ਪਾਕਿ ਵੱਲੋਂ ਮਾੜੀ ਜਿੰਨੀ ਵੀ ਕਮੀ ਨਹੀਂ ਸੀ ਲੱਭੀ ਜਾ ਸਕਦੀ ਜਦਕਿ ਭਾਰਤ ਵੱਲ ਹਾਲਤ ਬਹੁਤ ਪਤਲੀ ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਰਤਾਰਪੁਰ ਸਾਹਿਬ ਤੋਂ ਰੋਜ਼ਾਨਾ ਸਪੋਕਸਮੈਨ ਦੀ ਅਸਿਸਟੈਂਟ ਐਡੀਟਰ ਨਿਮਰਤ ਕੌਰ ਦੀ ਰੀਪੋਰਟ

Pakistan

ਕਰਤਾਰਪੁਰ ਸਾਹਿਬ- ਪਾਕਿਸਤਾਨ ਦੀ ਸਰਹੱਦ ਵਿਚ ਜਥੇ ਵਲੋਂ ਕਦਮ ਰਖਦਿਆਂ ਹੀ ਇਕ ਚੀਜ਼ ਸਾਫ਼ ਹੋ ਗਈ ਸੀ ਕਿ ਪਾਕਿਸਤਾਨ ਨੇ ਕਿਸੇ ਕੰਮ ਵਿਚ ਕੋਈ ਕਮੀ ਨਹੀਂ ਸੀ ਛੱਡੀ। ਪਾਕਿਸਤਾਨ ਨੇ ਪੂਰੇ ਪਿਆਰ ਸਤਿਕਾਰ ਨਾਲ ਲੋਕਾਂ ਦਾ ਸਵਾਗਤ ਕੀਤਾ। ਲੋਕ ਪਾਕਿਸਤਾਨ ਵਲੋਂ ਤਿਆਰ ਕੀਤੇ ਕਰਤਾਰਪੁਰ ਲਾਂਘੇ ਦੇ ਕੰਮ ਦੀ ਪ੍ਰਸ਼ੰਸਾ ਕਰ ਰਹੇ ਸਨ। ਪਾਕਿਸਤਾਨ ਵਲੋਂ ਕਰਤਾਰਪੁਰ ਲਾਂਘੇ ਵਿਚ ਕੋਈ ਕਮੀ ਨਹੀਂ ਸੀ ਛੱਡੀ ਗਈ।

ਅਜਿਹਾ ਕੁੱਝ ਵੀ ਨਹੀਂ ਲੱਗ ਰਿਹਾ ਸੀ ਕਿ ਕੋਈ ਕੰਮ ਅਧੂਰਾ ਹੈ। 9 ਮਹੀਨੇ ਵਿਚਕਾਰ ਕਰਤਾਰਪੁਰ ਲਾਂਘੇ ਦੇ ਕੰਮ ਨੂੰ ਪੂਰਾ ਕੀਤਾ ਗਿਆ ਅਤੇ ਹਰ ਛੋਟੀ-ਛੋਟੀ ਤੋਂ ਬਾਰੀਕੀ ਦਾ ਬਹੁਤ ਧਿਆਨ ਰਖਿਆ ਗਿਆ ਸੀ। ਪਾਕਿਸਤਾਨ ਦਾਖ਼ਲ ਹੋਣ 'ਤੇ ਸੁਰੱਖਿਆ ਕਰਮਚਾਰੀਆਂ ਵਲੋਂ ਹਰ ਨਾਗਰਿਕ ਨੂੰ ਬਰਾਬਰ ਦਾ ਸਨਮਾਨ ਦਿਤਾ ਜਾ ਰਿਹਾ ਸੀ। ਕਰਤਾਰਪੁਰ ਗੁਰਦਵਾਰਾ 40 ਏਕੜ ਵਿਚ ਤਿਆਰ ਕੀਤਾ ਗਿਆ ਅਤੇ ਬਹੁਤ ਹੀ ਸਾਦਗੀ ਨਾਲ ਬਣਾਇਆ ਗਿਆ ਹੈ।

 

ਉਸ ਨੂੰ ਬਣਾਉਣ ਵਿਚ ਪੂਰੀ ਮਿਹਨਤ ਕੀਤੀ ਗਈ। ਗੁਰਦਵਾਰੇ ਦੇ ਆਸ ਪਾਸ ਚਾਰ ਦੀਵਾਰੀ ਕੀਤੀ ਹੋਈ ਸੀ। ਇਕ ਪਾਸੇ ਲੰਗਰ ਹਾਲ ਸੀ ਅਤੇ ਇਕ ਪਾਸੇ ਵਿਚਾਰ ਵਟਾਂਦਰਾ ਕੇਂਦਰ ਬਣਾਏ ਗਏ ਸਨ ਅਤੇ ਇਕ ਪਾਸੇ ਪ੍ਰਦਰਸ਼ਨੀ ਵੀ ਲਗਾਈ ਗਈ ਸੀ ਅਤੇ ਕਰਤਾਰਪੁਰ ਦੇ ਗੁਰਦਵਾਰੇ ਦੀ ਸੇਵਾ ਸੰਭਾਲ ਵੇਖ ਕੇ ਅੱਖਾਂ ਵਿਚ ਪਾਣੀ ਭਰ ਆਉਂਦਾ ਹੈ। ਕਰਤਾਰਪੁਰ ਦੇ ਗੁਰਦਵਾਰੇ ਵਿਚ ਬਾਬੇ ਨਾਨਕ ਦੇ ਵੇਲੇ ਦਾ ਇਕ ਖੂਹ ਵੀ ਹੈ ਜਿਸ ਨੂੰ ਲੋਕ ਬਹੁਤ ਰੀਝ ਨਾਲ ਵੇਖ ਰਹੇ ਸਨ ਅਤੇ ਖੂਹ ਵਿਚੋਂ ਪਾਣੀ ਕੱਢ ਕੇ ਪੀ ਵੀ ਰਹੇ ਸੀ।

ਬਾਬੇ ਨਾਨਕ ਦੀ ਕਬਰ ਉਤੇ ਸੰਗਤਾਂ ਵਲੋਂ ਚਾਦਰਾਂ ਵੀ ਚੜ੍ਹਾਈਆਂ ਜਾ ਰਹੀਆਂ ਸਨ। ਜਿਹੜਾ 40 ਏਕੜ ਦਾ ਕੰਪਾਊਂਡ ਹੈ ਉਹ ਗੁਰਦਵਾਰੇ ਵਿਚ ਹੈ। ਕਰਤਾਰਪੁਰ ਲਾਂਘੇ ਨੂੰ ਬਣਾਉਣ ਵਿਚ ਫ਼ੌਜ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਨੇ ਬਹੁਤ ਹੀ ਦਿਆਨਤਦਾਰੀ ਨਾਲ ਕਰਤਾਰਪੁਰ ਲਾਂਘੇ ਨੂੰ ਬਣਾਇਆ ਹੈ। ਅੱਜ ਨਵਜੋਤ ਸਿੰਘ ਸਿੱਧੂ ਨੂੰ ਵੀ ਪਾਕਿਸਤਾਨ ਜਾਣ ਵਾਸਤੇ ਇਮੀਗਰੇਸ਼ਨ ਸੈਂਟਰ ਦੇ ਬਾਹਰ ਲਾਈਨ ਵਿਚ ਖੜੇ ਹੋ ਕੇ ਅਪਣੀ ਵਾਰੀ ਦਾ ਇੰਤਜ਼ਾਰ ਕਰਨਾ ਪਿਆ। ਜਦ ਨਵਜੋਤ ਸਿੰਘ ਸਿੱਧੂ ਪਾਕਿਸਤਾਨ ਵਿਚ ਦਾਖ਼ਲ ਹੋਏ ਤਾਂ ਉਨ੍ਹਾਂ ਦਾ ਵਖਰੇ ਤੌਰ 'ਤੇ ਸਵਾਗਤ ਕੀਤਾ ਗਿਆ। ਪਾਕਿਸਤਾਨ ਦੇ ਅਧਿਕਾਰੀ ਉਨ੍ਹਾਂ ਨੂੰ ਲੈਣ ਲਈ ਆਪ ਗਏ ਅਤੇ ਨਵਜੋਤ ਸਿੰਘ ਸਿੱਧੂ ਅਪਣੇ ਦੋਸਤ ਇਮਰਾਨ ਖ਼ਾਨ ਨਾਲ ਜੱਫੀ ਪਾ ਕੇ ਮਿਲੇ।