ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਯੋਜਨਾ ਰੱਦ, ਅਦਾਲਤ ’ਚ ਆਜ਼ਾਦੀ ਘੁਲਾਟੀਏ ’ਤੇ ਲੱਗੇ ਗੰਭੀਰ ਦੋਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਲਹਿੰਦੇ ਪੰਜਾਬ ਦੀ ਸਰਕਾਰ ਨੇ ਕਮੋਡੋਰ (ਸੇਵਾਮੁਕਤ) ਤਾਰਿਕ ਮਜੀਦ ਨੇ ਦੀ ਰਾਏ ਮਗਰੋਂ ਰੱਦ ਕੀਤੀ ਯੋਜਨਾ

Bhagat Singh
  • ਭਗਤ ਸਿੰਘ ਕ੍ਰਾਂਤੀਕਾਰੀ ਨਹੀਂ, ਸਗੋਂ ਅਪਰਾਧੀ ਹੈ, ਬਲਕਿ ਅੱਜ ਦੀ ਪਰਿਭਾਸ਼ਾ ਅਨੁਸਾਰ ਅਤਿਵਾਦੀ ਹੈ : ਮਜੀਦ
  • ਭਗਤ ਸਿੰਘ ਨੂੰ ਸ਼ਹੀਦ ਐਲਾਨਿਆ ਗਿਆ ਹੈ, ਮੈਂ ਮਜੀਦ ਨੂੰ ਕਾਨੂੰਨੀ ਨੋਟਿਸ ਭੇਜਾਂਗਾ : ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਕੁਰੈਸ਼ੀ 

ਲਾਹੌਰ : ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਅਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਦੀ ਯੋਜਨਾ ਨੂੰ ਇਕ ਸੇਵਾਮੁਕਤ ਫੌਜੀ ਅਧਿਕਾਰੀ ਅਤੇ ਲਾਹੌਰ ਜ਼ਿਲ੍ਹਾ ਪ੍ਰਸ਼ਾਸਨ ਦੀ ਰਾਏ ਤੋਂ ਬਾਅਦ ਰੱਦ ਕਰ ਦਿਤਾ ਗਿਆ ਹੈ। ਪੰਜਾਬ ਸਰਕਾਰ ਨੇ ਹਾਈ ਕੋਰਟ ’ਚ ਇਹ ਜਾਣਕਾਰੀ ਦਿਤੀ।

ਲਾਹੌਰ ਹਾਈ ਕੋਰਟ ’ਚ ਸ਼ੁਕਰਵਾਰ ਨੂੰ ਦਾਇਰ ਜਵਾਬ ’ਚ ਸਹਾਇਕ ਐਡਵੋਕੇਟ ਜਨਰਲ ਅਸਗਰ ਲੇਘਾਰੀ ਨੇ ਆਜ਼ਾਦੀ ਘੁਲਾਟੀਏ ’ਤੇ ਗੰਭੀਰ ਦੋਸ਼ ਲਗਾਏ। ਲਾਹੌਰ ਨਗਰ ਨਿਗਮ ਨੇ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤਿਆਜ਼ ਰਾਸ਼ਿਦ ਕੁਰੈਸ਼ੀ ਵਲੋਂ ਲਾਹੌਰ ਹਾਈ ਕੋਰਟ ’ਚ ਦਾਇਰ ਮਾਨਹਾਨੀ ਪਟੀਸ਼ਨ ਦੇ ਜਵਾਬ ’ਚ ਕਿਹਾ, ‘‘ਸ਼ਾਦਮਾਨ ਚੌਕ ਦਾ ਨਾਮ ਭਗਤ ਸਿੰਘ ਦੇ ਨਾਂ ’ਤੇ ਰੱਖਣ ਅਤੇ ਉਥੇ ਉਨ੍ਹਾਂ ਦਾ ਬੁੱਤ ਸਥਾਪਤ ਕਰਨ ਦੀ ਲਾਹੌਰ ਟਾਊਨ ਜ਼ਿਲ੍ਹਾ ਸਰਕਾਰ ਦੀ ਪ੍ਰਸਤਾਵਿਤ ਯੋਜਨਾ ਨੂੰ ਕਮੋਡੋਰ (ਸੇਵਾਮੁਕਤ) ਤਾਰਿਕ ਮਜੀਦ ਦੀ ਰਾਏ ਤੋਂ ਬਾਅਦ ਰੱਦ ਕਰ ਦਿਤਾ ਗਿਆ ਹੈ।’’

ਸਰਕਾਰ ਵਲੋਂ ਦਾਇਰ ਜਵਾਬ ’ਚ ਕਿਹਾ ਗਿਆ ਹੈ ਕਿ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਲਈ ਬਣਾਈ ਗਈ ਕਮੇਟੀ ਦਾ ਹਿੱਸਾ ਰਹੇ ਮਜੀਦ ਨੇ ਅਪਣੀ ਰਾਏ ਦਿੰਦੇ ਹੋਏ ਦਾਅਵਾ ਕੀਤਾ ਕਿ ਭਗਤ ਸਿੰਘ ਕ੍ਰਾਂਤੀਕਾਰੀ ਨਹੀਂ, ਸਗੋਂ ਅਪਰਾਧੀ ਹੈ, ਬਲਕਿ ਅੱਜ ਦੀ ਪਰਿਭਾਸ਼ਾ ਅਨੁਸਾਰ ਅਤਿਵਾਦੀ ਹੈ। ਉਸ ਨੇ ਇਕ ਬ੍ਰਿਟਿਸ਼ ਪੁਲਿਸ ਅਧਿਕਾਰੀ ਦਾ ਕਾਤਲ ਕਰ ਦਿਤਾ ਸੀ ਅਤੇ ਇਸ ਜੁਰਮ ਲਈ ਉਸ ਨੂੰ ਦੋ ਸਾਥੀਆਂ ਨਾਲ ਫਾਂਸੀ ਦੇ ਦਿਤੀ ਗਈ ਸੀ।’’

ਮਜੀਦ ਨੇ ਸਰਕਾਰ ਨੂੰ ਇਹ ਵੀ ਸਿਫਾਰਸ਼ ਕੀਤੀ ਕਿ ਸ਼ਾਦਮਾਨ ਚੌਕ ਦਾ ਨਾਮ ਬਦਲ ਕੇ ਭਗਤ ਸਿੰਘ ਚੌਕ ਨਾ ਰੱਖਿਆ ਜਾਵੇ ਅਤੇ ਉਥੇ ਉਸ ਦਾ ਬੁੱਤ ਨਾ ਲਗਾਇਆ ਜਾਵੇ। ਰੀਪੋਰਟ ਵਿਚ ਕਿਹਾ ਗਿਆ ਹੈ, ‘‘ਭਗਤ ਸਿੰਘ ਮੁਸਲਮਾਨਾਂ ਪ੍ਰਤੀ ਦੁਸ਼ਮਣੀ ਰੱਖਣ ਵਾਲੇ ਧਾਰਮਕ ਨੇਤਾਵਾਂ ਤੋਂ ਪ੍ਰਭਾਵਤ ਸਨ ਅਤੇ ਇਕ ਗੈਰ-ਸਰਕਾਰੀ ਸੰਗਠਨ ‘ਭਗਤ ਸਿੰਘ ਫਾਊਂਡੇਸ਼ਨ’ ਇਸਲਾਮੀ ਵਿਚਾਰਧਾਰਾ ਅਤੇ ਪਾਕਿਸਤਾਨੀ ਸਭਿਆਚਾਰ ਦੇ ਵਿਰੁਧ ਕੰਮ ਕਰ ਰਿਹਾ ਹੈ ਅਤੇ ਇਸ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ।’’

ਰੀਪੋਰਟ ਵਿਚ ਕਿਹਾ ਗਿਆ ਹੈ, ‘‘ਫਾਊਂਡੇਸ਼ਨ ਦੇ ਅਹੁਦੇਦਾਰ ਅਪਣੇ ਆਪ ਨੂੰ ਮੁਸਲਮਾਨ ਕਹਿੰਦੇ ਹਨ, ਕੀ ਉਹ ਨਹੀਂ ਜਾਣਦੇ ਕਿ ਕਿਸੇ ਜਗ੍ਹਾ ਦਾ ਨਾਮ ਨਾਸਤਿਕ ਦੇ ਨਾਂ ’ਤੇ ਰਖਣਾ ਪਾਕਿਸਤਾਨ ਵਿਚ ਮਨਜ਼ੂਰ ਨਹੀਂ ਹੈ ਅਤੇ ਇਸਲਾਮ ਵਿਚ ਮਨੁੱਖੀ ਮੂਰਤੀ ਬਣਾਉਣ ’ਤੇ ਪਾਬੰਦੀ ਹੈ।’’

ਰੀਪੋਰਟ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕੁਰੈਸ਼ੀ ਨੇ ਕਿਹਾ ਕਿ ਭਗਤ ਸਿੰਘ ਨੂੰ ਬਿਨਾਂ ਸ਼ੱਕ ਇਕ ਮਹਾਨ ਕ੍ਰਾਂਤੀਕਾਰੀ, ਸੁਤੰਤਰਤਾ ਸੈਨਾਨੀ ਅਤੇ ਸ਼ਹੀਦ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ, ‘‘ਮੈਂ ਭਗਤ ਸਿੰਘ ਫਾਊਂਡੇਸ਼ਨ ’ਤੇ ਗੰਭੀਰ ਦੋਸ਼ ਲਗਾਉਣ ਲਈ ਸੇਵਾਮੁਕਤ ਕਮੋਡੋਰ ਮਜੀਦ ਨੂੰ ਕਾਨੂੰਨੀ ਨੋਟਿਸ ਭੇਜਾਂਗਾ ਅਤੇ ਭਗਤ ਸਿੰਘ ’ਤੇ ਉਨ੍ਹਾਂ ਦੇ ਸਟੈਂਡ ਨੂੰ ਚੁਨੌਤੀ ਦੇਵਾਂਗਾ।’’ ਲਾਹੌਰ ਹਾਈ ਕੋਰਟ ਦੇ ਜੱਜ ਸ਼ਮਸ ਮਹਿਮੂਦ ਮਿਰਜ਼ਾ ਨੇ ਪਟੀਸ਼ਨਕਰਤਾ ਦੇ ਵਕੀਲ ਦੇ ਪੇਸ਼ ਨਾ ਹੋਣ ਕਾਰਨ ਮਾਨਹਾਨੀ ਪਟੀਸ਼ਨ ਦੀ ਸੁਣਵਾਈ 17 ਜਨਵਰੀ, 2025 ਤਕ ਮੁਲਤਵੀ ਕਰ ਦਿਤੀ। 

ਭਗਤ ਸਿੰਘ ਨੂੰ 23 ਮਾਰਚ 1931 ਨੂੰ ਅਪਣੇ ਦੋ ਸਾਥੀਆਂ ਰਾਜਗੁਰੂ ਅਤੇ ਸੁਖਦੇਵ ਨਾਲ ਲਾਹੌਰ ’ਚ ਫਾਂਸੀ ਦੇ ਦਿਤੀ ਗਈ ਸੀ। ਅੰਗਰੇਜ਼ਾਂ ਨੇ ਬਸਤੀਵਾਦੀ ਸਰਕਾਰ ਵਿਰੁਧ ਸਾਜ਼ਸ਼ ਰਚਣ ਅਤੇ ਬ੍ਰਿਟਿਸ਼ ਅਧਿਕਾਰੀ ਜੌਨ ਪੀ. ਸਾਂਡਰਸ ਦੇ ਕਥਿਤ ਕਤਲ ਦੇ ਦੋਸ਼ਾਂ ’ਚ ਇਹ ਸਜ਼ਾ ਸੁਣਾਈ ਸੀ।