ਨਾਈਜੀਰੀਆ 'ਚ 85 ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 76 ਲੋਕਾਂ ਦੀ ਮੌਤ
ਹੜ੍ਹ ਕਾਰਨ ਵਾਪਰਿਆ ਹਾਦਸਾ
ਨਾਈਜੀਰੀਆ ਦੇ ਅਨਾਮਬਰਾ ਸ਼ਹਿਰ ਵਿੱਚ ਇੱਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ 76 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸ਼ਤੀ 'ਚ ਕੁੱਲ 85 ਲੋਕ ਸਵਾਰ ਸਨ ਅਤੇ ਇਹ ਹਾਦਸਾ ਹੜ੍ਹ ਕਾਰਨ ਵਾਪਰਿਆ। ਨਾਈਜੀਰੀਆ ਦੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਨੇ ਟਵੀਟ ਕਰਕੇ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਸਾਰੀਆਂ ਬਚਾਅ ਅਤੇ ਰਾਹਤ ਏਜੰਸੀਆਂ ਨੂੰ ਮੌਕੇ 'ਤੇ ਪਹੁੰਚਣ ਦੇ ਆਦੇਸ਼ ਦਿੱਤੇ ਹਨ।
ਸਰਕਾਰ ਵੱਲੋਂ ਰਾਹਤ ਅਤੇ ਬਚਾਅ ਕੰਮ ਜਾਰੀ ਹੈ। ਨਾਈਜੀਰੀਅਨ ਇਨਲੈਂਡ ਵਾਟਰਵੇਜ਼ ਅਥਾਰਟੀ ਅਤੇ ਨੈਸ਼ਨਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਕਰਮਚਾਰੀਆਂ ਨੂੰ ਬਚਾਅ ਅਤੇ ਰਿਕਵਰੀ ਮਿਸ਼ਨ ਵਿੱਚ ਤਾਇਨਾਤ ਕੀਤਾ ਗਿਆ ਹੈ। ਰਾਸ਼ਟਰਪਤੀ ਨੇ ਸੁਰੱਖਿਆ ਪ੍ਰੋਟੋਕੋਲ ਦੀ ਜਾਂਚ ਕਰਨ ਦੇ ਵੀ ਆਦੇਸ਼ ਦਿੱਤੇ ਹਨ, ਤਾਂ ਜੋ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ।
ਰਾਸ਼ਟਰਪਤੀ ਬੁਹਾਰੀ ਨੇ ਕਿਹਾ ਕਿ ਉਹ ਕਿਸ਼ਤੀ ਹਾਦਸੇ ਤੋਂ ਬਹੁਤ ਦੁਖੀ ਹਨ। ਉਨ੍ਹਾਂ ਸਾਰੇ ਯਾਤਰੀਆਂ ਦੀ ਹਰ ਸੰਭਵ ਮਦਦ ਕਰਨ ਦੀ ਕੋਸ਼ਿਸ਼ ਕਰਨ ਦੇ ਨਿਰਦੇਸ਼ ਦਿੱਤੇ। ਰਾਸ਼ਟਰਪਤੀ ਨੇ ਕਿਹਾ, 'ਮੈਂ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਦੀ ਅਪੀਲ ਕਰਦਾ ਹਾਂ। ਨਾਲ ਹੀ, ਮੈਂ ਇਸ ਦਰਦਨਾਕ ਹਾਦਸੇ ਦੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਪ੍ਰਤੀ ਡੂੰਘੀ ਸੰਵੇਦਨਾ ਪ੍ਰਗਟ ਕਰਦਾ ਹਾਂ।