Tennessee storm: ਅਮਰੀਕਾ ਦੇ ਟੈਨੇਸੀ 'ਚ ਭਿਆਨਕ ਤੂਫ਼ਾਨ, 6 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

20 ਤੋਂ ਵਧੇਰੇ ਜ਼ਖਮੀ ਹਸਪਤਾਲ ਵਿਚ ਭਰਤੀ 

File Photo

Tennessee storm: ਅਮਰੀਕਾ ਦੇ ਸੈਂਟਰਲ ਟੈਨੇਸੀ 'ਚ ਸ਼ਨੀਵਾਰ ਨੂੰ ਭਿਆਨਕ ਤੂਫ਼ਾਨ ਆਇਆ। ਜਿਸ ਵਿਚ 6 ਲੋਕਾਂ ਦੀ ਮੌਤ ਹੋ ਗਈ ਅਤੇ 20 ਤੋਂ ਵੱਧ ਜ਼ਖਮੀ ਹੋ ਗਏ। ਤੂਫ਼ਾਨ ਕਾਰਨ ਕਈ ਸ਼ਹਿਰਾਂ 'ਚ ਘਰਾਂ ਅਤੇ ਦੁਕਾਨਾਂ ਨੂੰ ਨੁਕਸਾਨ ਪਹੁੰਚਿਆ। ਮੋਂਟਗੋਮਰੀ ਕਾਉਂਟੀ ਦੇ ਅਧਿਕਾਰੀਆਂ ਨੇ ਇੱਕ ਨਿਊਜ਼ ਰੀਲੀਜ਼ ਵਿਚ ਕਿਹਾ ਕਿ ਕਾਉਂਟੀ ਵਿਚ ਤੂਫ਼ਾਨ ਆਉਣ ਤੋਂ ਬਾਅਦ ਇੱਕ ਬੱਚੇ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ।

ਨੈਸ਼ਵਿਲ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਕਿਹਾ ਕਿ ਤੇਜ਼ ਤੂਫ਼ਾਨ ਕਾਰਨ ਉਥੇ ਤਿੰਨ ਲੋਕਾਂ ਦੀ ਮੌਤ ਹੋ ਗਈ। ਮੋਂਟਗੋਮਰੀ ਕਾਉਂਟੀ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੋਰ 23 ਜ਼ਖਮੀਆਂ ਦਾ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ।  ਸੋਸ਼ਲ ਮੀਡੀਆ 'ਤੇ ਪੋਸਟ ਹੋਈਆਂ ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਘਰ ਅਤੇ ਇੱਕ ਟਰੈਕਟਰ ਟ੍ਰੇਲਰ ਹਾਈਵੇਅ 'ਤੇ ਪਲਟਿਆ ਹੋਇਆ ਹੈ। 

ਕਲਾਰਕਸਵਿਲੇ ਦੇ ਮੇਅਰ ਜੋ ਪਿਟਸ ਨੇ ਇੱਕ ਬਿਆਨ ਵਿੱਚ ਕਿਹਾ, “ਇਹ ਦੁਖਦਾਈ ਖ਼ਬਰ ਹੈ ਅਤੇ ਸਾਡੀ ਹਮਦਰਦੀ ਉਨ੍ਹਾਂ ਲੋਕਾਂ ਦੇ ਪਰਿਵਾਰਾਂ ਨਾਲ ਹੈ ਜਿਨ੍ਹਾਂ ਨੇ ਤਬਾਹੀ ਵਿਚ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ ਹੈ। ਅਸੀਂ ਉਨ੍ਹਾਂ ਦੇ ਦੁੱਖ ਦੀ ਘੜੀ ਵਿਚ ਉਨ੍ਹਾਂ ਦੀ ਮਦਦ ਕਰਨ ਲਈ ਤਿਆਰ ਹਾਂ।''