ਮੈਲਬੌਰਨ : ਆਸਟਰੇਲੀਆ ਵਿਖੇ ਮੈਲਬੌਰਨ ’ਚ ਭਾਰਤੀ ਕੌਂਸਲੇਟ ਜਨਰਲ ਦੀ ਭੰਨਤੋੜ ਕੀਤੀ ਗਈ ਹੈ। ਇਹ ਕੌਂਸਲੇਟ ਜਨਰਲ 344 ਸੇਂਟ ਕਿਲਡਾ ਰੋਡ ’ਤੇ ਸਥਿਤ ਹੈ। ਹਮਲਾਵਰਾਂ ਨੇ ਇਥੇ ਭਾਰਤੀ ਕੂਟਨੀਤਕ ਕੰਪਲੈਕਸ ਦੇ ਮੁੱਖ ਪ੍ਰਵੇਸ਼ ਦੁਆਰ ’ਤੇ ਪੇਂਟ ਕੀਤਾ ਹੈ। ਰਿਪੋਰਟ ਅਨੁਸਾਰ ਇਹ ਹਮਲਾ 10 ਅਪ੍ਰੈਲ ਦੀ ਰਾਤ ਨੂੰ ਲਗਭਗ 1:00 ਵਜੇ ਹੋਇਆ। ਵਿਕਟੋਰੀਆ ਪੁਲਿਸ ਨੇ ਆਸਟਰੇਲੀਆ ਟੂਡੇ ਨੂੰ ਪੁਸ਼ਟੀ ਕੀਤੀ ਕਿ ਮੈਲਬੌਰਨ ਵਿਚ ਭਾਰਤੀ ਕੌਂਸਲੇਟ ਦੀ ਇਮਾਰਤ ’ਤੇ ਹਮਲੇ ਦੀਆਂ ਰਿਪੋਰਟਾਂ ਤੋਂ ਬਾਅਦ ਅਧਿਕਾਰੀ 11 ਅਪ੍ਰੈਲ ਦੀ ਸਵੇਰ ਨੂੰ ਘਟਨਾ ਸਥਾਨ ’ਤੇ ਪਹੁੰਚੇ।
ਵਿਕਟੋਰੀਆ ਪੁਲਿਸ ਦੇ ਬੁਲਾਰੇ ਨੇ ਕਿਹਾ, ‘ਅਧਿਕਾਰੀਆਂ ਦਾ ਮੰਨਣਾ ਹੈ ਕਿ ਇਮਾਰਤ ਦੇ ਮੁੱਖ ਪ੍ਰਵੇਸ਼ ਦੁਆਰ ’ਤੇ 9 ਅਤੇ 10 ਅਪ੍ਰੈਲ ਵਿਚਕਾਰ ਰਾਤ ਨੂੰ ਪੇਂਟ ਕੀਤਾ ਗਿਆ। ਨੁਕਸਾਨ ਦੀ ਜਾਂਚ ਅਜੇ ਵੀ ਜਾਰੀ ਹੈ।’ ਹਾਲਾਂਕਿ ਇਸ ਘਟਨਾ ਨੇ ਭਾਰਤੀ-ਆਸਟਰੇਲੀਅਨ ਭਾਈਚਾਰੇ ਦੇ ਅੰਦਰ ਚਿੰਤਾਵਾਂ ਨੂੰ ਮੁੜ ਜਗਾ ਦਿਤਾ ਹੈ, ਜਿਸ ਨੇ ਮੈਲਬੌਰਨ ਵਿੱਚ ਹਿੰਦੂ ਮੰਦਰਾਂ ’ਤੇ ਹਮਲਿਆਂ ਅਤੇ ਭਾਰਤੀ ਸਰਕਾਰੀ ਅਦਾਰਿਆਂ ਨੂੰ ਨਿਸ਼ਾਨਾ ਬਣਾਉਣ ਦੇ ਵਧ ਰਹੇ ਪੈਟਰਨ ’ਤੇ ਨਿਰਾਸ਼ਾ ਪ੍ਰਗਟ ਕੀਤੀ ਹੈ। ਭਾਈਚਾਰੇ ਦੇ ਆਗੂਆਂ ਦਾ ਕਹਿਣਾ ਹੈ ਕਿ ਧਾਰਮਕ ਅਤੇ ਸਭਿਆਚਾਰਕ ਮਹੱਤਵ ਵਾਲੇ ਸਥਾਨਾਂ ’ਤੇ ਵਾਰ-ਵਾਰ ਹਮਲੇ ਬਹੁਤ ਦੁਖਦਾਈ ਹਨ ਅਤੇ ਇਹ ਆਸਟਰੇਲੀਆ ਦੇ ਸੱਭ ਤੋਂ ਬਹੁ-ਸਭਿਆਚਾਰਕ ਰਾਜ ਵਿਚ ਸਮਾਜਿਕ ਏਕਤਾ ਨੂੰ ਕਮਜ਼ੋਰ ਕਰਦੇ ਹਨ। ਸਥਾਨਕ ਭਾਰਤੀ-ਆਸਟਰੇਲੀਅਨ ਭਾਈਚਾਰੇ ਦਾ ਕਹਿਣਾ ਹੈ ਕਿ ਇਹ ਸਿਰਫ਼ ਇਕ ਸਧਾਰਨ ਹਮਲਾ ਨਹੀਂ ਹੈ ਸਗੋਂ ਸਾਡੇ ਭਾਈਚਾਰੇ ਲਈ ਡਰਾਉਣ ਦਾ ਸੁਨੇਹਾ ਹੈ।