ਦੁਨੀਆਂ ਦੇ ਸੱਭ ਤੋਂ ਵੱਡੇ ਹਥਿਆਰ ਆਯਾਤਕਾਂ ਦੀ ਸੂਚੀ ’ਚ ਭਾਰਤ ਸਿਖਰ ’ਤੇ ਕਾਇਮ

ਏਜੰਸੀ

ਖ਼ਬਰਾਂ, ਕੌਮਾਂਤਰੀ

ਰੂਸ ਤੋਂ ਖ਼ਰੀਦੇ ਜਾਂਦੇ ਨੇ ਸਭ ਤੋਂ ਵੱਧ ਹਥਿਆਰ

Representative Image.

ਲੰਡਨ: ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹਥਿਆਰ ਆਯਾਤਕ ਬਣਿਆ ਹੋਇਆ ਹੈ, ਜਿਸ ’ਚ 2014-2018 ਅਤੇ 2019-2023 ਦੇ ਵਿਚਕਾਰ 4.7 ਫ਼ੀ ਸਦੀ ਦਾ ਵਾਧਾ ਹੋਇਆ ਹੈ। ਸਟਾਕਹੋਮ ਇੰਟਰਨੈਸ਼ਨਲ ਪੀਸ ਰੀਸਰਚ ਇੰਸਟੀਚਿਊਟ (ਸਿਪਰੀ) ਨੇ ਸੋਮਵਾਰ ਨੂੰ ਇਕ ਰੀਪੋਰਟ ਵਿਚ ਕਿਹਾ ਕਿ ਰੂਸ ਭਾਰਤ ਦਾ ਮੁੱਖ ਹਥਿਆਰ ਸਪਲਾਈਕਰਤਾ ਬਣਿਆ ਹੋਇਆ ਹੈ। ਸਾਲ 2019-23 ’ਚ ਯੂਰਪੀ ਦੇਸ਼ਾਂ ਦੇ ਹਥਿਆਰਾਂ ਦੇ ਆਯਾਤ ਦਾ ਲਗਭਗ 55 ਫੀ ਸਦੀ ਹਿੱਸਾ ਅਮਰੀਕਾ ਨੇ ਸਪਲਾਈ ਕੀਤਾ ਸੀ। ਸਾਲ 2014-18 ’ਚ ਇਹ 35 ਫੀ ਸਦੀ ਤੋਂ ਜ਼ਿਆਦਾ ਸੀ। 

ਉਨ੍ਹਾਂ ਕਿਹਾ ਕਿ ਭਾਰਤ ਦੁਨੀਆਂ ਦਾ ਸੱਭ ਤੋਂ ਵੱਡਾ ਹਥਿਆਰ ਆਯਾਤ ਕਰਨ ਵਾਲਾ ਦੇਸ਼ ਬਣਿਆ ਹੋਇਆ ਹੈ। ਸਾਲ 2014-18 ਅਤੇ 2019-23 ਦਰਮਿਆਨ ਹਥਿਆਰਾਂ ਦੇ ਆਯਾਤ ’ਚ 4.7 ਫੀ ਸਦੀ ਦਾ ਵਾਧਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰੂਸ 36 ਫੀ ਸਦੀ ਹਥਿਆਰਾਂ ਨਾਲ ਭਾਰਤ ਦਾ ਮੁੱਖ ਹਥਿਆਰ ਸਪਲਾਈਕਰਤਾ ਬਣਿਆ ਹੋਇਆ ਹੈ। 

ਭਾਰਤ ਤੋਂ ਬਾਅਦ ਦੂਜੇ ਨੰਬਰ ’ਤੇ ਸਾਊਦੀ ਅਰਬ ਹਥਿਆਰਾਂ ਦਾ ਸਭ ਤੋਂ ਵੱਡਾ ਆਯਾਤਕ ਹੈ। ਦੁਨੀਆਂ ਦੇ ਕੁਲ ਹਥਿਆਰ ਆਯਾਤ ਦਾ 8.4 ਫ਼ੀਸਦੀ ਸਾਊਦੀ ਅਰਬ ਨੇ ਆਯਾਤ ਕੀਤਾ। ਰੀਪੋਰਟ ਮੁਤਾਬਕ ਪਾਕਿਸਤਾਨ ਨੇ ਹਥਿਆਰਾਂ ਦੇ ਆਯਾਤ ’ਚ 43 ਫੀ ਸਦੀ ਦਾ ਵਾਧਾ ਕੀਤਾ ਹੈ। ਰੀਪੋਰਟ ਵਿਚ ਕਿਹਾ ਗਿਆ ਹੈ ਕਿ ਪਾਕਿਸਤਾਨ 2019-23 ਵਿਚ ਹਥਿਆਰਾਂ ਦਾ ਪੰਜਵਾਂ ਸੱਭ ਤੋਂ ਵੱਡਾ ਆਯਾਤਕ ਸੀ ਅਤੇ ਚੀਨ ਇਸ ਦੇ ਮੁੱਖ ਸਪਲਾਇਰ ਵਜੋਂ ਹੋਰ ਵੀ ਪ੍ਰਭਾਵਸ਼ਾਲੀ ਬਣ ਗਿਆ। ਪਾਕਿਸਤਾਨ ਦੇ ਹਥਿਆਰਾਂ ਦੇ ਆਯਾਤ ਦਾ 82 ਫੀ ਸਦੀ ਹਿੱਸਾ ਚੀਨ ਤੋਂ ਆਉਂਦਾ ਹੈ।