ਕੈਨੇਡਾ ਵਿਚ ਖ਼ਤਮ ਹੋਇਆ ਟਰੂਡੋ ਰਾਜ, ਆਪਣੀ ਕੁਰਸੀ ਲਿਜਾਂਦੇ ਨਜ਼ਰ ਆਏ ਜਸਟਿਨ ਟਰੂਡੋ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਹੁਣ ਮਾਰਕ ਕਾਰਨੀ ਸੰਭਾਲਣਗੇ ਕੈਨੇਡਾ ਦੀ ਵਾਂਗਡੋਰ

Justin Trudeau carrying his chair pic viral News in punjabi

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਕ ਤਸਵੀਰ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ 'ਚ ਉਹ ਹੱਥ 'ਚ ਹਾਊਸ ਆਫ਼ ਕਾਮਨਜ਼ ਦੀ ਕੁਰਸੀ ਫੜੀ ਨਜ਼ਰ ਆ ਰਹੇ ਹਨ। ਇਹ ਤਸਵੀਰ ਉਨ੍ਹਾਂ ਦੇ ਵਿਦਾਇਗੀ ਭਾਸ਼ਣ ਤੋਂ ਬਾਅਦ ਦੀ ਹੈ, ਜਦੋਂ ਉਹ ਮੁਸਕਰਾਉਂਦੇ ਹੋਏ ਕੈਮਰੇ ਵੱਲ ਦੇਖ ਰਹੇ ਸਨ। ਟਰੂਡੋ ਦਾ ਇਹ ਅੰਦਾਜ਼ ਲੋਕਾਂ ਨੂੰ ਹੈਰਾਨ ਕਰ ਰਿਹਾ ਹੈ ਅਤੇ ਇਸ ਨੂੰ ਉਨ੍ਹਾਂ ਦੇ ਜਾਣ ਦਾ ਸੰਕੇਤ ਮੰਨਿਆ ਜਾ ਰਿਹਾ ਹੈ।

ਜਸਟਿਨ ਟਰੂਡੋ ਨੂੰ ਸੋਮਵਾਰ ਨੂੰ ਲਿਬਰਲ ਪਾਰਟੀ ਦੀ ਕਨਵੈਨਸ਼ਨ ਦੌਰਾਨ ਅਧਿਕਾਰਤ ਤੌਰ 'ਤੇ ਵਿਦਾਇਗੀ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੇ ਭਾਵੁਕ ਭਾਸ਼ਣ ਦਿੱਤਾ, ਜਿਸ 'ਚ ਉਨ੍ਹਾਂ ਨੇ ਆਪਣੇ ਕਾਰਜਕਾਲ ਦੀਆਂ ਪ੍ਰਾਪਤੀਆਂ ਅਤੇ ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕੀਤਾ। ਇਹ ਤਸਵੀਰ ਉਨ੍ਹਾਂ ਦੇ ਭਾਸ਼ਣ ਤੋਂ ਤੁਰੰਤ ਬਾਅਦ ਚਰਚਾ ਦਾ ਵਿਸ਼ਾ ਬਣ ਗਈ, ਜਿਸ ਵਿੱਚ ਉਹ ਹਾਊਸ ਆਫ਼ ਕਾਮਨਜ਼ ਤੋਂ ਆਪਣੀ ਕੁਰਸੀ ਛੱਡਦੇ ਹੋਏ ਨਜ਼ਰ ਆ ਰਹੇ ਹਨ।

ਟਰੂਡੋ ਦੀ ਇਹ ਤਸਵੀਰ ਨਾਲ ਸੋਸ਼ਲ ਮੀਡੀਆ 'ਤੇ ਕਈ ਮੀਮਜ਼ ਅਤੇ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਕੁਝ ਲੋਕ ਇਸ ਨੂੰ ਉਸ ਦੇ ਸਿਆਸੀ ਸਫ਼ਰ ਲਈ ਸਨਮਾਨ ਵਜੋਂ ਦੇਖ ਰਹੇ ਹਨ, ਜਦੋਂ ਕਿ ਕੁਝ ਲੋਕ ਇਸ ਨੂੰ ਹਲਕੇ ਅੰਦਾਜ਼ 'ਚ ਵਿਦਾਇਗੀ ਦੇਣ ਦਾ ਅਨੋਖਾ ਤਰੀਕਾ ਦੱਸ ਰਹੇ ਹਨ। ਟਰੂਡੋ ਦੇ ਜਾਣ ਨਾਲ ਕੈਨੇਡਾ ਨੂੰ ਨਵਾਂ ਪ੍ਰਧਾਨ ਮੰਤਰੀ ਮਿਲ ਗਿਆ ਹੈ।

ਮਾਰਕ ਕਾਰਨੀ ਨੂੰ ਲਿਬਰਲ ਪਾਰਟੀ ਦਾ ਨਵਾਂ ਨੇਤਾ ਚੁਣ ਲਿਆ ਗਿਆ ਹੈ ਅਤੇ ਹੁਣ ਉਹ ਦੇਸ਼ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਜ਼ਿੰਮੇਵਾਰੀ ਸੰਭਾਲਣਗੇ। ਕਾਰਨੀ ਇੱਕ ਤਜਰਬੇਕਾਰ ਅਰਥ ਸ਼ਾਸਤਰੀ ਹੈ, ਜਿਸ ਨੇ ਬੈਂਕ ਆਫ਼ ਕੈਨੇਡਾ ਅਤੇ ਬੈਂਕ ਆਫ਼ ਇੰਗਲੈਂਡ ਦੇ ਗਵਰਨਰ ਵਜੋਂ ਸੇਵਾ ਨਿਭਾਈ ਹੈ।