ਲੇਬਰ ਪਾਰਟੀ ਦੇ ਭਾਰਤੀ ਸਾਂਸਦ ਦੇ ਅਸਤੀਫ਼ੇ ਬਾਅਦ ਜ਼ਿਮਨੀ ਮੌਕਾ ਮਿਲਣ ’ਤੇ ਨੈਸ਼ਨਲ ਪਾਰਟੀ ਉਮੀਦਵਾਰ ਜੇਤੂ

ਏਜੰਸੀ

ਖ਼ਬਰਾਂ, ਕੌਮਾਂਤਰੀ

-ਟਾਮਾ ਪੋਟਾਕਾ ਨੇ 6629 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ

National candidate Tama Potaka, Labour's Georgie Dansy and Gaurav Sharma

 

ਔਕਲੈਂਡ :-ਹਮਿਲਟਨ ਵੈਸਟ ਜ਼ਿਮਨੀ ਚੋਣ ਇਸ ਵਾਰ ਨੈਸ਼ਨਲ ਪਾਰਟੀ ਦੇ ਲਈ ਬੈਸਟ ਰਹੀ ਹੈ। ਅੱਜ ਜ਼ਿਮਨੀ ਚੋਣਾਂ ਦੇ ਆਏ ਨਤੀਜਿਆਂ ਵਿਚ ਨੈਸ਼ਨਲ ਪਾਰਟੀ ਦੇ ਉਮੀਦਵਾਰ ਟਾਮਾ ਪੋਟਾਕਾ 6629 ਵੋਟਾਂ ਲੈ ਕੇ ਜਿੱਤ ਹਾਸਿਲ ਕਰ ਗਏ। ਵਰਨਣਯੋਗ ਹੈ ਕਿ ਇਹ ਸੀਟ ਭਾਰਤੀ  ਸਾਂਸਦ ਗੌਰਵ ਸ਼ਰਮਾ ਦੇ ਅਸਤੀਫੇ ਬਾਅਦ ਖਾਲੀ ਹੋਈ ਸੀ। ਲੇਬਰ ਪਾਰਟੀ ਦੀ ਇਥੋਂ ਇਕ ਮਹਿਲਾ ਉਮੀਦਵਾਰ ਜੀਓਰਜੀਆ ਡੈਂਸੇ ਸੀ, ਜੋ ਕਿ 4344 ਵੋਟਾਂ ਲੈ ਸਕੀ। ਐਕਟ ਪਾਰਟੀ ਦੇ ਮੈਕ ਡੋਵਾਲ 1462 ਵੋਟਾਂ ਲੈ ਕੇ ਤੀਜੇ ਨੰਬਰ ਉਤੇ ਰਹੇ ਅਤੇ ਗੌਰਵ ਸ਼ਰਮਾ 1156 ਵੋਟਾਂ ਲੈ ਕੇ ਚੌਥੇ ਨੰਬਰ ਉਤੇ ਰਹੇ।

ਨੈਸ਼ਨਲ ਪਾਰਟੀ ਨੇਤਾ ਕ੍ਰਿਸਟੋਫਰ ਲਕਸ਼ਨ ਨੇ ਖੁਦ ਜਾ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਹੈ ਅਤੇ ਰਾਜਨੀਤਕ ਗਲਿਆਰਿਆਂ ਦੇ ਵਿਚ ਇਹ ਜਿੱਤ ਆਉਣ ਵਾਲੀਆਂ ਜਨਰਲ ਚੋਣਾਂ ਦੇ ਲਈ ਸੰਕੇਤਕ ਰੂਪ ਵਿਚ ਵੇਖੀ ਜਾ ਰਹੀ ਹੈ। ਟਾਮਾ ਦੇ ਮਾਤਾ(ਮਾਓਰੀ)-ਪਿਤਾ (ਗੋਰਾ) ਸਕੂਲ ਅਧਿਆਪਕ ਸਨ। ਇਸ ਦੀ ਪੜ੍ਹਾਈ ਹੰਟਲੀ ਵਿਖੇ ਹੋਈ ਹੈ। 1993 ਦੇ ਵਿਚ ਟਾਪ ਮਾਓਰੀ ਸੈਕੰਡਰੀ ਸਕੂਲ ਸਕਾਲਰ ਵੀ ਰਿਹਾ। ਵਿਕਟੋਰੀਆ ਯੂਨੀਵਰਸਿਟੀ ਤੋਂ ਇਸਨੇ ਲਾਅ ਕੀਤਾ ਤੇ ਫਿਰ 5 ਸਾਲ ਬਾਅਦ ਨਿਊਯਾਰਕ ਵੀ ਕੋਲੰਬੀਆ ਯੂਨੀਵਰਸਿਟੀ ਪੜ੍ਹਨ ਗਿਆ। ਪੜ੍ਹਾਈ ਕੀਤੀ ਅਤੇ ਅਟਾਰਨੀ ਬਣਿਆ। ਅੱਜ ਰਾਤ ਨੈਸ਼ਨਲ ਪਾਰਟੀ ਦੇ ਹੋਏ ਸਮਾਗਮ ਵਿਚ ਆਜ਼ਾਦ ਚੋਣ ਲੜ ਰਹੇ ਪਰ ਹਾਰ ਗਏ ਉਮੀਦਵਾਰ ਗੌਰਵ ਸ਼ਰਮਾ ਵੀ ਉਨ੍ਹਾਂ ਨੂੰ ਵਧਾਈ ਦੇਣ ਪਹੁੰਚੇ।

ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਦਿੱਤੀ ਵਧਾਈ: ਸਾਬਕਾ ਸਾਂਸਦ ਸ. ਕੰਵਲਜੀਤ ਸਿੰਘ ਬਖਸ਼ੀ ਹੋਰਾਂ ਨੇ ਹਮਿਲਟਨ ਵੈਸਟ ਤੋਂ ਨੈਸ਼ਨਲ ਪਾਰਟੀ ਦੇ ਉਮੀਦਵਾਰ ਟਾਮਾ ਪੋਟਾਕਾ ਦੀ ਜਿੱਤ ਉਤੇ ਵਧਾਈ ਭੇਜੀ ਹੈ। ਉਨ੍ਹਾਂ ਕਿਹਾ ਕਿ ਟਾਮਾ ਹਮਿਲਟਨ ਵੈਸਟ ਦੇ ਲੋਕਾਂ ਦੀ ਤਾਕਤਵਰ ਆਵਾਜ਼ ਬਨਣਗੇ। ਭਾਰਤੀ ਭਾਈਚਾਰੇ ਦੇ ਨਾਲ ਤਾਲਮੇਲ ਦੇ ਲਈ ਸ. ਬਖਸ਼ੀ ਨੇ ਚੋਣ ਪ੍ਰਚਾਰ ਦੌਰਾਨ ਉਨਾਂ ਦਾ ਕਾਫੀ ਸਾਥ ਦਿੱਤਾ ਸੀ। ਪਿਛਲੇ ਹਫਤੇ ਟਾਮਾ ਟੋਪਾਕਾ ਹਮਿਲਟਨ ਦੇ ਗੁਰਦੁਆਰਾ ਸਾਹਿਬ ਵੀ ਸ. ਬਖਸ਼ੀ ਦੇ ਨਾਲ ਗਏ ਸਨ।