ਅਫ਼ਗ਼ਾਨਿਸਤਾਨ ਤੋਂ ਅਮਰੀਕੀ ਫ਼ੌਜ ਦੀ ਵਾਪਸੀ ’ਤੇ ਕੋਈ ਫ਼ੈਸਲਾ ਨਹੀਂ ਹੋਇਆ : ਅਮਰੀਕੀ ਵਿਦੇਸ਼ ਮੰਤਰੀ

ਏਜੰਸੀ

ਖ਼ਬਰਾਂ, ਕੌਮਾਂਤਰੀ

ਪਿਛਲੇ ਸਾਲ ਤਾਲਿਬਾਨ ਤੇ ਅਮਰੀਕਾ ਵਿਚਾਲੇ ਹੋਇਆ ਸੀ ਸਮਝੌਤਾ

US Secretary of State

ਵਾਸ਼ਿੰਗਟਨ : ਅਮਰੀਕਾ ਦੇ ਵਿਦੇਸ਼ ਮੰਤਰੀ ਟੋਨੀ ਬਿਕਨ ਨੇ ਕਿਹਾ ਕਿ ਬਾਈਡਨ ਪ੍ਰਸ਼ਾਸਨ ਮੌਜੂਦਾ ਸਮੇਂ ’ਚ ਅਫ਼ਗ਼ਾਨਿਸਤਾਨ ’ਤੇ ਅਪਣੀ ਨੀਤੀ ਦੀ ਸਮੀਖਿਆ ਕਰ ਰਿਹਾ ਹੈ ਅਤੇ ਯੁੱਧ ਪੀੜਤ ਦੇਸ਼ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ’ਤੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ। ਪਿਛਲੇ ਸਾਲ ਤਾਲਿਬਾਨ ਅਤੇ ਅਮਰੀਕਾ ਵਿਚਾਲੇ ਹੋਏ ਸਮਝੌਤੇ ਤਹਿਤ ਅਮਰੀਕੀ ਫ਼ੌਜੀਆਂ ਦੀ ਵਾਪਸੀ ਲਈ ਇਕ ਮਈ ਦੀ ਸਮੇਂ ਮਿਆਦ ਨਿਰਧਾਰਤ ਕੀਤੀ ਗਈ ਸੀ। 

ਸੰਸਦ ’ਚ ਵਿਦੇਸ਼ ਮਾਮਲਿਆਂ ਦੀ ਕਮੇਟੀ ਦੀ ਸੁਣਵਾਈ ਦੌਰਾਨ ਬਿਕਨ ਨੇ ਕਿਹਾ, ‘‘ਇਕ ਮਈ ਤੋਂ ਪਹਿਲਾਂ ਫ਼ੌਜੀਆਂ ਦੀ ਵਾਪਸੀ ਨੂੰ ਲੈ ਕੇ ਹਾਲੇ ਕੋਈ ਫ਼ੈਸਲਾ ਨਹੀਂ ਕੀਤਾ ਗਿਆ ਹੈ, ਪਰ ਅਸੀਂ ਇਸ ਦੀ ਸਮੀਖਿਆ ਕਰ ਰਹੇ ਹਾਂ। ਦੋਨਾਂ ਪੱਖਾਂ ਵਿਚਕਾਰ ਵਿਚੋਲਗੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਅਫ਼ਗ਼ਾਨਿਸਤਾਨ ’ਚ ਟਿਕਾਉ ਸ਼ਾਂਤੀ ਲਈ ਸਮਝੌਤਾ ਕੀਤਾ ਜਾਵੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਸਾਰੇ ਪੱਖਾਂ ਨਾਲ ਗੱਲ ਕਰ ਰਹੇ ਹਾਂ। ਅਸੀਂ ਸੰਯੁਕਤ ਰਾਸ਼ਟਰ ਨਾਲ ਵੀ ਗੱਲ ਕਰ ਰਹੇ ਹਾਂ ਤਾਕਿ ਕੋਈ ਹੱਲ ਨਿਕਲੇ।’’ 

ਅਫ਼ਗ਼ਾਨਿਸਤਾਨ ਲਈ ਅਮਰੀਕਾ ਦੇ ਵਿਸ਼ੇਸ਼ ਸਫ਼ੀਰ ਜਲਮੇਅ ਖ਼ਲੀਲਜਾਦ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨਾਲ ਐਤਵਾਰ ਨੂੰ ਗੱਲ ਕੀਤੀ ਸੀ ਅਤੇ ਦੋਨਾਂ ਨੇ ਅਫ਼ਗ਼ਾਨਿਸਤਾਨ ਸ਼ਾਂਤੀ ਵਾਰਤਾ ’ਤੇ ਹਾਲ ਵਿਚ ਹੋਏ ਘਟਨਾਕ੍ਰਮ ਦੀ ਚਰਚਾ ਕੀਤੀ।