New Zealand ਦੇ ਟੌਰੰਗਾ ਸ਼ਹਿਰ ’ਚ ਫਿਰ ਰੋਕਿਆ ਗਿਆ ਨਗਰ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਕੀਰਤਨ ਨੂੰ ਦਿਖਾਏ ਗਏ ਬੈਨਰ

Nagar Kirtan stopped again in Tauranga city of New Zealand

ਟੌਰੰਗਾ : ਨਿਊਜ਼ੀਲੈਂਡ ਦੇ ਟੌਰੰਗਾ ਸ਼ਹਿਰ ਵਿਚ ਫ਼ਿਰ ਤੋਂ ਨਗਰ ਕੀਰਤਨ ਨੂੰ ਰੋਕੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਨਗਰ ਕੀਰਤਨ ਨੂੰ ਰੋਕੇ ਜਾਣ ਦੀ ਘਟਨਾ ਸਮੇਂ ਪ੍ਰਦਰਸ਼ਨਕਾਰੀਆਂ ਵੱਲੋਂ ਬੈਨਰ ਦਿਖਾਏ ਗਏ, ਜਿਨ੍ਹਾਂ ’ਤੇ ਲਿਖਿਆ ਹੋਇਆ ਸੀ ‘ਦਿਸ ਇਜ਼ ਨਿਊਜ਼ੀਲੈਂਡ ਨੌਟ ਇੰਡੀਆ’। ਨਗਰ ਕੀਰਤਨ ਨੂੰ ਰੋਕੇ ਜਾਣ ਦੀ ਘਟਨਾ ਤੋਂ ਬਾਅਦ ਸਿੱਖ ਭਾਈਚਾਰੇ ਵੀ ਕਾਫ਼ੀ ਰੋਸ ਪਾਇਆ ਜਾ ਰਿਹਾ ਹੈ। 
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 21 ਦਸੰਬਰ 2025 ਨੂੰ ਨਿਊਜ਼ੀਲੈਂਡ ਵਿੱਚ ਦੱਖਣੀ ਆਕਲੈਂਡ ਦੇ ਮਨੂਰੇਵਾ ਵਿੱਚ ਸਿੱਖ ਭਾਈਚਾਰੇ ਵੱਲੋਂ ਸਜਾਏ ਨਗਰ ਕੀਰਤਨ ਨੂੰ ਸਥਾਨਕ ਮਾਓਰੀ ਭਾਈਚਾਰੇ ਦੇ ਇੱਕ ਗਰੁੱਪ ਨੇ ਰਸਤੇ ’ਚ ਰੋਕ ਦਿੱਤਾ। ਨਗਰ ਕੀਰਤਨ ਜਦੋਂ ਗੁਰਦੁਆਰੇ ਵਾਪਸ ਜਾ ਰਿਹਾ ਸੀ ਤਾਂ ਕੁਝ ਲੋਕਾਂ ਨੇ ਰਸਤਾ ਰੋਕ ਕੇ ਵਿਰੋਧ ਕੀਤਾ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਕਾਬੂ ਹੇਠ ਕੀਤੀ। ਘਟਨਾ ਦੌਰਾਨ ਸਿੱਖ ਭਾਈਚਾਰੇ ਦੇ ਲੋਕ ਸ਼ਾਂਤ ਰਹੇ। ਕੁਝ ਸਮੇਂ ਬਾਅਦ ਪ੍ਰਦਰਸ਼ਨਕਾਰੀ ਰਾਹ ’ਚੋਂ ਪਾਸੇ ਹੋ ਗਏ ਤੇ ਨਗਰ ਕੀਰਤਨ ਗੁਰਦੁਆਰੇ ਵੱਲ ਰਵਾਨਾ ਹੋ ਗਿਆ।
ਸਿੱਖ ਆਗੂਆਂ ਨੇ ਨਿਊਜ਼ੀਲੈਂਡ ’ਚ ਨਗਰ ਕੀਰਤਨ ਰੋਕਣ ਦੀ ਘਟਨਾ ਦੀ ਨਿਖੇਧੀ ਕੀਤੀ ਅਤੇ ਇਸ ਨੂੰ ਸਮਾਜਿਕ ਤੇ ਭਾਈਚਾਰਕ ਏਕਤਾ ਲਈ ਖ਼ਤਰਾ ਕਰਾਰ ਦਿੱਤਾ ਹੈ। ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਨਿਊਜ਼ੀਲੈਂਡ ਅਤੇ ਭਾਰਤ ਸਰਕਾਰ ਨੂੰ ਅਪੀਲ ਕੀਤੀ ਕਿ ਸਿੱਖ ਭਾਈਚਾਰੇ ਲਈ ਰਵਾਇਤੀ ਤਿਉਹਾਰ ਮਨਾਉਣ ਲਈ ਸੁਰੱਖਿਅਤ ਤੇ ਸਾਜ਼ਗਾਰ ਮਾਹੌਲ ਯਕੀਨੀ ਬਣਾਇਆ ਜਾਵੇ। ਉਨ੍ਹਾਂ ਘਟਨਾ ਨੂੰ ਸਿੱਖ ਭਾਈਚਾਰੇ, ਸਮਾਜਿਕ ਤੇ ਫ਼ਿਰਕੂ ਏਕਤਾ ਲਈ ਚੁਣੌਤੀ ਕਰਾਰ ਦਿੱਤਾ।  ਉਨ੍ਹਾਂ ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਕ੍ਰਿਸਟੋਫਰ ਲਕਸਨ, ਵਿਦੇਸ਼ ਮੰਤਰੀ ਵਿੰਸਟਨ ਪੀਟਰਸ, ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਮਾਮਲੇ ਦਾ ਨੋਟਿਸ ਲੈਣ ਦੀ ਅਪੀਲ ਵੀ ਕੀਤੀ ਸੀ ।