ਅਮਰੀਕਾ ਦੇ 6 ਸੰਸਦ ਮੈਂਬਰਾਂ ਨੇ ਅਡਾਨੀ ਵਿਰੁਧ ਮੁਕੱਦਮੇ ਸਬੰਧੀ ਨਵੇਂ ਅਟਾਰਨੀ ਜਨਰਲ ਨੂੰ ਲਿਖਿਆ ਪੱਤਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕਥਿਤ ਰਿਸ਼ਵਤਖੋਰੀ ਘਪਲੇ ਵਿਚ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਵਿਰੁਧ ਮੁਕੱਦਮਾ ਵੀ ਸ਼ਾਮਲ

6 US lawmakers write letter to new Attorney General regarding Adani case

ਵਾਸ਼ਿੰਗਟਨ : ਅਮਰੀਕਾ ਦੇ 6 ਸੰਸਦ ਮੈਂਬਰਾਂ ਨੇ ਨਵੇਂ ਨਿਯੁਕਤ ਅਟਾਰਨੀ ਜਨਰਲ ਨੂੰ ਅਮਰੀਕੀ ਨਿਆਂ ਵਿਭਾਗ (ਡੀਓਜੇ) ਵਲੋਂ ਲਏ ਗਏ ‘ਸ਼ੱਕੀ’ ਫ਼ੈਸਲਿਆਂ ਵਿਰੁਧ ਇਕ ਪੱਤਰ ਲਿਖਿਆ ਹੈ। ਇਨ੍ਹਾਂ ਵਿਚ ਕਥਿਤ ਰਿਸ਼ਵਤਖੋਰੀ ਘਪਲੇ ਵਿਚ ਉਦਯੋਗਪਤੀ ਗੌਤਮ ਅਡਾਨੀ ਦੇ ਸਮੂਹ ਵਿਰੁਧ ਮੁਕੱਦਮਾ ਵੀ ਸ਼ਾਮਲ ਹੈ। ਪੱਤਰ ਵਿਚ, ਸੰਸਦ ਮੈਂਬਰਾਂ ਨੇ ਚਿੰਤਾ ਜ਼ਾਹਰ ਕੀਤੀ ਕਿ ਇਸ ਨਾਲ ਨਜ਼ਦੀਕੀ ਸਹਿਯੋਗੀ ਭਾਰਤ ਨਾਲ ਸਬੰਧ ਖ਼ਤਰੇ ਵਿਚ ਪੈ ਸਕਦੇ ਹਨ।

ਲਾਂਸ ਗੁਡੇਨ, ਪੈਟ ਫ਼ੈਲਨ, ਮਾਈਕ ਹੈਰੀਡੋਪੋਲੋਸ, ਬ੍ਰੈਂਡਨ ਗਿੱਲ, ਵਿਲੀਅਮ ਆਰ. ਟਿਮੰਜ਼ ਅਤੇ ਬ੍ਰਾਇਨ ਬਾਬਿਨ ਨੇ 10 ਫ਼ਰਵਰੀ ਨੂੰ ਅਮਰੀਕੀ ਅਟਾਰਨੀ ਜਨਰਲ ਪਾਮੇਲਾ ਬੇਦੀ ਨੂੰ ਇਕ ਪੱਤਰ ਲਿਖਿਆ ਜਿਸ ਵਿਚ ਜੋ. ਬਾਈਡਨ ਪ੍ਰਸ਼ਾਸਨ ਦੇ ਅਧੀਨ ਡੀਓਜੇ ਵਲੋਂ ਲਏ ਗਏ ਕੱੁਝ ਸ਼ੱਕੀ ਫ਼ੈਸਲਿਆਂ ਵਲ ਧਿਆਨ ਖਿਚਿਆ ਗਿਆ। ਅਮਰੀਕੀ ਵਕੀਲਾਂ ਨੇ ਉਦਯੋਗਪਤੀ ਗੌਤਮ ਅਡਾਨੀ ’ਤੇ ਭਾਰਤ ਵਿਚ ਸੂਰਜੀ ਊਰਜਾ ਦੇ ਠੇਕੇ ਪ੍ਰਾਪਤ ਕਰਨ ਲਈ ਅਨੁਕੂਲ ਸ਼ਰਤਾਂ ਦੇ ਬਦਲੇ ਭਾਰਤੀ ਅਧਿਕਾਰੀਆਂ ਨੂੰ 25 ਕਰੋੜ ਡਾਲਰ ਦੀ ਰਿਸ਼ਵਤ ਦੇਣ ਦਾ ਦੋਸ਼ ਲਗਾਇਆ ਹੈ।

ਸਰਕਾਰੀ ਵਕੀਲਾਂ ਨੇ ਦੋਸ਼ ਲਗਾਇਆ ਹੈ ਕਿ ਇਹ ਜਾਣਕਾਰੀ ਅਮਰੀਕੀ ਬੈਂਕਾਂ ਅਤੇ ਨਿਵੇਸ਼ਕਾਂ ਤੋਂ ਲੁਕਾਈ ਗਈ ਸੀ, ਜਿਨ੍ਹਾਂ ਤੋਂ ਅਡਾਨੀ ਸਮੂਹ ਨੇ ਇਸ ਪ੍ਰਾਜੈਕਟ ਲਈ ਅਰਬਾਂ ਡਾਲਰ ਇਕੱਠੇ ਕੀਤੇ ਸਨ। ਅਮਰੀਕੀ ਕਾਨੂੰਨ ਵਿਦੇਸ਼ੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਪੈਰਵੀ ਕਰਨ ਦੀ ਇਜਾਜ਼ਤ ਦਿੰਦਾ ਹੈ, ਬਸ਼ਰਤੇ ਉਨ੍ਹਾਂ ਦਾ ਅਮਰੀਕੀ ਨਿਵੇਸ਼ਕਾਂ ਜਾਂ ਬਾਜ਼ਾਰਾਂ ਨਾਲ ਕੋਈ ਸਬੰਧ ਹੋਵੇ। ਹਾਲਾਂਕਿ, ਅਡਾਨੀ ਗਰੁੱਪ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕੀਤਾ ਹੈ।