚ ਮੋਰੋਕੋ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਹੈ।’’
ਜਰਮਨ ਚਾਂਸਲਰ ਓਲਾਫ ਸਕੋਲਜ਼ ਨੇ ਵੀ ‘ਐਕਸ’ ’ਤੇ ਮੋਰੋਕੋ ਪ੍ਰਤੀ ਸੰਵੇਦਨਾ ਪ੍ਰਗਟ ਕੀਤੀ।
ਸੰਯੁਕਤ ਰਾਸ਼ਟਰ ਦੇ ਬੁਲਾਰੇ ਨੇ ਕਿਹਾ, ‘‘ਸੰਯੁਕਤ ਰਾਸ਼ਟਰ ਭੂਚਾਲ ਤੋਂ ਪ੍ਰਭਾਵਤ ਆਬਾਦੀ ਦੀ ਸਹਾਇਤਾ ਲਈ ਮੋਰੱਕੋ ਦੀ ਸਰਕਾਰ ਦੀ ਮਦਦ ਕਰਨ ਲਈ ਤਿਆਰ ਹੈ।’’
ਇਜ਼ਰਾਈਲ ਦੇ ਰਖਿਆ ਮੰਤਰੀ ਯੋਵ ਗੈਲੈਂਟ ਨੇ ਮੋਰੱਕੋ ’ਚ ਅਪਣੇ ਹਮਰੁਤਬਾ ਨਾਲ ਫੋਨ ’ਤੇ ਗੱਲ ਕੀਤੀ ਅਤੇ ਭੂਚਾਲ ਪ੍ਰਭਾਵਤ ਦੇਸ਼ ਨੂੰ ‘ਹਰ ਸੰਭਵ’ ਸਹਾਇਤਾ ਪ੍ਰਦਾਨ ਕਰਨ ਦੀ ਇਜ਼ਰਾਈਲ ਦੀ ਇੱਛਾ ਜ਼ਾਹਰ ਕੀਤੀ। ਗੈਲੈਂਟ ਨੇ ਇਜ਼ਰਾਈਲੀ ਬਲਾਂ ਨੂੰ ਮੋਰੋਕੋ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਰਹਿਣ ਦਾ ਹੁਕਮ ਦਿਤਾ।
ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਵੀ ਮੋਰੱਕੋ ’ਚ ਕੁਦਰਤੀ ਆਫ਼ਤ ’ਤੇ ਦੁੱਖ ਪ੍ਰਗਟ ਕੀਤਾ ਅਤੇ ਕਿਹਾ ਕਿ ਅਮਰੀਕੀ ਅਧਿਕਾਰੀ ਸਹਾਇਤਾ ਦੀ ਪੇਸ਼ਕਸ਼ ਕਰਨ ਲਈ ਮੋਰੋਕੋ ਨਾਲ ਸੰਪਰਕ ’ਚ ਹਨ। ਇਸ ਤੋਂ ਇਲਾਵਾ ਤੁਰਕੀ, ਕਤਰ ਅਤੇ ਅਲਜੀਰੀਆ ਸਮੇਤ ਕਈ ਹੋਰ ਦੇਸ਼ਾਂ ਨੇ ਵੀ ਮਦਦ ਦੀ ਪੇਸ਼ਕਸ਼ ਕੀਤੀ ਹੈ।