ਜਨੇਵਾ, ਅਪਣਾ ਜੀਵਨ ਖ਼ਤਮ ਕਰਨ ਲਈ ਸਵਿਟਜ਼ਰਲੈਂਡ ਪੁੱਜੇ 104 ਸਾਲਾ ਆਸਟਰੇਲੀਆਈ ਵਿਗਿਆਨੀ ਨੇ ਅੱਜ ਆਤਮ-ਹਤਿਆ ਜ਼ਰੀਏ ਦੁਨੀਆਂ ਨੂੰ ਅਲਵਿਦਾ ਕਿਹਾ। ਅਜਿਹਾ ਕਰਨ ਵਿਚ ਉਸ ਦੀ ਮਦਦ ਕਰਨ ਵਾਲੀ ਫ਼ਾਊਂਡੇਸ਼ਨ ਨੇ ਇਹ ਜਾਣਕਾਰੀ ਦਿਤੀ।ਡੇਵਿਡ ਗੁਡੌਲ ਨੂੰ ਅਪਣੇ ਦੇਸ਼ ਵਿਚ ਆਤਮਹਤਿਆ ਲਈ ਮਦਦ ਮੰਗਣ ਤੋਂ ਰੋਕ ਦਿਤਾ ਗਿਆ ਸੀ। ਉਹ ਕਿਸੇ ਮਾਨਸਿਕ ਰੋਗ ਤੋਂ ਪੀੜਤ ਨਹੀਂ ਸੀ ਪਰ ਉਸ ਦਾ ਕਹਿਣਾ ਸੀ ਕਿ ਉਸ ਦੀ ਜ਼ਿੰਦਗੀ ਵਿਚ ਹੁਣ ਕੁੱਝ ਵੀ ਜਿਊਣ ਲਾਇਕ ਨਹੀਂ ਰਿਹਾ ਅਤੇ ਉਹ ਮਰਨਾ ਚਾਹੁੰਦਾ ਹੈ। ਉਸ ਨੂੰ ਸਵਿਟਜ਼ਰਲੈਂਡ ਲਿਆਉਣ ਵਿਚ ਮਦਦ ਕਰਨ ਵਾਲੀ ਸੰਸਥਾ ਨੇ ਕਿਹਾ ਕਿ ਵਿਗਿਆਨੀ ਨੇ ਸ਼ਾਂਤਮਈ ਢੰਗ ਨਾਲ ਆਖ਼ਰੀ ਸਾਹ ਲਿਆ। ਉਸ ਨੇ ਲਾਈਫ਼ ਸਾਈਕਲ ਕਲੀਨਿਕ ਵਿਚ ਨੇਬੁਟਲ ਜੋ ਖ਼ੁਦਕੁਸ਼ੀ ਲਈ ਵਰਤੀ ਜਾਣ ਵਾਲੀ ਦਵਾਈ ਹੈ, ਜ਼ਰੀਏ ਦਿਨ ਵਿਚ ਸਾਢੇ ਦਸ ਵਜੇ ਦਮ ਤੋੜਿਆ। ਉਸ ਨੇ ਬੁਧਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਸੀ, 'ਮੈਂ ਹੁਣ ਜਿਊਣਾ ਨਹੀਂ ਚਾਹੁੰਦਾ।
ਮੈਂ ਖ਼ੁਸ਼ ਹਾਂ ਕਿ ਮੇਰੇ ਕੋਲ ਭਲਕੇ ਇਸ ਜੀਵਨ ਨੂੰ ਖ਼ਤਮ ਕਰਨ ਦਾ ਮੌਕਾ ਹੋਵੇਗਾ।' 104 ਸਾਲਾ ਬਜ਼ੁਰਗ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਇਸ ਮਾਮਲੇ ਵਿਚ ਲੋਕਾਂ ਦੀ ਵਿਆਪਕ ਰੁਚੀ ਨੂੰ ਵੇਖਦਿਆਂ ਆਸਟਰੇਲੀਆ ਅਤੇ ਹੋਰ ਦੇਸ਼ ਅਪਣੇ ਕਾਨੂੰਨ ਵਿਚ ਬਦਲਾਅ ਕਰਨ ਲਈ ਪ੍ਰੇਰਿਤ ਹੋਣਗੇ। ਉਸ ਨੇ ਕਿਹਾ, 'ਮੈਨੂੰ ਖ਼ੁਸ਼ੀ ਹੁੰਦੀ ਜੇ ਮੈਂ ਆਸਟਰੇਲੀਆ ਵਿਚ ਖ਼ੁਦਕੁਸ਼ੀ ਕਰਦਾ ਪਰ ਦੁੱਖ ਹੈ ਕਿ ਇਸ ਮਾਮਲੇ ਵਿਚ ਆਸਟਰੇਲੀਆ ਸਵਿਟਜ਼ਰਲੈਂਡ ਤੋਂ ਪਿੱਛੇ ਹੈ। ਵਿਅਕਤੀ ਕੋਲ ਜ਼ਿੰਦਗੀ ਖ਼ਤਮ ਕਰਨ ਦਾ ਹੱਕ ਵੀ ਹੋਣਾ ਚਾਹੀਦਾ ਹੈ।' ਉਸ ਨੇ ਇਸ ਸਾਲ ਦੇ ਸ਼ੁਰੂ ਵਿਚ ਖ਼ੁਦਕੁਸ਼ੀ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। (ਏਜੰਸੀ)