ਜਹਾਜ਼ ਹਾਦਸੇ ’ਚ ਲਾਪਤਾ ਹੋਏ ਬੱਚੇ 40 ਦਿਨਾਂ ਬਾਅਦ ਜੰਗਲ ’ਚੋਂ ਮਿਲੇ ਸੁਰੱਖਿਅਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੈਨ ਜੋਸੇ ਡੇਲ ਗੁਆਵੀਏਰ ਜਾ ਰਿਹਾ ਜਹਾਜ਼ 1 ਮਈ ਨੂੰ ਹੋਇਆ ਸੀ ਹਾਦਸਾਗ੍ਰਸਤ

4 children lost for 40 days after a plane crash are found alive in Colombian jungle

ਬੋਗੋਟਾ  :  ਕੋਲੰਬੀਆ ਵਿਚ 40 ਦਿਨ ਪਹਿਲਾਂ ਇਕ ਜਹਾਜ਼ ਹਾਦਸੇ ਵਿਚ ਲਾਪਤਾ ਹੋਏ 4 ਬੱਚੇ ਐਮਾਜ਼ਾਨ ਦੇ ਜੰਗਲਾਂ ਵਿਚ ਸੁਰੱਖਿਅਤ ਮਿਲੇ ਹਨ। ਰਾਸ਼ਟਰਪਤੀ ਗਸਤਾਨੋ ਪੈਟਰੋ ਨੇ ਸਨਿਚਰਵਾਰ ਨੂੰ ਇਹ ਜਾਣਕਾਰੀ ਦਿਤੀ। ਕਿਊਬਾ ਤੋਂ ਬੋਗੋਟਾ ਪਰਤਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਟਰੋ ਨੇ ਕਿਹਾ ਕਿ ਲਾਪਤਾ ਬੱਚਿਆਂ ਦੀ ਖੋਜ ਲਈ ਵੱਡੇ ਪੈਮਾਨੇ ’ਤੇ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਸੀ।

ਉਨ੍ਹਾਂ ਦਸਿਆ ਕਿ ਬਚਾਅ ਕਰਮੀਆਂ ਨੇ 40 ਦਿਨ ਦੀ ਸਖ਼ਤ ਮਿਹਨਤ ਦੇ ਬਾਅਦ ਬੱਚਿਆਂ ਨੂੰ ਲੱਭਣ ਵਿਚ ਕਾਮਯਾਬੀ ਹਾਸਲ ਕੀਤੀ ਅਤੇ ਹੁਣ ਇਹ ਬੱਚੇ ਡਾਕਟਰੀ ਨਿਗਰਾਨੀ ਵਿਚ ਹਨ। ਪੈਟਰੋ ਵਿਦਰੋਹੀ ਗੁੱਟ ਨੈਸ਼ਨਲ ਲਿਬਰੇਸ਼ਨ ਆਰਮੀ ਦੀ ਨੁਮਾਇੰਦਿਆਂ ਨਾਲ ਜੰਗਬੰਦੀ ਸਮਝੌਤੇ ’ਤੇ ਦਸਤਖ਼ਤ ਕਰਨ ਲਈ ਕਿਊਬਾ ਗਏ ਸਨ।

ਉਨ੍ਹਾਂ ਕਿਹਾ ਕਿ ਇਨ੍ਹਾਂ ਬੱਚਿਆਂ ਦਾ ਅਜਿਹੇ ਗੰਭੀਰ ਹਾਲਾਤ ਵਿਚ ਵੀ 40 ਦਿਨਾਂ ਤਕ ਜਿਉਂਦਾ ਰਹਿਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ ਅਤੇ ਇਨ੍ਹਾਂ ਦੀ ਕਹਾਣੀ ਇਤਿਹਾਸ ਦੇ ਪੰਨਿ੍ਹਆਂ ਵਿਚ ਦਰਜ ਹੋਵੇਗੀ। ਇਹ 4 ਬੱਚੇ ਸੇਸਨਾ ਦੇ ਉਸ ਸਿੰਗਲ ਇੰਜਣ ਵਾਲੇ ਜਹਾਜ਼ ਵਿਚ ਸਵਾਰ 6 ਯਾਤਰੀਆਂ ਵਿਚ ਸਨ, ਜੋ ਇਕ ਮਈ ਨੂੰ ਇੰਜਣ ਵਿਚ ਖ਼ਰਾਬੀ ਕਰਨਾ ਹਾਦਸਾਗ੍ਰਸਤ ਹੋ ਗਿਆ ਸੀ।

ਇਸ ਹਾਦਸੇ ਤੋਂ ਬਾਅਦ ਜਹਾਜ਼ ਦਾ ਰਾਡਾਰ ਨਾਲੋਂ ਸੰਪਰਕ ਟੁੱਟ ਗਿਆ ਸੀ ਅਤੇ ਸਰਕਾਰ ਨੇ ਯਾਤਰੀਆਂ ਨੂੰ ਬਚਾਉਣ ਲਈ ਵੱਡੇ ਪੈਮਾਨੇ ’ਤੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਸੀ। ਤਲਾਸ਼ੀ ਮੁਹਿੰਮ ਦੌਰਾਨ ਬਚਾਅ ਕਰਮੀਆਂ ਨੂੰ 16 ਮਈ ਨੂੰ ਐਮਾਜ਼ਾਨ ਦੇ ਸੰਘਣੇ ਜੰਗਲਾਂ ਵਿਚ ਜਹਾਜ਼ ਦਾ ਮਲਬਾ ਮਿਲਿਆ ਸੀ। ਮਲਬੇ ਵਿਚੋਂ ਜਹਾਜ਼ ਵਿਚ ਸਵਾਰ ਪਾਇਲਟ ਅਤੇ 2 ਹੋਰ ਬਾਲਗ਼ਾਂ ਦੀਆਂ ਲਾਸ਼ਾਂ ਵੀ ਬਰਾਮਦ ਹੋਈਆਂ ਸਨ ਪਰ ਇਸ ਵਿਚ ਸਵਾਰ 4 ਬੱਚਿਆਂ ਦਾ ਪਤਾ ਨਹੀਂ ਲਗਾਇਆ ਜਾ ਸਕਿਆ ਸੀ। 

ਇਸ ਤੋਂ ਬਾਅਦ ਕੋਲੰਬੀਆ ਦੀ ਫ਼ੌਜ ਨੇ 4, 9, 11 ਅਤੇ 13 ਸਾਲ ਦੇ ਬੱਚਿਆਂ ਦੀ ਭਾਲ ਲਈ 150 ਸੈਨਿਕਾਂ ਨੂੰ ਖੋਜੀ ਕੁੱਤਿਆਂ ਨਾਲ ਜੰਗਲ ਵਿਚ ਭੇਜਿਆ। ਕਬਾਇਲੀ ਭਾਈਚਾਰਿਆਂ ਦੇ ਦਰਜਨਾਂ ਮੈਂਬਰਾਂ ਨੇ ਵੀ ਤਲਾਸ਼ੀ ਮੁਹਿੰਮ ਵਿਚ ਸਹਿਯੋਗ ਦਿਤਾ। ਸ਼ੁੱਕਰਵਾਰ ਨੂੰ ਫ਼ੌਜ ਨੇ ਟਵਿੱਟਰ ’ਤੇ ਕੱੁਝ ਤਸਵੀਰਾਂ ਸਾਂਝੀਆਂ ਕੀਤੀਆਂ, ਜਿਸ ’ਚ ਕੰਬਲ ਲੈ ਕੇ ਬੈਠੇ ਇਹ ਬੱਚੇ ਫ਼ੌਜੀਆਂ ਅਤੇ ਕਬਾਇਲੀ ਵਲੰਟੀਅਰਾਂ ਨਾਲ ਨਜ਼ਰ ਆ ਰਹੇ ਹਨ। ਇਕ ਤਸਵੀਰ ਵਿਚ ਇਕ ਸਿਪਾਹੀ ਇਨ੍ਹਾਂ ਵਿਚੋਂ ਸੱਭ ਤੋਂ ਛੋਟੇ ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਂਦਾ ਨਜ਼ਰ ਆ ਰਿਹਾ ਹੈ।