Pakistan News: ਸ਼ਾਹਬਾਜ਼ ਸ਼ਰੀਫ ਦੇ ਵਧਾਈ ਸੰਦੇਸ਼ 'ਤੇ ਬੋਲੇ ਪਾਕਿ ਰੱਖਿਆ ਮੰਤਰੀ, ‘ਇਹ ਸਾਡੇ ਪ੍ਰਧਾਨ ਮੰਤਰੀ ਦੀ ਮਜਬੂਰੀ ਸੀ’
ਸ਼ਾਹਬਾਜ਼ ਨੇ ਇਕ ਛੋਟੇ ਸੰਦੇਸ਼ ਵਿਚ ਪੀਐਮ ਮੋਦੀ ਨੂੰ ਵਧਾਈ ਭੇਜੀ ਅਤੇ ਪੀਐਮ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ।
Pakistan News: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲਗਾਤਾਰ ਤੀਜੀ ਵਾਰ ਦੇਸ਼ ਦੀ ਵਾਗਡੋਰ ਸੰਭਾਲੀ ਹੈ। ਅਜਿਹਾ ਕਰਨ ਵਾਲੇ ਉਹ ਦੇਸ਼ ਦੇ ਪਹਿਲੇ ਗੈਰ-ਕਾਂਗਰਸੀ ਸਿਆਸਤਦਾਨ ਬਣ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੇ ਸਹੁੰ ਚੁੱਕ ਸਮਾਗਮ 'ਤੇ ਦੁਨੀਆ ਭਰ ਦੇ ਦੇਸ਼ਾਂ ਤੋਂ ਵਧਾਈ ਸੰਦੇਸ਼ ਮਿਲੇ ਹਨ। ਇਸ ਵਿਚ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦਾ ਨਾਮ ਵੀ ਸੀ।
ਸ਼ਾਹਬਾਜ਼ ਨੇ ਇਕ ਛੋਟੇ ਸੰਦੇਸ਼ ਵਿਚ ਪੀਐਮ ਮੋਦੀ ਨੂੰ ਵਧਾਈ ਭੇਜੀ ਅਤੇ ਪੀਐਮ ਮੋਦੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਹੁਣ ਇਸ ਮਾਮਲੇ 'ਚ ਪਾਕਿਸਤਾਨ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਪਾਕਿਸਤਾਨੀ ਚੈਨਲ ਜੀਓ ਟੀਵੀ ਨਾਲ ਗੱਲਬਾਤ ਕਰਦਿਆਂ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਕਿਹਾ ਕਿ ਸ਼ਾਹਬਾਜ਼ ਵਲੋਂ ਪੀਐਮ ਮੋਦੀ ਨੂੰ ਵਧਾਈ ਦੇਣਾ ਕੋਈ ਮੁਹੱਬਤ ਨਹੀਂ ਸੀ, ਸਗੋਂ ਸਾਡੇ ਪੀਐਮ ਨੂੰ ਮਜਬੂਰੀ ਵਿਚ ਅਜਿਹਾ ਕਰਨਾ ਪਿਆ।
ਪਾਕਿਸਤਾਨ ਦਾ ਇਹ ਸਪੱਸ਼ਟੀਕਰਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਵਲੋਂ ਨਰਿੰਦਰ ਮੋਦੀ ਨੂੰ ਤੀਜੀ ਵਾਰ ਪ੍ਰਧਾਨ ਮੰਤਰੀ ਚੁਣੇ ਜਾਣ 'ਤੇ ਵਧਾਈ ਦੇਣ ਤੋਂ ਬਾਅਦ ਆਇਆ ਹੈ। ਗੁਆਂਢੀ ਦੇਸ਼ ਦੇ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਕਿਹਾ ਕਿ ਇਹ ਸ਼ਾਹਬਾਜ਼ ਦਾ ਪੀਐੱਮ ਮੋਦੀ ਲਈ ਪਿਆਰ ਨਹੀਂ, ਸਗੋਂ ਮਜਬੂਰੀ ਸੀ। ਉਨ੍ਹਾਂ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅਪੂਰਨ ਸਬੰਧਾਂ ਦਾ ਲੰਬਾ ਇਤਿਹਾਸ ਰਿਹਾ ਹੈ।
ਜੀਓ ਨਿਊਜ਼ ਦੇ ਪ੍ਰੋਗਰਾਮ ਕੈਪੀਟਲ ਟਾਕ 'ਤੇ ਬੋਲਦੇ ਹੋਏ, ਆਸਿਫ ਨੇ ਕਿਹਾ, "ਭਾਰਤੀ ਪ੍ਰਧਾਨ ਮੰਤਰੀ ਬਣਨ 'ਤੇ ਮੋਦੀ ਨੂੰ ਵਧਾਈ ਦੇਣਾ ਸਿਰਫ ਸਾਡੀ ਕੂਟਨੀਤਕ ਮਜਬੂਰੀ ਹੈ। ਆਸਿਫ਼ ਨੇ ਕਿਹਾ ਕਿ ਪਾਕਿਸਤਾਨ ਇਹ ਕਦੇ ਨਹੀਂ ਭੁੱਲੇਗਾ ਕਿ ਮੋਦੀ ਭਾਰਤ ਵਿਚ ‘ਮੁਸਲਮਾਨਾਂ ਦੇ ਕਾਤਲ’ ਹਨ”।
ਦਰਅਸਲ, ਇਕ ਦਿਨ ਪਹਿਲਾਂ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਨਰਿੰਦਰ ਮੋਦੀ ਨੂੰ ਸਹੁੰ ਚੁੱਕਣ ਦੀ ਵਧਾਈ ਦਿਤੀ ਸੀ। ਐਕਸ 'ਤੇ, ਪੀਐਮ ਸ਼ਾਹਬਾਜ਼ ਨੇ ਲਿਖਿਆ, "ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ 'ਤੇ ਨਰਿੰਦਰ ਮੋਦੀ ਨੂੰ ਵਧਾਈਆਂ।" ਸ਼ਾਹਬਾਜ਼ ਦੀ ਪੋਸਟ 'ਤੇ ਜਵਾਬ ਦਿੰਦੇ ਹੋਏ ਮੋਦੀ ਨੇ ਕਿਹਾ ਸੀ, "ਤੁਹਾਡੀਆਂ ਸ਼ੁਭਕਾਮਨਾਵਾਂ ਲਈ ਧੰਨਵਾਦ।" ਇਸ ਤੋਂ ਇਲਾਵਾ ਸਾਬਕਾ ਪ੍ਰਧਾਨ ਮੰਤਰੀ ਅਤੇ ਸੱਤਾਧਾਰੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ ਦੇ ਪ੍ਰਧਾਨ ਨਵਾਜ਼ ਸ਼ਰੀਫ ਨੇ ਵੀ ਇਸ ਮੌਕੇ 'ਤੇ ਪੀਐੱਮ ਮੋਦੀ ਨੂੰ ਵਧਾਈ ਦਿਤੀ ਸੀ।
(For more Punjabi news apart from 'Bad parenting fee' at Georgia restaurant, stay tuned to Rozana Spokesman)