ਦੁਨੀਆਂ ਭਰ 'ਚ ਹਜ਼ਾਰਾਂ ਮੌਤਾਂ ਮਗਰੋਂ ਦਿਸਣ ਲੱਗੀ ਆਸ ਦੀ ਕਿਰਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਯੂਰਪ ਤੇ ਅਮਰੀਕਾ ਵਿਚ ਘਟਣ ਲੱਗੇ ਮੌਤ ਅਤੇ ਲਾਗ ਦੇ ਮਾਮਲੇ ਪਰ ਆਰਥਕ ਮਹਾਮਾਰੀ ਮੂੰਹ ਅੱਡੀ ਖੜੀ ਹੈ

File photo

ਬ੍ਰਸਲਜ਼ : ਕੋਰੋਨਾ ਵਾਇਰਸ ਮਹਾਮਾਰੀ ਹਰ ਦਿਨ ਨਵੇਂ ਅੰਕੜਿਆਂ ਨਾਲ ਦਹਿਸ਼ਤ ਲੈ ਕੇ ਆ ਰਹੀ ਹੈ ਅਤੇ ਵੀਰਵਾਰ ਤਕ ਦੁਨੀਆਂ ਭਰ ਵਿਚ ਇਸ ਮਾਰੂ ਬੀਮਾਰੀ ਨੇ 94000 ਲੋਕਾਂ ਦੀ ਜਾਨ ਲੈ ਲਈ ਸੀ। ਅਮਰੀਕਾ ਅਤੇ ਯੂਰਪ ਵਿਚ ਇਸ ਬੀਮਾਰੀ ਦੇ ਸਿਖਰ 'ਤੇ ਪਹੁੰਚਣ ਮਗਰੋਂ ਇਸ ਦੀ ਦਹਿਸ਼ਤ ਘੱਟ ਹੋਣ ਦੇ ਕੁੱਝ ਸੰਕੇਤ ਵਿਖਾਈ ਦੇਣ ਲੱਗ ਪਏ ਹਨ ਅਤੇ ਆਰਥਕ ਆਫ਼ਤ ਦੀ ਤਸਵੀਰ ਸਾਫ਼ ਹੋਣ ਲੱਗੀ ਹੈ।

ਅੰਤਰਰਾਸ਼ਟਰੀ ਮੁਦਰਾ ਫ਼ੰਡ ਨੇ ਮਹਾ ਆਰਥਕ ਮੰਦੀ ਪ੍ਰਤੀ ਚੌਕਸ ਕੀਤਾ ਹੈ ਅਤੇ ਡੇਟਾ ਵਿਖਾ ਰਿਹਾ ਹੈ ਕਿ 1.7 ਕਰੋੜ ਅਮਰੀਕੀਆਂ ਦੀ ਨੌਕਰੀ ਚਲੀ ਗਈ ਹੈ ਜਦਕਿ ਯੂਰਪੀ ਸੰਘ ਦਾ ਆਰਥਕ ਰਾਹਤ ਪੈਕੇਜ ਸਮਝੌਤਾ ਮਾੜੀਆਂ ਖ਼ਬਰਾਂ ਵਿਚਾਲੇ ਕੁੱਝ ਰਾਹਤ ਲੈ ਕੇ ਆਇਆ ਹੈ। ਅਮਰੀਕਾ ਵਿਚ ਵੀਰਵਾਰ ਨੂੰ 1700 ਹੋਰ ਲੋਕਾਂ ਦੀ ਮੌਤ ਹੋ ਗਈ ਜਦਕਿ ਯੂਰਪ ਵਿਚ ਸੈਂਕੜੇ ਹੋਰ ਲੋਕਾਂ ਦੀ ਮੌਤ ਹੋਈ ਜਿਸ ਤੋਂ ਬਾਅਦ ਦੁਨੀਆਂ ਭਰ ਵਿਚ ਮਰਨ ਵਾਲਿਆਂ ਦਾ ਅੰਕੜਾ 94000 ਤੋਂ ਪਾਰ ਚਲਾ ਗਿਆ। ਬੁਰੀ ਤਰ੍ਹਾਂ ਪ੍ਰਭਾਵਤ ਯੂਰਪ ਅਤੇ ਅਮਰੀਕਾ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਜ਼ ਹੋ ਰਹੀਆਂ ਮੌਤਾਂ ਅਤੇ ਸਾਹਮਣੇ ਆ ਰਹੇ ਲਾਗ ਦੇ ਮਾਮਲਿਆਂ ਦਾ ਘਟਣਾ ਇਹ ਆਸ ਦੀ ਕਿਰਨ ਵਿਖਾਉਂਦਾ ਹੈ ਕਿ ਸ਼ਾਇਦ ਬੁਰਾ ਵਕਤ ਖ਼ਤਮ ਹੋ ਗਿਆ ਹੈ।

ਸਪੇਨ ਦੇ ਪ੍ਰਧਾਨ ਮੰਤਰੀ ਪੇਦਰੋ ਸਾਸ਼ੇਜ ਨੇ ਕਿਹਾ, 'ਸੰਸਾਰ ਮਹਾਮਾਰੀ ਦੀ ਅੱਗ ਹੁਣ ਕਾਬੂ ਵਿਚ ਆਉਣ ਲੱਗੀ ਹੈ।' ਸਪੇਨ ਵਿਚ ਮ੍ਰਿਤਕਾਂ ਦੀ ਗਿਣਤੀ ਵੀਰਵਾਰ ਨੂੰ 683 ਸੀ ਜੋ ਇਕ ਦਿਨ ਪਹਿਲਾਂ ਹੀ 757 ਸੀ। ਦੇਸ਼ ਵਿਚ 15 ਹਜ਼ਾਰ ਤੋਂ ਵੱਧ ਜਾਨਾਂ ਜਾ ਚੁਕੀਆਂ ਹਨ। ਫ਼ਰਾਂਸ ਵਿਚ ਵੀ ਰੋਜ਼ ਦੇ ਮੁਕਾਬਲੇ ਆਈਸੀਯੂ ਵਿਚ ਦਾਖ਼ਲ ਹੋਣ ਵਾਲਿਆਂ ਦੀ ਗਿਣਤੀ ਘੱਟ ਹੋ ਗਈ ਹੈ।

ਹੁਣ ਇਹ ਅੰਕੜਾ ਸਿਰਫ਼ 82 ਦਾ ਹੈ। ਸੰਸਾਰ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਇਹ ਪਹਿਲੀ ਕਮੀ ਹੈ। ਅਮਰੀਕਾ ਦੇ ਚੋਟੀ ਦੇ ਮਾਹਰ ਐਂਥਨੀ ਫ਼ਾਊਚੀ ਨੇ ਕਿਹਾ ਕਿ ਅਮਰੀਕਾ ਸਹੀ ਦਿਸ਼ਾ ਵਿਚ ਅੱਗੇ ਵਧ ਰਿਹਾ ਹੈ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਵਿਚ 1783 ਮੌਤਾਂ ਹੋਈਆਂ ਜੋ ਪਿਛਲੇ ਦਿਨ ਦੇ 1973 ਦੇ ਮੁਕਾਬਲੇ ਘੱਟ ਸਨ। 

ਵਿਕਾਸਸ਼ੀਲ ਮੁਲਕਾਂ 'ਚ ਹਾਲੇ ਹੋਰ ਮਾੜਾ ਸਮਾਂ

ਅੰਤਰਰਾਸ਼ਟਰੀ ਮੁਦਰਾ ਫ਼ੰਡ ਨੇ ਕਿਹਾ ਹੈ ਕਿ ਉਸ ਦੇ 180 ਵਿਚੋਂ 170 ਮੈਂਬਰ ਦੇਸ਼ ਇਸ ਸਾਲ ਪ੍ਰਤੀ ਵਿਅਕਤੀ ਆਮਦਨ ਵਿਚ ਘਾਟ ਦਾ ਸਾਹਮਣਾ ਕਰਨਗੇ। ਕੁੱਝ ਮਹੀਨੇ ਪਹਿਲਾਂ ਇਸ ਸੰਸਥਾ ਨੇ ਕਿਹਾ ਸੀ ਕਿ ਲਗਭਗ ਹੋਰ ਕੋਈ ਵਾਧੇ ਦਾ ਸਵਾਦ ਵੇਖੇਗਾ। ਸੰਸਥਾ ਦੀ ਮੁਖੀ ਕ੍ਰਿਸਟਾਲੀਨਾ ਜਾਰਜੀਯੇਵਾ ਨੇ ਕਿਹਾ, 'ਮਹਾਮੰਦੀ ਮਗਰੋਂ ਅਸੀਂ ਸੱਭ ਤੋਂ ਬੁਰੀ ਆਰਥਕ ਕਮੀ ਦਾ ਅਨੁਮਾਨ ਲਾ ਰਹੇ ਹਾਂ।' ਉਂਜ ਅਜਿਹਾ ਵੀ ਖ਼ਦਸ਼ਾ ਹੈ ਕਿ ਬਹੁਤੇ ਵਿਕਾਸਸ਼ੀਲ ਮੁਲਕਾਂ ਵਿਚ ਹਾਲੇ ਹੋਰ ਬੁਰਾ ਸਮਾਂ ਆਉਣਾ ਬਾਕੀ ਹੈ। ਭਾਰਤ ਵਿਚ ਵੀ ਅਜਿਹਾ ਡਰ ਹੈ ਜਿਥੇ ਕਰੋੜਾਂ ਗ਼ਰੀਬ ਲੋਕ ਤੇਜ਼ੀ ਨਾਲ ਨਿਰਾਸ਼ਾ ਦਾ ਸ਼ਿਕਾਰ ਹੁੰਦੇ ਜਾ ਰਹੇ ਹਨ।