ਫਰਾਂਸ ਵਿਚ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਹੋਏ ਸ਼ੁਰੂ
80 ਹਜ਼ਾਰ ਪੁਲਿਸ ਕਰਮਚਾਰੀਆਂ ਨੂੰ ਕੀਤਾ ਗਿਆ ਤਾਇਨਾਤ, 200 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਪੈਰਿਸ : ਨੇਪਾਲ ਤੋਂ ਬਾਅਦ ਫਰਾਂਸ ਵਿੱਚ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ। ਬਜਟ ’ਚ ਕਟੌਤੀ ਖਿਲਾਫ਼ ਅਤੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ 1 ਲੱਖ ਤੋਂ ਜ਼ਿਆਦਾ ਲੋਕ ਬੁੱਧਵਾਰ ਨੂੰ ਸੜਕਾਂ ’ਤੇ ਉਤਰ ਆਏ।
ਪ੍ਰਦਰਸ਼ਨਕਾਰੀਆਂ ਦੀ ਕਈ ਥਾਵਾਂ ’ਤੇ ਸੁਰੱਖਿਆ ਬਲਾਂ ਨਾਲ ਝੜਪ ਹੋਈ ਹੈ ਅਤੇ ਪ੍ਰਦਰਸ਼ਨਕਾਰੀਆਂ ਵੱਲੋਂ ਕਈ ਥਾਵਾਂ ’ਤੇ ਭੰਨਤੋੜ ਅਤੇ ਅੱਗ ਵੀ ਲਗਾਈ ਗਈ। ਸਰਕਾਰ ਨੇ ਪ੍ਰਦਰਸ਼ਨਕਾਰੀਆਂ ਨੂੰ ਰੋਕਣ ਲਈ 80 ਹਜ਼ਾਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ ਅਤੇ ਹੁਣ ਤੱਕ 200 ਤੋਂ ਵੱਧ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ।
ਪੈਰਿਸ ਵਿੱਚ ਬੁੱਧਵਾਰ ਸਵੇਰੇ ਦਫ਼ਤਰੀ ਸਮੇਂ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਮੁੱਖ ਮਾਰਗਾਂ ਨੂੰ ਕਈ ਵਾਰ ਰੋਕਣ ਦੀ ਕੋਸ਼ਿਸ਼ ਕੀਤੀ। ਫਰਾਂਸੀਸੀ ਰਾਜਨੀਤੀ ’ਚ ਬਜਟ ਹਮੇਸ਼ਾ ਟਕਰਾਅ ਦਾ ਵੱਡਾ ਕਾਰਨ ਰਿਹਾ ਹੈ। ਹਰ ਸਾਲ ਬਜਟ ਰਾਹੀਂ ਇਹ ਫੈਸਲਾ ਕੀਤਾ ਜਾਂਦਾ ਹੈ ਕਿ ਸਰਕਾਰ ਕਿਹੜੇ ਖੇਤਰਾਂ ਵਿੱਚ ਖਰਚ ਵਧਾਏਗੀ ਅਤੇ ਕਿੱਥੇ ਕਟੌਤੀ ਕਰੇਗੀ। ਇਹ ਸੱਤਾਧਾਰੀ ਪਾਰਟੀ ਅਤੇ ਵਿਰੋਧੀ ਧਿਰ ਵਿਚਕਾਰ ਝਗੜੇ ਦੀ ਜੜ੍ਹ ਬਣ ਜਾਂਦੀ ਹੈ।