ਫੌਜ ਹੱਥੋ ਮਾਰੇ ਗਏ 82 ਲੋਕ, ਮਿਆਂਮਾਰ ਵਿਚ ਸਥਾਨਕ ਮੀਡੀਆ ਦਾ ਦਾਅਵਾ
ਇਸ ਤੋਂ ਪਹਿਲਾਂ 14 ਮਾਰਚ ਨੂੰ ਯੰਗੂਨ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ
ਯੰਗੂਨ: ਮਿਆਂਮਾਰ ਵਿਚ ਸੁਰੱਖਿਆ ਬਲਾਂ ਨੇ ਸ਼ੁੱਕਰਵਾਰ ਨੂੰ ਮਿਲਟਰੀ ਤਖ਼ਤਾਪਲਟ ਦੇ ਖ਼ਿਲਾਫ਼ ਪ੍ਰਦਰਸ਼ਨ ਕਰਨ ਵਾਲੇ ਘੱਟੋ-ਘੱਟ 82 ਲੋਕਤੰਤਰ ਸਮਰਥਕਾਂ ਦੀ ਮੌਤ ਹੋ ਗਈ ਹੈ। ਮਾਰੇ ਗਏ ਪ੍ਰਦਰਸ਼ਨਕਾਰੀਆਂ ਦੀ ਗਿਣਤੀ 'ਤੇ ਨਜ਼ਰ ਰੱਖਣ ਵਾਲੇ ਇਕ ਸੰਗਠਨ ਅਤੇ ਸਥਾਨਕ ਮੀਡੀਆ ਦੀਆਂ ਖ਼ਬਰਾਂ ਵਿਚ ਇਹ ਦਾਅਵਾ ਕੀਤਾ ਗਿਆ ਹੈ। ਬਾਗੋ ਸ਼ਹਿਰ ਵਿਚ ਸੁਰੱਖਿਆ ਬਲਾਂ ਦੀ ਕਾਰਵਾਈ ਵਿਚ ਸ਼ੁੱਕਰਵਾਰ ਨੂੰ 82 ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ।
ਇਸ ਤੋਂ ਪਹਿਲਾਂ 14 ਮਾਰਚ ਨੂੰ ਯੰਗੂਨ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ। ਯੰਗੂਨ ਤੋਂ ਬਾਗੋ ਕਰੀਬ 100 ਕਿਲੋਮੀਟਰ ਦੂਰ ਹੈ। 'ਐਸੋਸੀਏਟ ਪ੍ਰੈੱਸ' ਸੁਤੰਤਰ ਰੂਪ ਨਾਲ ਮੌਤ ਦੇ ਇਹਨਾਂ ਅੰਕੜਿਆਂ ਦੀ ਪੁਸ਼ਟੀ ਕਰਨ ਵਿਚ ਅਸਮਰੱਥ ਹੈ। 'ਅਸਿਸਟੈਂਟਸ ਐਸੋਸੀਏਸ਼ਨ ਫੌਰ ਪੌਲੀਟੀਕਲ ਪ੍ਰਿਜ਼ਨਰਜ਼' ਵੱਲੋਂ ਇਕੱਠੇ ਕੀਤੇ ਸ਼ੁਰੂਆਤੀ ਅੰਕੜਿਆਂ ਦੇ ਮੁਤਾਬਕ ਮਰਨ ਵਾਲਿਆਂ ਦੀ ਗਿਣਤੀ 82 ਹੈ।
ਇਹ ਸੰਗਠਨ ਮਰਨ ਵਾਲਿਆਂ ਅਤੇ ਗ੍ਰਿਫ਼ਤਾਰ ਲੋਕਾਂ ਦੀ ਦੈਨਿਕ ਸੰਖਿਆ ਜਾਰੀ ਕਰਦਾ ਹੈ। ਇਹ ਅੰਕੜੇ ਵਿਆਪਕ ਰੂਪ ਨਾਲ ਵਿਸ਼ਵਾਸਯੋਗ ਮੰਨੇ ਜਾਂਦੇ ਹਨ ਕਿਉਂਕਿ ਮੌਤ ਦੇ ਨਵੇਂ ਮਾਮਲਿਆਂ ਨੂੰ ਉਦੋਂ ਤੱਕ ਸ਼ਾਮਲ ਨਹੀਂ ਕੀਤਾ ਜਾਂਦਾ ਜਦੋਂ ਤੱਕ ਉਹਨਾਂ ਦੀ ਪੁਸ਼ਟੀ ਨਹੀਂ ਹੋ ਜਾਂਦੀ ਅਤੇ ਉਹਨਾਂ ਦਾ ਵੇਰਵਾ ਵੈਬਸਾਈਟ 'ਤੇ ਨਹੀਂ ਦੇ ਦਿੱਤਾ ਜਾਂਦਾ।
ਸੰਗਠਨ ਨੇ ਸ਼ਨੀਵਾਰ ਦੀ ਰਿਪੋਰਟ ਵਿਚ ਕਿਹਾ ਕਿ ਉਸ ਨੂੰ ਬਾਗੋ ਵਿਚ ਮਰਨ ਵਾਲਿਆਂ ਦੀ ਗਿਣਤੀ ਦੇ ਹੋਰ ਵੱਧਣ ਦਾ ਖਦਸ਼ਾ ਹੈ ਕਿਉਂਕਿ ਹੋਰ ਮਾਮਲਿਆਂ ਦੀ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਮਿਆਂਮਾਰ ਵਿਚ ਫ਼ੌਜੀ ਤਖ਼ਤਾ ਪਲਟ ਤੋਂ ਬਾਅਦ ਲੋਕ ਇਸ ਖਿਲਾਫ਼ ਲਗਾਤਾਰ ਪ੍ਰਦਰਸ਼ਨ ਕਰ ਰਹੇ ਹਨ। ਇਨ੍ਹਾਂ ਪ੍ਰਦਰਸ਼ਨਾਂ ਵਿਚ 600 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ।