ਸਰਹੱਦ 'ਤੇ ਸੁੰਦਰਬਨੀ 'ਚ ਪਾਕਿ ਦੀ ਗੋਲੀਬਾਰੀ 'ਚ ਦੋ ਜਵਾਨ ਸ਼ਹੀਦ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਪਾਕਿ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ

Army

ਗੁਆਂਢੀ ਮੁਲਕ ਪਾਕਿਸਤਾਨ ਅਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਹੈ। ਜੰਮੂ ਕਸ਼ਮੀਰ ਦੇ ਸੁੰਦਰਬਨੀ ਸੈਕਟਰ ਵਿਚ ਸਰਹੱਦ ਨੇੜੇ ਪਾਕਿਸਤਾਨ ਨੇ ਇਕ ਵਾਰ ਫਿਰ ਜੰਗਬੰਦੀ ਦੀ ਉਲੰਘਣਾ ਕੀਤੀ। ਇਸ ਗੋਲੀਬਾਰੀ ਵਿਚ ਭਾਰਤ ਦੇ ਦੋ ਜਵਾਨ ਸ਼ਹੀਦ ਹੋ ਗਏ। ਭਾਰਤੀ ਫ਼ੌਜ ਨੇ ਵੀ ਜਵਾਬੀ ਕਾਰਵਾਈ ਕੀਤੀ। ਇਸ ਤੋਂ ਇਲਾਵਾ ਜੰਮੂ ਜ਼ਿਲ੍ਹੇ ਦੇ ਖੌੜ ਇਲਾਕੇ ਦੇ ਅਧੀਨ ਆਉਣ ਵਾਲੇ ਕੇਰੀ ਸੈਕਟਰ ਵਿਚ ਗੋਲੀਬਾਰੀ ਦੀਆਂ ਖ਼ਬਰਾਂ ਆ ਰਹੀਆਂ ਹਨ। ਤੁਹਾਨੂੰ ਦਸ ਦਈਏ ਕਿ ਸਰਹੱਦ ਪਾਰੋਂ ਪਾਕਿਸਤਾਨ ਵਲੋਂ ਲਗਾਤਾਰ ਜੰਗਬੰਦੀ ਦੀ ਉਲੰਘਣਾ ਕੀਤੀ ਜਾਂਦੀ ਰਹੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨੀ ਗੋਲੀਬਾਰੀ ਵਿਚ ਰਾਜੌਰੀ ਜ਼ਿਲ੍ਹੇ ਵਿਚ ਕੰਟਰੋਲ ਰੇਖਾ 'ਤੇ ਇਕ ਫ਼ੌਜੀ ਅਧਿਕਾਰੀ ਜ਼ਖ਼ਮੀ ਹੋ ਗਿਆ ਸੀ। ਪਾਕਿਸਤਾਨ ਦੇ ਹਮਲਿਆਂ 'ਤੇ ਹਾਲ ਹੀ ਵਿਚ ਗ੍ਰਹਿ ਮੰਤਰਾਲੇ ਨੇ ਇਕ ਰੀਪੋਰਟ ਜਾਰੀ ਕੀਤੀ ਹੈ। ਦੋ ਮਹੀਨੇ ਵਿਚ ਪਾਕਿਸਤਾਨ ਵਲੋਂ ਐਲਓਸੀ ਅਤੇ ਕੌਮਾਂਤਰੀ ਸਰਹੱਦ 'ਤੇ 633 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ ਗਈ।

ਰੀਪੋਰਟ ਅਨੁਸਾਰ ਜੰਮੂ-ਕਸ਼ਮੀਰ ਵਿਚ ਐਲਓਸੀ 'ਤੇ 432 ਵਾਰ ਅਤੇ ਕੌਮਾਂਤਰੀ ਸਰਹੱਦ 'ਤੇ 201 ਵਾਰ ਜਨਵਰੀ-ਫ਼ਰਵਰੀ ਵਿਚ ਜੰਗਬੰਦੀ ਦੀ ਉਲੰਘਣਾ ਕੀਤੀ ਗਈ। ਉਥੇ ਹੀ 2017 ਵਿਚ ਪਾਕਿਸਤਾਨ ਨੇ ਐਲਓਸੀ 'ਤੇ 860 ਵਾਰ ਅਤੇ ਕੌਮਾਂਤਰੀ ਸਰਹੱਦ 'ਤੇ 111 ਵਾਰ ਜੰਗਬੰਦੀ ਦੀ ਉਲੰਘਣਾ ਕੀਤੀ। ਜੰਗਬੰਦੀ ਦੀ ਉਲੰਘਣਾ ਵਿਚ ਜਨਵਰੀ ਅਤੇ ਫ਼ਰਵਰੀ ਤਕ 12 ਨਾਗਰਿਕਾਂ ਦੀ ਮੌਤ ਦੇ ਨਾਲ 10 ਜਵਾਨ ਵੀ ਸ਼ਹੀਦ ਹੋਏ। ਦਸਿਆ ਜਾਂਦਾ ਹੈ ਕਿ ਇਸ ਸਮੇਂ ਲਾਂਚਿੰਗ ਪੈਡ 'ਤੇ ਕਰੀਬ 400 ਦੇ ਆਸਪਾਸ ਅਤਿਵਾਦੀ ਮੌਜੂਦ ਹਨ, ਜਿਸ ਵਿਚ ਸੱਭ ਤੋਂ ਜ਼ਿਆਦਾ ਅਤਿਵਾਦੀ ਉੜੀ ਸੈਕਟਰ ਨੌਗਾਂਵ ਅਤੇ ਪੁੰਛ ਵਿਚ ਮੌਜੂਦ ਹਨ। ਇਸੇ ਮਹੀਨੇ ਦੀ ਸ਼ੁਰੂਆਤ ਵਿਚ ਪਾਕਿਸਤਾਨੀ ਫ਼ੌਜ ਨੇ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ਦੇ ਨੇੜੇ ਮੋਹਰੀ ਚੌਕੀਆਂ ਨੂੰ ਨਿਸ਼ਾਨਾ ਬਣਾਇਆ ਅਤੇ ਮੋਟਰਾਰ ਦਾਗ਼ੇ ਜਿਸ ਵਿਚ ਤਿੰਨ ਅਧਿਕਾਰੀਆਂ ਸਮੇਤ ਪੰਜ ਫ਼ੌਜੀ ਜ਼ਖ਼ਮੀ ਹੋ ਗਏ ਸਨ।  (ਏਜੰਸੀ)