ਸਰਹਦ 'ਤੇ ਤਣਾਅ ਘਟਾਉਣ ਲਈ ਕੰਮ ਕਰ ਰਹੇ ਹਨ ਚੀਨ ਤੇ ਭਾਰਤ : ਚੀਨੀ ਵਿਦੇਸ਼ ਮੰਤਰਾਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਸਰਹਦ 'ਤੇ ਤਣਾਅ ਘਟਾਉਣ ਲਈ ਕੰਮ ਕਰ ਰਹੇ ਹਨ ਚੀਨ ਤੇ ਭਾਰਤ : ਚੀਨੀ ਵਿਦੇਸ਼ ਮੰਤਰਾਲਾ

1

ਬੀਜਿੰਗ, 11 ਜੂਨ : ਚੀਨ ਅਤੇ ਭਾਰਤ ਹਾਲ ਹੀ ਵਿਚ ਅਪਣੀ ਸਿਆਸੀ ਅਤੇ ਫ਼ੌਜੀ ਪੱਧਰ ਦੀ ਵਾਰਤਾ ਵਿਚ ਬਣੀ ਆਮ ਸਹਿਮਤੀ ਦੇ ਆਧਾਰ 'ਤੇ ਸਰਹਦ 'ਤੇ ਤਣਾਅ ਘਟਾਉਣ ਲਈ ਕੰਮ ਕਰ ਰਹੇ ਹਨ ਅਤੇ ਇਸ ਮੁੱਦੇ ਦਾ ਯੋਗ ਤਰੀਕੇ ਨਾਲ ਹਲ ਕਰ ਰਹੇ ਹਨ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿਤੀ। ਚੀਨੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਦੀ ਇਹ ਟਿੱਪਣੀ ਪੂਰਬੀ ਲੱਦਾਖ਼ ਸਰਹਦ 'ਤੇ ਖਹਿਬਾਜ਼ੀ ਖ਼ਤਮ ਕਰਨ ਲਈ ਭਾਰਤ ਅਤੇ ਚੀਨ ਦੇ ਫ਼ੌਜੀ ਕਮਾਂਡਰਾਂ ਦੀ ਸਾਰਥਕ ਵਾਰਤਾ ਹੋਣ ਤੋਂ ਇਕ ਦਿਨ ਬਾਅਦ ਆਈ। ਇਸ ਤੋਂ ਇਲਾਵਾ ਇਹ ਖ਼ਬਰਾਂ ਵੀ ਆਈਆਂ ਸਨ ਕਿ ਦੋਵੇਂ ਪੱਖ ਬਹੁਤ ਜ਼ਿਆਦਾ ਉਚਾਈ ਵਾਲੇ ਖੇਤਰ ਵਿਚ ਟਕਰਾਅ ਦੇ ਕਈ ਸਥਾਨਾਂ ਤੋਂ ਫ਼ੌਰ ਨੂੰ ਸੀਮਤ ਗਿਣਤੀ ਵਿਚ ਹਟਾ ਰਹੀ ਹੈ।  ਜ਼ਮੀਨ 'ਤੇ ਤਣਾਅ ਘਟਾਉਣ ਲਈ ਦੋਹਾਂ ਦੇਸ਼ਾਂ ਵਲੋਂ ਚੁੱਕੇ ਜਾ ਰਹੇ ਕਦਮਾਂ ਬਾਰੇ ਚੀਨੀ ਵਿਦੇਸ਼ ਮੰਤਰਾਲੇ ਦੀ ਬੁਲਾਰੀ ਹੁਆ ਚੁਨਯਿੰਗ ਨੇ ਬੀਜਿੰਗ ਵਿਚ ਪ੍ਰੈਸ ਵਾਰਤਾ ਵਿਚ ਕਿਹਾ, ''ਜ਼ਮੀਨੀ ਸਥਿਤੀ ਬਾਰੇ ਮੇਰੇ ਕੋਲ ਜ਼ਿਆਦਾ ਜਾਣਕਾਰੀ ਨਹੀਂ ਹੈ।''

ਉਨ੍ਹਾਂ ਕਿਹਾ, ''ਮੈਂ ਤੁਹਾਨੂੰ ਸਿਰਫ਼ ਇਹ ਦੱਸ ਸਕਦੀ ਹਾਂ ਕਿ ਡਿਪਲੋਮੈਟ ਅਤੇ ਫ਼ੌਜੀ ਪੱਧਰ 'ਤੇ ਦੋਵੇਂ ਪੱਖ ਪ੍ਰਭਾਵੀ ਸੰਚਾਰ ਨਾਲ ਸਬੰਧਤ ਮੁੱਦਿਆਂ ਦਾ ਯੋਗ ਤਰੀਕੇ ਨਾਲ ਹਲ ਕਰ ਰਹੇ ਹਨ। ਅਸੀਂ ਆਮ ਸਹਿਮਤੀ 'ਤੇ ਪਹੁੰਚੇ ਹਾਂ ਅਤੇ ਉਸ ਸਹਿਮਤੀ ਦੇ ਆਧਾਰ 'ਤੇ ਦੋਵੇਂ ਦੇਸ਼ ਤਨਾਅ ਘਟਾਉਣ ਲਈ ਕੰਮ ਕਰ ਰਹੇ ਹਨ।''  ਇਸ ਵਿਚਾਲੇ ਨਵੀਂ ਦਿੱਲੀ ਵਿਚ ਅਧਿਕਾਰੀਆਂ ਨੇ ਕਿਹਾ ਕਿ ਮੇਜਰ ਜਨਰਲ ਪੱਧਰ ਦੀ ਬੁਧਵਾਰ ਨੂੰ ਹੋਈ ਸਾਢੇ ਚਾਰ ਘੰਟੇ ਤੋਂ ਵੱਧ ਸਮੇਂ ਦੀ ਵਾਰਤਾ ਦੌਰਾਨ ਭਾਰਤੀ ਵਫ਼ਦ ਨੇ ਪਹਿਲਾਂ ਵਾਲੀ ਸਥਿਤੀ ਪੂਰੀ ਤਰ੍ਹਾਂ ਬਹਾਲ ਕਰਨ ਅਤੇ ਪੈਂਗੋਂਗ ਤਸੋ ਝੀਲ ਦੇ ਨੇੜੇ-ਤੇੜੇ ਦੇ ਖੇਤਰ ਸਹਿਤ ਇਲਾਕੇ ਤੋਂ ਹਜ਼ਾਰਾਂ ਚੀਨੀ ਫ਼ੌਜੀਆਂ ਨੂੰ ਤੁਰਤ ਵਾਪਸ ਬੁਲਾਏ ਜਾਣ 'ਤੇ ਜ਼ੋਰ ਦਿਤਾ। (ਪੀਟੀਆਈ)