ਕੈਨੇਡਾ ਦੀ ਪੱਤਰਕਾਰ ਦੇ ਅਗਵਾ, ਕਤਲ ਮਾਮਲੇ ’ਚ ਲੋੜੀਂਦਾ ਪਾਕਿ ਤਾਲਿਬਾਨੀ ਅਤਿਵਾਦੀ ਢੇਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਕੈਨੇਡਾ ਦੀ ਪੱਤਰਕਾਰ ਖਦੀਜਾ ਅਬਦੁੱਲ ਕਹਿਰ ਦੇ ਅਗਵਾ ਅਤੇ ਕਤਲ ਮਾਮਲੇ ਵਿਚ ਲੋੜੀਂਦਾ ਪਾਕਿਸਤਾਨ ਤਾਲਿਬਾਨ ਦਾ ਅਤਿਵਾਦੀ

Fle Photo

ਪੇਸ਼ਾਵਰ, 10 ਜੂਨ : ਕੈਨੇਡਾ ਦੀ ਪੱਤਰਕਾਰ ਖਦੀਜਾ ਅਬਦੁੱਲ ਕਹਿਰ ਦੇ ਅਗਵਾ ਅਤੇ ਕਤਲ ਮਾਮਲੇ ਵਿਚ ਲੋੜੀਂਦਾ ਪਾਕਿਸਤਾਨ ਤਾਲਿਬਾਨ ਦਾ ਅਤਿਵਾਦੀ ਅਮੀਨ ਸ਼ਾਹ ਪੇਸ਼ਾਵਰ ਵਿਚ ਹੋਏ ਮੁਕਾਬਲੇ ਵਿਚ ਮਾਰਿਆ ਗਿਆ। ਖੈਬਰ-ਪਖਤੂਨਖਾ ਦੇ ਪੁਲਿਸ ਪ੍ਰਮੁੱਖ ਸਨਾਉੱਲਾ ਅੱਬਾਸੀ ਨੇ ਕਿਹਾ ਕਿ ਪਾਬੰਦੀਸ਼ੁਦਾ ਅਤਿਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ.ਟੀ.ਪੀ.) ਦਾ ਚੋਟੀ ਦਾ ਅਤਿਵਾਦੀ ਸ਼ਾਹ ਅਤਿਵਾਦ ਦੇ ਕਈ ਮਾਮਲਿਆਂ ਵਿਚ ਲੋੜੀਂਦਾ ਸੀ।

ਉਹਨਾਂ ਨੇ ਕਿਹਾ ਕਿ ਸ਼ਾਹ ਨੇ 2008 ਵਿਚ ਕਹਿਰ (55) ਨੂੰ ਅਗਵਾ ਕਰ ਕੇ 2010 ਵਿਚ ਪਾਕਿਸਤਾਨ ਵਿਚ ਉਸ ਦਾ ਕਤਲ ਕਰ ਦਿਤਾ ਸੀ। ਤਾਲਿਬਾਨ ਨੇ ਕਹਿਰ ਨੂੰ ਰਿਹਾਅ ਕਰਨ ਲਈ ਫਿਰੌਤੀ ਦੇ ਤੌਰ ’ਤੇ 20 ਲੱਖ ਅਮਰੀਕੀ ਡਾਲਰ ਅਤੇ ਹਿਰਾਸਤ ਵਿਚ ਲਏ ਗਏ ਆਪਣੇ ਕੁਝ ਨੇਤਾਵਾਂ ਨੂੰ ਛੱਡਣ ਦੀ ਮੰਗ ਰੱਖੀ ਸੀ। ਅੱਬਾਸੀ ਨੇ ਕਿਹਾ ਕਿ ਸ਼ਾਹ ਵਲੋਂ ਆਤਮ ਸਮਰਪਣ ਕਰਨ ਤੋਂ ਇਨਕਾਰ ਕਰਨ ਦੇ ਬਾਅਦ ਉਹ ਪੁਲਿਸ ਕਰਮੀਆਂ ਨਾਲ ਹੋਏ ਮੁਕਾਬਲੇ ਵਿਚ ਮਾਰਿਆ ਗਿਆ।

ਇਸਲਾਮ ਕਬੂਲ ਕਰਨ ਤੋਂ ਪਹਿਲਾਂ ਬੇਵਲੀ ਗੀਸਬ੍ਰੇਕਟ ਦੇ ਨਾਮ ਨਾਲ ਜਾਣੀ ਜਾਂਦੀ ਕੈਨੇਡਾ ਦੀ ਪੱਤਰਕਾਰ ਕਹਿਰ ਨੂੰ ਉਹਨਾਂ ਦੇ ਅਨੁਵਾਦਕ ਸਲਮਾਨ ਖਾਨ, ਰਸੋਈਏ ਅਤੇ ਗੱਡੀ ਡਰਾਈਵਰ ਜ਼ਾਰ ਮੁਹੰਮਦ ਦੇ ਨਾਲ ਅਸ਼ਾਂਤ ਉੱਤਰੀ ਵਜੀਰਿਸਤਾਨ ਕਬਾਇਲੀ ਖੇਤਰ ਦੇ ਮੀਰਾਨਸ਼ਾਹ ਦੀ ਯਾਤਰਾ ਦੇ ਦੌਰਾਨ 11 ਨਵੰਬਰ ਨੂੰ ਅਗਵਾ ਕਰ ਲਿਆ ਗਿਆ ਸੀ। ਕੈਨੇਡਾ ਅਤੇ ਪਾਕਿਸਤਾਨ ਦੀ ਸਰਕਾਰ ਨੇ ਕਹਿਰ ਦੀ ਸੁਰੱਖਿਅਤ ਰਿਹਾਈ ਲਈ ਸੰਯੁਕਤ ਮੁਹਿੰਮ ਵੀ ਚਲਾਈ ਪਰ ਕੋਈ ਸਕਰਾਤਮਕ ਨਤੀਜਾ ਨਹੀਂ ਨਿਕਲਿਆ। 

ਇਕ ਧਾਰਮਕ ਦਲ ਦੀਆਂ ਕੋਸ਼ਿਸ਼ਾਂ ਕਾਰਨ 8 ਮਹੀਨਿਆਂ ਬਾਅਦ ਖਾਨ ਅਤੇ ਮਹਿਮੂਦ ਨੂੰ ਛੱਡ ਦਿਤਾ ਗਿਆ ਸੀ। ਖਾਨ ਨੇ ਆਪਣੀ ਰਿਹਾਈ ਦੇ ਬਾਅਦ ਦੱਸਿਆ ਸੀ ਕਿ ‘ਜਿਹਾਦੁਨਸਪੁਨ ਡਾਟ ਕਾਮ’ ਨਾਮ ਦੀ ਵੈਬਸਾਈਟ ਦੀ ਮਾਲਕ ਅਤੇ ਪ੍ਰਕਾਸ਼ਕ ਕਹਿਰ ਹੈਪੇਟਾਈਟਾਸ ਨਾਲ ਜੂਝ ਰਹੀ ਸੀ ਅਤੇ ਮੌਤ ਲਈ ਮਾਨਸਿਕ ਰੂਪ ਨਾਲ ਤਿਆਰ ਸੀ। ਉਹਨਾਂ ਨੂੰ ਅਪਣੀ ਰਿਹਾਈ ਦੀ ਜ਼ਿਆਦਾ ਆਸ ਨਹੀਂ ਸੀ।

ਕਹਿਰ ਨੇ ਪਾਕਿਸਤਾਨ ਨੂੰ ਪੂਰੀ ਤਰ੍ਹਾਂ ਯੁੱਧ ਖੇਤਰ ਕਰਾਰ ਦਿੰਦੇ ਹੋਏ ਇਥੋਂ ਨਿਕਲਣ ਲਈ ਮਦਦ ਮੰਗੀ ਸੀ। ਇਸ ਤੋਂ ਪਹਿਲਾਂ ਅਗਵਾ ਕਰਤਾਵਾਂ ਨੇ  30 ਮਾਰਚ, 2009 ਤਕ ਫਿਰੌਤੀ ਦੀ ਮੰਗ ਪੂਰੀ ਨਾ ਹੋਣ ’ਤੇ ਕਹਿਰ ਨੂੰ ਮਾਰਨ ਦੀ ਧਮਕੀ ਦਿਤੀ ਸੀ। ਮੀਰਾਨਸ਼ਾਹ ਪ੍ਰੈੱਸਕਲੱਬ ਨੂੰ ਭੇਜੇ ਗਏ ਵੀਡੀਉ ਵਿਚ ਕਹਿਰ ਇਹ ਅਪੀਲ ਕਰਦੀ ਨਜ਼ਰ ਆਈ,‘‘ਮੈਨੂੰ ਬਚਾ ਲਓ। ਮੈਂ ਕੈਨੇਡਾ ਸਰਕਾਰ, ਮਨੁੱਖੀ ਅਧਿਕਾਰ ਸੰਗਠਨਾਂ ਅਤੇ ਮੀਡੀਆ ਸੰਘਾਂ ਤੋਂ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲੈਣ ਅਤੇ ਮੈਨੂੰ ਛੁਡਾਉਣ ਦੀ ਅਪੀਲ ਕਰਦੀ ਹਾਂ। ਨਹੀਂ ਤਾਂ ਇਹ ਮੈਨੂੰ ਜਾਨੋਂ ਮਾਰ ਦੇਣਗੇ।’’     
    (ਪੀਟੀਆਈ)