ਗਲਵਾਨ ਝੜਪ:ਚੀਨੀ ਚੁਪੀ ਤੋਂ ਉਠਿਆ ਪਰਦਾ,ਰੂਸੀ ਸਮਾਚਾਰ ਏਜੰਸੀ ਮੁਤਾਬਕ 45 ਸੈਨਿਕਾਂ ਦੀ ਹੋਈ ਸੀ ਮੌਤ  

ਏਜੰਸੀ

ਖ਼ਬਰਾਂ, ਕੌਮਾਂਤਰੀ

ਅਮਰੀਕੀ ਅਤੇ ਭਾਰਤੀ ਖੁਫੀਆ ਏਜੰਸੀਆਂ ਦੇ ਘੱਟੋ-ਘੱਟ 40 ਸੈਨਿਕ ਮਾਰੇ ਜਾਣ ਦਾ ਕੀਤਾ ਸੀ ਦਾਅਵਾ

Chinese army

ਮਾਸਕੋ : ਪਿਛਲੇ ਸਾਲ 15 ਜੂਨ ਗਲਵਾਨ ਘਾਟੀ ਵਿਚ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਹੋਈ ਝੜਪ ਦੌਰਾਨ ਚੀਨੀ ਸੈਨਿਕਾਂ ਦੇ ਹੋਏ ਜਾਨੀ ਨੁਕਸਾਨ ਤੋਂ ਪਰਦਾ ਉਠਣਾ ਸ਼ੁਰੂ ਹੋ ਗਿਆ ਹੈ। ਭਾਵੇਂ ਚੀਨ ਵਲੋਂ ਇਸ ਝੜਪ ਦੌਰਾਨ ਮਾਰੇ ਗਏ ਆਪਣੇ ਸੈਨਿਕਾਂ ਦੀ ਗਿਣਤੀ ਬਾਰੇ ਅਜੇ ਤਕ ਕੋਈ ਅਧਿਕਾਰਤ ਜਾਣਕਾਰੀ ਜੱਗ ਜਾਹਰ ਨਹੀਂ ਕੀਤੀ ਗਈ ਪਰ ਹੁਣ ਰੂਸ ਦੀ ਇਕ ਸਮਾਚਾਰ ਏਜੰਸੀ ਨੇ ਇਸ ਤੋਂ ਪਰਦਾ ਚੁੱਕਣ ਦਾ ਦਾਅਵਾ ਕੀਤਾ ਹੈ। ਰੂਸੀ ਸਮਾਚਾਰ ਏਜੰਸੀ ਤਾਸ (TASS)  ਮੁਤਾਬਕ ਇਸ ਝੜਪ ਵਿਚ ਘੱਟੋ-ਘੱਟ 45 ਸੈਨਿਕ ਮਾਰੇ ਗਏ ਸਨ। ਇਸ ਝੜਪ ਵਿਚ 20 ਭਾਰਤੀ ਜਵਾਨ ਸ਼ਹੀਦ ਹੋ ਗਏ ਸਨ।

ਲੱਦਾਖ ਵਿਚ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਦੋਹਾਂ ਦੇਸ਼ਾਂ ਨੇ ਕਰੀਬ 50-50 ਹਜ਼ਾਰ ਸੈਨਿਕਾਂ ਨੂੰ ਤਾਇਨਾਤ ਕੀਤਾ ਹੋਇਆ ਹੈ। ਇਸ ਤੋਂ ਪਹਿਲਾਂ ਚੀਨ ਨੇ ਭਾਰਤ ਨਾਲ ਬੈਠਕ ਵਿਚ ਦੱਸਿਆ ਸੀ ਕਿ ਗਲਵਾਨ ਘਾਟੀ ਸੰਘਰਸ਼ ਵਿਚ ਉਸ ਦੇ 5 ਸੈਨਿਕ ਮਾਰੇ ਗਏ ਸਨ। ਇਸ ਵਿਚ ਚੀਨੀ ਸੈਨਾ ਦਾ ਇਕ ਕਮਾਂਡਿੰਗ ਅਫਸਰ ਵੀ ਸ਼ਾਮਲ ਸੀ। ਚੀਨ ਭਾਵੇਂ ਹਾਲੇ ਵੀ 5 ਸੈਨਿਕ ਮਾਰੇ ਜਾਣ ਦੀ ਗੱਲ ਕਰ ਰਿਹਾ ਹੈ ਪਰ ਅਮਰੀਕੀ ਅਤੇ ਭਾਰਤੀ ਖੁਫੀਆ ਏਜੰਸੀਆਂ ਦਾ ਅਨੁਮਾਨ ਹੈ ਕਿ ਘੱਟੋ-ਘੱਟ 40 ਸੈਨਿਕ ਇਸ ਝੜਪ ਵਿਚ ਮਾਰੇ ਗਏ ਸਨ।

ਰੂਸੀ ਸਮਾਚਾਰ ਏਜੰਸੀ ਦਾ ਖੁਲਾਸਾ ਵੀ ਇਸ ਤੱਥ ਦੀ ਪੁਸ਼ਟੀ ਕਰਦਾ ਹੈ। ਇਸੇ ਤਰ੍ਹਾਂ ਭਾਰਤ ਵਿਚ ਵੀ ਮੀਡੀਆ ਰਿਪੋਰਟਾਂ ਮੁਤਾਬਕ ਚੀਨ ਨੂੰ ਭਾਰੀ ਜਾਨੀ ਨੁਕਸਾਨ ਸਹਿਣਾ ਪਿਆ ਸੀ। ਇਸ ਸਮੇਂ ਵੀ ਦੋਵਾਂ ਦੇਸ਼ਾਂ ਦੀਆਂ ਫੌਜਾਂ ਸਰਹੱਦਾਂ ‘ਤੇ ਡਟੀਆਂ ਹੋਈਆਂ ਹਨ। ਕਈ ਥਾਈ ਦੋਵਾਂ ਦੇਸ਼ਾਂ ਦੀਆਂ ਫੌਜਾਂ ਅਜਿਹੇ ਸਖਤ ਹਲਾਤਾਂ ਵਿਚ ਹੀ ਮੋਰਚੇ ਸੰਭਾਲੀ ਬੈਠੀਆਂ ਹਨ ਜਿੱਥੇ ਸਰਦੀਆਂ ਦੇ ਮੌਸਮ ਵਿਚ ਠਹਿਰਣਾ ਵੱਡੀ ਚੁਨੌਤੀ ਮੰਨਿਆ ਜਾਂਦਾ ਹੈ।

ਦੂਜੇ ਪਾਸੇ ਰੂਸੀ ਸਮਾਚਾਰ ਏਜੰਸੀ ਨੇ ਇਹ ਖੁਲਾਸਾ ਅਜਿਹੇ ਸਮੇਂ 'ਤੇ ਕੀਤਾ ਹੈ ਜਦੋਂ ਦੋਵੇਂ ਦੇਸ਼ ਆਪਣੀ ਸੈਨਾ ਨੂੰ ਪੈਗੋਂਗ ਝੀਲ ਤੋਂ ਹਟਾਉਣ 'ਤੇ ਸਹਿਮਤ ਹੋ ਗਏ ਹਨ। ਇਸੇ ਦੌਰਾਨ ਚੀਨ ਵਲੋਂ ਅਰੁਣਾਚਲ ਪ੍ਰਦੇਸ਼ ਵਿਚ ਭਾਰਤੀ ਇਲਾਕੇ ਅੰਦਰ ਪਿੰਡ ਵਸਾ ਲੈਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵਧਣ ਦੀਆਂ ਕਿਆਸ-ਅਰਾਈਆਂ ਵਿਚਕਾਰ ਦੋਵਾਂ ਦੇਸ਼ਾਂ ਵਲੋਂ ਪੈਗੋਂਗ ਝੀਲ ਤੋਂ ਫੌਜ ਹਟਾਉਣ ਦੀ ਸਹਿਮਤੀ ਨੂੰ ਤਣਾਅ ਘਟਣ ਦੀ ਸ਼ੁਰੂਆਤ ਵਜੋਂ ਵੇਖਿਆ ਜਾ ਰਿਹਾ ਹੈ।