ਪਾਕਿਸਤਾਨ 'ਚ ਦਾਖ਼ਲ ਹੋਈ ਭਾਰਤ ਦੀ ਮਿਜ਼ਾਈਲ, ਕੋਰਟ ਆਫ਼ ਇਨਕੁਆਰੀ ਦੇ ਹੁਕਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਭਾਰਤ ਨੇ ਦਿਤਾ ਸਪਸ਼ਟੀਕਰਨ - ਰੁਟੀਨ ਰੱਖ-ਰਖਾਵ ਦੌਰਾਨ ਤਕਨੀਕੀ ਨੁਕਸ ਕਾਰਨ ਦਾਗੀ ਗਈ ਮਿਜ਼ਾਈਲ 

Indian missile enters Pakistan

ਨਵੀਂ ਦਿੱਲੀ : ਇੱਕ ਭਾਰਤੀ ਮਿਜ਼ਾਈਲ ਗ਼ਲਤੀ ਨਾਲ ਪਾਕਿਸਤਾਨੀ ਖੇਤਰ ਵਿੱਚ ਦਾਖ਼ਲ ਹੋ ਗਈ। ਘਟਨਾ 9 ਮਾਰਚ ਸ਼ਾਮ ਦੀ ਹੈ। ਪਾਕਿਸਤਾਨ ਨੇ ਇਸ 'ਤੇ ਭਾਰਤ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਇਸ ਦਾ ਕਾਰਨ ਪੁੱਛਿਆ। ਭਾਰਤ ਨੇ ਸ਼ੁੱਕਰਵਾਰ ਸ਼ਾਮ ਨੂੰ ਇਸ 'ਤੇ ਸਥਿਤੀ ਸਪੱਸ਼ਟ ਕੀਤੀ।

ਭਾਰਤ ਸਰਕਾਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ 9 ਮਾਰਚ ਨੂੰ ਰੁਟੀਨ ਰੱਖ-ਰਖਾਵ ਦੌਰਾਨ ਤਕਨੀਕੀ ਨੁਕਸ ਕਾਰਨ ਇੱਕ ਮਿਜ਼ਾਈਲ ਅਚਾਨਕ ਦਾਗੀ ਗਈ ਸੀ। ਇਸ ਨੂੰ ਗੰਭੀਰਤਾ ਨਾਲ ਲੈਂਦਿਆਂ ਹਾਈ ਲੈਵਲ ਕੋਰਟ ਆਫ਼ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ।

ਵੀਰਵਾਰ ਦੇਰ ਸ਼ਾਮ ਜਦੋਂ ਭਾਰਤ ਵਿੱਚ ਪੰਜ ਰਾਜਾਂ ਦੇ ਚੋਣ ਨਤੀਜਿਆਂ ਦੀ ਹਰ ਪਾਸੇ ਚਰਚਾ ਹੋ ਰਹੀ ਸੀ ਤਾਂ ਪਾਕਿਸਤਾਨੀ ਫ਼ੌਜ ਦੇ ਪਬਲੀਸਿਟੀ ਵਿੰਗ ਆਈਐਸਪੀਆਰ ਦੇ ਡੀਜੀ ਮੇਜਰ ਜਨਰਲ ਬਾਬਰ ਇਫ਼ਤਿਖਾਰ ਇੱਕ ਪ੍ਰੈਸ ਕਾਨਫਰੰਸ ਕਰਕੇ ਭਾਰਤ ਦੀ ਸੁਪਰਸੋਨਿਕ ਮਿਜ਼ਾਈਲ ਦਾ ਜ਼ਿਕਰ ਕਰ ਰਹੇ ਸਨ। ਪਾਕਿਸਤਾਨੀ ਫ਼ੌਜ ਵਲੋਂ ਕਿਹਾ ਗਿਆ ਕਿ 9 ਮਾਰਚ ਦੀ ਸ਼ਾਮ 6.50 ਵਜੇ ਪਾਕਿਸਤਾਨ ਦੇ ਮੀਆਂ ਚੰਨੂ ਇਲਾਕੇ ਵਿੱਚ ਇੱਕ ਤੇਜ਼ ਰਫ਼ਤਾਰ ਉੱਡਣ ਵਾਲੀ ਵਸਤੂ ਡਿੱਗ ਗਈ।

ਕਿਹਾ ਗਿਆ ਕਿ ਇਹ ਫਲਾਈ ਆਬਜੈਕਟ ਭਾਰਤ ਦੇ ਸਿਰਸਾ ਤੋਂ ਲਾਂਚ ਕੀਤਾ ਗਿਆ ਸੀ ਅਤੇ ਇਹ 40 ਹਜ਼ਾਰ ਫੁੱਟ ਦੀ ਉਚਾਈ 'ਤੇ ਸੀ। ਪਾਕਿਸਤਾਨੀ ਹਵਾਈ ਸੈਨਾ ਇਸ 'ਤੇ ਲਗਾਤਾਰ ਨਜ਼ਰ ਰੱਖ ਰਹੀ ਸੀ। ਪਹਿਲਾਂ ਇਸ ਨੂੰ ਰਾਜਸਥਾਨ ਦੇ ਮਹਾਜਨ ਫੀਲਡ ਫਾਇਰਿੰਗ ਰੇਂਜ ਵੱਲ ਜਾਂਦਾ ਦੇਖਿਆ ਗਿਆ ਪਰ ਫਿਰ ਇਹ ਟ੍ਰੈਕ ਬਦਲ ਕੇ ਪਾਕਿਸਤਾਨੀ ਹਵਾਈ ਖੇਤਰ ਵੱਲ ਆ ਗਿਆ।

ਪਾਕਿਸਤਾਨੀ ਫ਼ੌਜ ਨੇ ਕਿਹਾ ਕਿ ਇਹ ਉੱਡਣ ਵਾਲੀ ਵਸਤੂ ਸਰਹੱਦ ਪਾਰ ਕਰਕੇ 124 ਕਿਲੋਮੀਟਰ ਤੱਕ ਪਾਕਿਸਤਾਨ ਦੇ ਅੰਦਰ ਗਈ। ਇਹ ਪਾਕਿਸਤਾਨੀ ਖੇਤਰ ਵਿੱਚ 3 ਮਿੰਟ 44 ਸਕਿੰਟ ਚੱਲਿਆ ਅਤੇ ਫਿਰ ਮੀਆਂ ਚੰਨੂ ਖੇਤਰ ਵਿੱਚ ਡਿੱਗਿਆ। ਉਨ੍ਹਾਂ ਕਿਹਾ ਕਿ ਜਦੋਂ ਤੋਂ ਇਸ ਨੂੰ ਲਾਂਚ ਕੀਤਾ ਗਿਆ ਉਦੋਂ ਤੋਂ ਲੈ ਕੇ ਇਹ ਜ਼ਮੀਨ 'ਤੇ ਡਿੱਗਣ ਤੱਕ ਪਾਕਿਸਤਾਨੀ ਹਵਾਈ ਫ਼ੌਜ ਨੇ ਲਗਾਤਾਰ ਇਸ ਦੀ ਨਿਗਰਾਨੀ ਕੀਤੀ ਅਤੇ ਕਿਹਾ ਕਿ ਅਸੀਂ ਇਸ ਦਾ ਫੋਰੈਂਸਿਕ ਵਿਸ਼ਲੇਸ਼ਣ ਕਰ ਰਹੇ ਹਾਂ।

ਪਾਕਿਸਤਾਨੀ ਫ਼ੌਜ ਵੱਲੋਂ ਇਹ ਵੀ ਕਿਹਾ ਗਿਆ ਸੀ ਕਿ ਇਹ ਸੁਪਰਸੋਨਿਕ ਜ਼ਮੀਨ ਤੋਂ ਜ਼ਮੀਨ ਤੱਕ ਮਾਰ ਕਰਨ ਵਾਲੀ ਮਿਜ਼ਾਈਲ ਹੋ ਸਕਦੀ ਹੈ ਪਰ ਬਾਰੂਦ ਨਹੀਂ ਸੀ। ਪਾਕਿਸਤਾਨ ਦੇ ਪੱਖ ਤੋਂ ਕਿਹਾ ਗਿਆ ਕਿ ਇਸ ਦੇ ਡਿੱਗਣ ਨਾਲ ਕੋਈ ਵੀ ਜਾਣੀ ਨੁਕਸਾਨ ਨਹੀਂ ਹੋਈਆਂ ਹੈ। ਇਹ ਘਟਨਾ ਅਜਿਹੇ ਸਮੇਂ 'ਚ ਵਾਪਰੀ ਹੈ ਜਦੋਂ ਦੋ ਦਿਨ ਪਹਿਲਾਂ ਉੱਥੋਂ ਦੀਆਂ ਵਿਰੋਧੀ ਪਾਰਟੀਆਂ ਨੇ ਨੈਸ਼ਨਲ ਅਸੈਂਬਲੀ 'ਚ ਇਮਰਾਨ ਖਾਨ ਦੀ ਸਰਕਾਰ ਖ਼ਿਲਾਫ਼ ਬੇਭਰੋਸਗੀ ਮਤਾ ਲਿਆਉਣ ਲਈ ਕਿਹਾ ਹੈ।

ਇਸ ਮਾਮਲੇ ਵਿੱਚ ਭਾਰਤ ਵੱਲੋਂ ਬਿਆਨ ਜਾਰੀ ਕਰਨ ਤੋਂ ਪਹਿਲਾਂ ਹੀ ਕਿਆਸਰਾਈਆਂ ਵੀ ਲਾਈਆਂ ਜਾ ਰਹੀਆਂ ਸਨ ਕਿ ਇਮਰਾਨ ਦੀ ਕੁਰਸੀ ਬਚਾਉਣ ਲਈ ਅਜਿਹੀਆਂ ਗੱਲਾਂ ਤਾਂ ਨਹੀਂ ਕੀਤੀਆਂ ਜਾ ਰਹੀਆਂ? ਪ੍ਰੈਸ ਕਾਨਫਰੰਸ ਵਿੱਚ ਜਦੋਂ ਪਾਕਿਸਤਾਨੀ ਪੱਤਰਕਾਰਾਂ ਨੇ ਡੀਜੀ ਆਈਐਸਪੀਆਰ ਤੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਫ਼ੌਜ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਜਿਹਾ ਹੀ ਹੈ ਅਤੇ ਅਜਿਹਾ ਹੀ ਰਹੇਗਾ। ਹਾਲਾਂਕਿ ਪਾਕਿਸਤਾਨ ਦੇ ਲੋਕ ਖੁਦ ਉਨ੍ਹਾਂ ਦੇ ਬਿਆਨ ਦਾ ਮਜ਼ਾਕ ਉਡਾ ਰਹੇ ਹਨ।