Malawi Plane Crash News: ਮਲਾਵੀ ਦੇ ਉਪ ਰਾਸ਼ਟਰਪਤੀ ਦੀ ਜਹਾਜ਼ ਹਾਦਸੇ 'ਚ ਮੌਤ: 24 ਘੰਟੇ ਬਾਅਦ ਮਿਲਿਆ ਜਹਾਜ਼ ਦਾ ਮਲਬਾ
ਉਪ ਰਾਸ਼ਟਰਪਤੀ ਸੋਲੋਸ ਚਿਲਿਮਾ ਤੋਂ ਇਲਾਵਾ 9 ਹੋਰ ਲੋਕਾਂ ਦੀ ਮੌਤ
Malawi Plane Crash News: ਅਫਰੀਕੀ ਦੇਸ਼ ਮਲਾਵੀ ਦੇ ਉਪ ਰਾਸ਼ਟਰਪਤੀ ਸੋਲੋਸ ਕਲੌਸ ਚਿਲਿਮਾ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਗਈ ਹੈ। ਮਲਾਵੀ ਦੇ ਰਾਸ਼ਟਰਪਤੀ ਲਾਜ਼ਰਸ ਚੱਕਵੇਰਾ ਨੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਕਿਹਾ ਕਿ 24 ਘੰਟੇ ਦੀ ਤਲਾਸ਼ੀ ਮੁਹਿੰਮ ਤੋਂ ਬਾਅਦ ਉਪ ਰਾਸ਼ਟਰਪਤੀ ਦੇ ਜਹਾਜ਼ ਦਾ ਮਲਬਾ ਮਿਲਿਆ ਹੈ। ਜਹਾਜ਼ 'ਚ ਉਪ ਰਾਸ਼ਟਰਪਤੀ ਅਤੇ 9 ਹੋਰ ਲੋਕ ਸਵਾਰ ਸਨ। ਉਨ੍ਹਾਂ ਵਿਚੋਂ ਕੋਈ ਵੀ ਨਹੀਂ ਬਚਿਆ।
ਮਲਾਵੀ ਦੇ ਉਪ ਰਾਸ਼ਟਰਪਤੀ ਦਾ ਜਹਾਜ਼ ਸੋਮਵਾਰ 10 ਜੂਨ ਦੀ ਸਵੇਰ ਨੂੰ ਰਡਾਰ ਤੋਂ ਲਾਪਤਾ ਸੀ। ਸਮਾਚਾਰ ਏਜੰਸੀ ਰਾਇਟਰਸ ਦੇ ਅਨੁਸਾਰ, ਹਵਾਬਾਜ਼ੀ ਅਥਾਰਟੀ ਨੇ ਕਈ ਵਾਰ ਜਹਾਜ਼ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਈ ਸਫਲਤਾ ਨਹੀਂ ਮਿਲੀ।
ਚਿਲਿਮਾ ਦੇ ਜਹਾਜ਼ ਨੇ ਸੋਮਵਾਰ ਦੁਪਹਿਰ ਨੂੰ ਭਾਰਤੀ ਸਮੇਂ ਅਨੁਸਾਰ 2:47 ਵਜੇ ਮਲਾਵੀ ਦੀ ਰਾਜਧਾਨੀ ਲਿਲੋਂਗਵੇ ਤੋਂ ਉਡਾਣ ਭਰੀ। ਕਰੀਬ 45 ਮਿੰਟ ਬਾਅਦ ਇਸ ਨੇ ਮਜੂਜੂ ਸ਼ਹਿਰ ਦੇ ਹਵਾਈ ਅੱਡੇ 'ਤੇ ਉਤਰਨਾ ਸੀ। ਹਾਲਾਂਕਿ ਖਰਾਬ ਮੌਸਮ ਕਾਰਨ ਇਹ ਲੈਂਡ ਨਹੀਂ ਹੋ ਸਕਿਆ। ਇਸ ਤੋਂ ਬਾਅਦ ਜਹਾਜ਼ ਨੂੰ ਲਿਲੋਂਗਵੇ ਵਾਪਸ ਲੈ ਜਾਣ ਦੇ ਆਦੇਸ਼ ਦਿਤੇ ਗਏ। ਇਸ ਤੋਂ ਬਾਅਦ ਇਹ ਜਹਾਜ਼ ਲਾਪਤਾ ਹੋ ਗਿਆ। ਮਲਾਵੀ ਨੇ ਜਹਾਜ਼ ਨੂੰ ਲੱਭਣ ਲਈ ਅਮਰੀਕਾ, ਬ੍ਰਿਟੇਨ, ਨਾਰਵੇ ਅਤੇ ਇਜ਼ਰਾਈਲ ਦੀਆਂ ਸਰਕਾਰਾਂ ਤੋਂ ਵੀ ਮਦਦ ਮੰਗੀ ਸੀ।
(For more Punjabi news apart from Malawi Vice President Chilima killed in plane crash, stay tuned to Rozana Spokesman)