ਗੁਰੂ ਘਰ ਦੀ ਫੇਰੀ ਦੌਰਾਨ ਸਭ ਦੀ ਮਦਦ ਲਈ ਤਿਆਰ ਰਹਿਣ ਵਾਲੀ ਸਿੱਖ ਸੰਗਤ ਤੋਂ ਬਹੁਤ ਪ੍ਰਭਾਵਿਤ ਹੋਏ ਕਿੰਗ ਚਾਰਲਸ
ਕਿੰਗ ਚਾਰਲਸ ਤੀਜੇ ਨੇ ਗੁਰੂ ਘਰ ਵਿਚ ਸੰਗਤ ਨਾਲ ਬੈਠ ਕੇ ਸਰਵਣ ਕੀਤਾ ਕੀਰਤਨ
ਲੰਡਨ: ਬ੍ਰਿਟੇਨ ਦੇ ਰਾਜਾ ਚਾਰਲਸ III ਸੋਮਵਾਰ ਨੂੰ ਇੰਗਲੈਂਡ ਵਿਖੇ ਬਣੇ ਨਵੇਂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ। ਕਿੰਗ ਚਾਰਲਸ ਦੀ ਗੁਰੂ ਘਰ 'ਚ ਇਸ ਫੇਰੀ ਨੂੰ ਇਤਿਹਾਸਕ ਅਤੇ ਬਹੁਤ ਹੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਬਰਤਾਨਵੀ ਰਾਜੇ ਨੇ ਫਰਸ਼ 'ਤੇ ਬੈਠ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਸਰਵਣ ਕੀਤਾ। ਇਹ ਵੀ ਪਹਿਲੀ ਵਾਰ ਸੀ ਕਿ ਕੋਈ ਅੰਗਰੇਜ਼ ਰਾਜ ਦਾ ਮੁਖੀ ਲਾਈਵ ਕੀਰਤਨ ਸੁਣਦਾ ਹੋਇਆ ਅੰਦਰ ਚਲਿਆ ਗਿਆ ਹੋਵੇ।
Gurch Randhawa with King Charles III at gurdwara Sahib, luton
ਦੱਸ ਦੇਈਏ ਕਿ ਇਸ ਫੇਰੀ ਦੌਰਾਨ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਦਾ ਉਦਘਾਟਨ ਕੀਤਾ ਅਤੇ ਸੰਗਤਾਂ, ਵਲੰਟੀਅਰਾਂ ਅਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਹ ਗੁਰਦੁਆਰਾ ਸਾਹਿਬ ਬੈੱਡਫੋਰਡਸ਼ਾਇਰ ਦੇ ਪੂਰਬੀ ਇੰਗਲੈਂਡ ਖੇਤਰ ਵਿੱਚ ਲੁਟਨ ਵਿੱਚ ਸਥਿਤ ਹੈ।
ਬੈੱਡਫੋਰਡਸ਼ਾਇਰ ਦੇ ਡਿਪਟੀ ਲੈਫਟੀਨੈਂਟ ਗੁਰਚ ਰੰਧਾਵਾ ਨੇ ਸੰਗਤ ਦੇ ਰੂਪ ਵਿਚ ਕਿੰਗ ਚਾਰਲਸ ਦੀ ਫੇਰੀ ਦੀ ਮੇਜ਼ਬਾਨੀ ਕੀਤੀ ਸੀ, ਇਸ ਮੌਕੇ ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਕਿਸੇ ਰਾਜੇ ਵਲੋਂ ਸੰਗਤ ਨਾਲ ਬੈਠ ਕੇ ਗੁਰੂ ਸਾਹਿਬ ਦੀ ਹਜ਼ੂਰੀ ਵਿਚ ਹਾਜ਼ਰੀ ਭਰਨਾ ਬਹੁਤ ਵਧੀਆ ਹੈ। ਉਨ੍ਹਾਂ ਕਿਹਾ ਕਿ ਜਦੋਂ ਚਾਰਲਸ ਰਾਜਕੁਮਾਰ ਸਨ ਤਾਂ ਹੋ ਸਕਦਾ ਹੈ ਕਿ ਇਸ ਤਰ੍ਹਾਂ ਉਹ ਹੇਠਾਂ ਬੈਠੇ ਹੋਣ ਪਰ ਇੱਕ ਰਾਜੇ ਵਲੋਂ ਅਜਿਹਾ ਕਰਨਾ ਬਹੁਤ ਹੀ ਵੱਖਰਾ ਹੁੰਦਾ ਹੈ। ਇਸ ਤੋਂ ਵੱਧ ਸਿੱਖ ਧਰਮ ਦਾ ਸਤਿਕਾਰ ਨਹੀਂ ਹੋ ਸਕਦਾ।
ਅੱਗੇ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਮਰਹੂਮ ਮਹਾਰਾਣੀ ਆਪਣੇ ਬਹੁਤ ਸਾਰੇ ਦੌਰਿਆਂ ਦੌਰਾਨ ਗੁਰਦੁਆਰਾ ਸਾਹਿਬਾਨਾਂ ਦਾ ਹਮੇਸ਼ਾ ਸਤਿਕਾਰ ਕਰਦੇ ਸਨ ਪਰ ਜਿੱਥੋਂ ਤੱਕ ਮੈਂ ਜਾਣਦਾ ਹਾਂ, ਆਪਣੇ ਲੰਬੇ ਰਾਜ ਵਿੱਚ ਕਦੇ ਵੀ ਫਰਸ਼ 'ਤੇ ਨਹੀਂ ਬੈਠੇ ਸਨ। ਇਸ ਵਾਰ ਦੀ ਇਹ ਸਾਰੀ ਸ਼ਾਹੀ ਯਾਤਰਾ ਵਿਲੱਖਣ ਸੀ। ਕਿੰਗ ਚਾਰਲਸ ਨੇ ਸੰਗਤ ਨਾਲ ਬੈਠ ਕੇ ਕੀਰਤਨ ਸਰਵਣ ਕੀਤਾ ਅਤੇ ਗੁਰਦੁਆਰਾ ਸਾਹਿਬ ਵਿਖੇ ਬਣ ਰਹੇ ਲੰਗਰ ਬਾਰੇ ਵੀ ਜਾਣਕਾਰੀ ਲਈ। ਉਨ੍ਹਾਂ ਸ਼ਰਧਾਲੂਆਂ ਲਈ ਪ੍ਰਸ਼ਾਦਾ ਤਿਆਰ ਕਰਨ ਵਾਲੀਆਂ ਸੰਗਤਾਂ ਨਾਲ ਵੀ ਗੱਲਬਾਤ ਕੀਤੀ। ਅਜਿਹਾ ਪਹਿਲੀ ਵਾਰ ਹੋਇਆ ਹੈ ਜੋ ਕਿ ਇਤਿਹਾਸਕ ਸੀ।
ਰੰਧਾਵਾ ਨੇ ਅੱਗੇ ਦੱਸਿਆ ਕਿ ਜਦੋਂ ਕਿੰਗ ਚਾਰਲਸ ਅੰਦਰ ਗਏ ਤਾਂ ਕਿਸੇ ਤਰ੍ਹਾਂ ਦਾ ਵੀ ਵੱਖਰਾ ਵਰਤਾਰਾ ਨਹੀਂ ਕੀਤਾ ਗਿਆ ਅਤੇ ਨਾ ਹੀ ਸੰਗਤ ਨੂੰ ਸੇਵਾ ਕਰਨ ਤੋਂ ਰੋਕਿਆ ਗਿਆ। ਕਿੰਗ ਚਾਰਲਸ ਵੀ ਸੰਗਤ ਵਾਂਗ ਹੀ ਗੁਰੂ ਘਰ ਵਿਚ ਦਾਖਲ ਹੋਏ ਅਤੇ ਸੰਗਤ ਦੇ ਨਾਲ ਹੀ ਬੈਠੇ ਰਹੇ।
ਉਨ੍ਹਾਂ ਦੱਸਿਆ ਕਿ ਕਿੰਗ ਚਾਰਲਸ ਜਦੋਂ ਗੁਰੂ ਘਰ ਅੰਦਰ ਦਾਖਲ ਹੋਏ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੋਵੇਂ ਹੱਥ ਜੋੜ ਕੇ ਨਤਮਸਤਕ ਹੋਏ। ਰੰਧਾਵਾ ਨੇ ਕਿਹਾ ਕਿ ਇੰਗਲੈਂਡ ਵਿਚ ਗੁਰੂ ਘਰ ਜਾ ਕੇ ਰਾਜੇ ਦਾ ਇਸ ਤਰ੍ਹਾਂ ਪ੍ਰਾਥਨਾ ਲਈ ਬੈਠਣਾ ਮੇਰੇ ਲਈ ਬਹੁਤ ਹੈਰਾਨੀਜਨਕ ਅਤੇ ਮਹੱਤਵਪੂਰਨ ਵੀ ਹੈ।
ਕਿੰਗ ਚਾਰਲਸ ਦੀ ਫੇਰੀ ਦੀਆਂ ਤਸਵੀਰਾਂ ਉਨ੍ਹਾਂ ਦੇ ਅਧਿਕਾਰਕ ਸੋਸ਼ਲ ਮੀਡੀਆ ਖਾਤਿਆਂ 'ਤੇ ਵੀ ਸਾਂਝੀਆਂ ਕੀਤੀਆਂ ਗਈਆਂ, ਜਿਸ ਦੇ ਸਿਰਲੇਖ ਹੇਠਾਂ ਲਿਖਿਆ ਸੀ ਕਿ, ਨਵੇਂ ਬਣੇ ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ, ਕਿੰਗ ਕਾਰਚਲ ਨੇ ਲੰਗਰ ਹਾਲ ਚਲਾਉਣ ਵਾਲੇ ਵਲੰਟੀਅਰਾਂ ਨਾਲ ਮੁਲਾਕਾਤ ਕੀਤੀ। ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿਚ ਹਫ਼ਤੇ ਵਿਚ 7 ਦਿਨ, ਸਾਲ ਵਿਚ 365 ਦਿਨ ਸ਼ਾਕਾਹਾਰੀ ਗਰਮ ਭੋਜਨ ਵਰਤਾਇਆ ਜਾਂਦਾ ਹੈ।
ਇਸ 'ਚ ਅੱਗੇ ਲਿਖਿਆ ਗਿਆ ਕਿ ਮਹਾਂਮਾਰੀ ਦੇ ਦੌਰਾਨ, ਗੁਰਦੁਆਰਾ ਸਾਹਿਬ ਨੇ ਇੱਕ ਅਸਥਾਈ ਕੋਵਿਡ ਵੈਕਸੀਨ ਕਲੀਨਿਕ ਵੀ ਚਲਾਇਆ, ਜੋ ਕਿ ਯੂਕੇ ਵਿੱਚ ਆਪਣੀ ਕਿਸਮ ਦਾ ਪਹਿਲਾ ਕਲੀਨਿਕ ਸੀ। ਗੁਰਦੁਆਰਾ ਸਾਹਿਬ ਨੇ ਵੈਕਸੀਨ ਦੀ ਹਿਚਕਚਾਹਟ ਬਾਰੇ ਗਲਤ ਜਾਣਕਾਰੀ ਨਾਲ ਨਜਿੱਠਣ ਲਈ ਹੋਰ ਧਾਰਮਿਕ ਸਥਾਨਾਂ ਨੂੰ ਉਤਸ਼ਾਹਿਤ ਕੀਤਾ।"
ਲੁਟਨ ਸਥਿਤ ਨਵੇਂ ਬਣੇ ਸ੍ਰੀ ਗੁਰੂ ਨਾਨਕ ਗੁਰਦੁਆਰਾ ਸਾਹਿਬ ਨੂੰ ਦਸੰਬਰ 2021 ਖੋਲ੍ਹਿਆ ਗਿਆ ਸੀ ਅਤੇ ਇਸ ਨੂੰ ਸਥਾਨਕ ਸੰਗਤਾਂ ਵਲੋਂ ਕੀਤੇ ਦਾਨ ਦੇ ਸਹਿਯੋਗ ਨਾਲ ਬਣਾਇਆ ਗਿਆ ਸੀ। ਗੁਰੂ ਘਰ ਬਣਨ ਤੋਂ ਪਹਿਲਾਂ ਇਸ ਜਗ੍ਹਾ 'ਤੇ ਸਕੂਲ ਹੁੰਦਾ ਸੀ। 500 ਦੇ ਕਰੀਬ ਸੰਗਤ ਨਾਲ ਦਰਬਾਰ ਸਾਹਿਬ ਵਿੱਚ ਇਕੱਠੇ ਬੈਠ ਕੇ ਕਿੰਗ ਚਾਰਲਸ ਵਲੋਂ ਕੀਰਤਨ ਸਰਵਣ ਕਰਨਾ ਬਹੁਤ ਹੀ ਅਦਭੁਤ ਸੀ। ਕਿੰਗ ਚਾਰਲਸ ਦਾ ਇਹ ਰਵਈਆ ਨਿਮਰਤਾ ਦਾ ਪ੍ਰਤੀਕ ਹੈ ਜਿਸ ਨੇ ਸੰਗਤ ਵਿਚ ਵੀ ਵਿਸ਼ਵਾਸ ਵਧਾਇਆ। ਅਜਿਹਾ ਕਰ ਕੇ ਉਨ੍ਹਾਂ ਨੇ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਖ-ਵੱਖ ਧਰਮਾਂ ਦੇ ਹਮਦਰਦ ਹਨ।
ਦੱਸ ਦੇਈਏ ਕਿ ਕਿੰਗ ਚਾਰਲਸ ਨੇ ਗੁਰੂ ਘਰ ਵਿਚ ਕਰੀਬ ਇੱਕ ਘੰਟਾ ਬਿਤਾਇਆ ਜਿਥੇ ਉਹ ਸੰਗਤ ਨੂੰ ਮਿਲੇ, ਲੰਗਰ ਦੀ ਸੇਵਾ ਕਰਨ ਵਾਲੀ ਸੰਗਤ ਦੇ ਵੀ ਰੂ-ਬ-ਰੂ ਹੋਏ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬੀ ਅਤੇ ਵੱਖ-ਵੱਖ ਸੰਗੀਤਕ ਸਾਜ਼ ਸਿੱਖ ਰਹੇ ਬੱਚਿਆਂ ਨਾਲ ਵੀ ਰਾਬਤਾ ਕੀਤਾ। ਗੁਰਚ ਰੰਧਾਵਾ ਨੇ ਦੱਸਿਆ ਕਿ ਆਪਣੀ ਇਸ ਇਤਿਹਾਸਕ ਫੇਰੀ ਦੌਰਾਨ ਕਿੰਗ ਚਾਰਲਸ ਲੰਗਰ ਛਕ ਰਹੀ ਸੰਗਤ ਦੇ ਵੀ ਰੂ-ਬ-ਰੂ ਹੋਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।
ਕਿੰਗ ਚਲਸ ਨੇ ਸੰਗਤ ਨੂੰ ਕਿਹਾ,'' ਹੈਲੋ, ਮੈਨੂੰ ਉਮੀਦ ਹੈ ਕਿ ਮੈਂ ਤੁਹਾਡੇ ਖਾਣੇ ਵਿਚ ਕੋਈ ਵਿਘਨ ਨਹੀਂ ਪਾਇਆ ਹੋਵੇਗਾ ਅਤੇ ਤੁਹਾਨੂੰ ਪ੍ਰੇਸ਼ਾਨ ਨਹੀਂ ਕੀਤਾ ਹੋਣਾ।'' ਇਸ ਤੋਂ ਇਲਾਵਾ ਕਿੰਗ ਚਾਰਲਸ ਨੇ ਬੱਚਿਆਂ ਵਲੋਂ ਵਜਾਏ ਜਾ ਰਹੇ ਸਾਜ਼ਾਂ ਵਿਚ ਵੀ ਦਿਲਚਸਪੀ ਦਿਖਾਈ ਅਤੇ ਉਨ੍ਹਾਂ ਨੂੰ ਇੱਕ ਸਾਜ਼ ਵਜਾਉਣ ਲਈ ਕਿਹਾ।
ਉਨ੍ਹਾਂ ਦਾ ਰਵਈਆ ਬਹੁਤ ਹੀ ਨਿਮਰ ਸੀ। ਰੰਧਾਵਾ ਨੇ ਦੱਸਿਆ ਕਿ ਇਸ ਫੇਰੀ ਦੌਰਾਨ ਕਿੰਗ ਚਾਰਲਸ ਨੇ ਸਿੱਖੀ ਬਾਰੇ ਵੀ ਬਹੁਤ ਸਵਾਲ ਪੁੱਛੇ। ਉਹ ਸਾਰੇ ਭਾਈਚਾਰਕ ਪ੍ਰੋਜੈਕਟਾਂ ਵਿਚ ਸੱਚਮੁੱਚ ਦਿਲਚਸਪੀ ਲੈ ਰਹੇ ਸਨ ਅਤੇ ਇਹ ਜਾਨਣ ਲਈ ਉਤਸੁਕ ਸਨ ਕਿ ਅਸੀਂ ਲੋਕਾਂ ਦੀ ਮਦਦ ਲਈ ਐਨੇ ਉਤਸ਼ਾਹਿਤ ਕਿਉਂ ਹੁੰਦੇ ਹਾਂ। ਰੰਧਾਵਾ ਨੇ ਦੱਸਿਆ ਕਿ ਕਿੰਗ ਚਾਰਲਸ ਦੇ ਸਾਰੇ ਸਵਾਲਾਂ ਬਾਰੇ ਉਨ੍ਹਾਂ ਨੂੰ ਸਿੱਖ ਸਿਧਾਂਤਾਂ ਦੀ ਤਫ਼ਸੀਲ ਵੀ ਦਿਤੀ ਗਈ। ਦੱਸ ਦੇਈਏ ਕਿ ਗੁਰਦੁਆਰਾ ਸਾਹਿਬ ਦਾ ਦੌਰਾ ਬੈਡਫੋਰਡਸ਼ਾਇਰ ਦੇ ਪੂਰਬੀ ਇੰਗਲੈਂਡ ਖੇਤਰ ਵਿੱਚ ਰਾਜੇ ਦੇ ਰੂਪ ਵਿੱਚ ਕਿੰਗ ਚਾਰਲਸ ਤੀਜੇ ਦੇ ਪਹਿਲੇ ਦੌਰੇ ਦਾ ਇੱਕ ਹਿੱਸਾ ਸੀ।