ਸਿੱਖ ਕਾਰੋਬਾਰੀ ਵਲੋਂ ਪ੍ਰਚੰਡ ਨੂੰ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ’ਚ ਮਦਦ ਦੇ ਬਿਆਨ ਮਗਰੋਂ ਗੁਆਂਢੀ ਦੇਸ਼ ’ਚ ਸਿਆਸੀ ਭੂਚਾਲ

ਏਜੰਸੀ

ਖ਼ਬਰਾਂ, ਕੌਮਾਂਤਰੀ

ਨੇਪਾਲ ਦੇ ਪ੍ਰਧਾਨ ਮੰਤਰੀ ਨੇ ਅਪਣੇ ਬਿਆਨ ਲਈ ਸੰਸਦ ’ਚ ਮੰਗੀ ਮਾਫ਼ੀ, ਕਿਹਾ, ਬੇਟੀ ਦੇ ਪਿਤਾ ਵਜੋਂ ਦਿਤਾ ਸੀ ਬਿਆਨ

Sardar Pritam Singh

 

ਕਾਠਮੰਡੂ: ਨੇਪਾਲ ਦੇ ਪ੍ਰਧਾਨ ਮੰਤਰੀ ਪੁਸ਼ਕ ਕਮਲ ਦਾਹਾਲ ‘ਪ੍ਰਚੰਡ’ ਨੇ ਸੋਮਵਾਰ ਨੂੰ ਅਪਣੀ ਇਸ ਵਿਵਾਦਮਈ ਟਿਪਣੀ ’ਤੇ ਦੁੱਖ ਪ੍ਰਗਟ ਕੀਤਾ ਅਤੇ ਮਾਫ਼ੀ ਮੰਗੀ ਕਿ ਇੱਥੇ ਰਹਿਣ ਵਾਲੇ ਇਕ ਭਾਰਤੀ ਕਾਰੋਬਾਰੀ ਨੇ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਕੋਸ਼ਿਸ਼ਾਂ ਕੀਤੀਆਂ ਸਨ। ‘ਪ੍ਰਚੰਡ’ ਨੇ ਕਿਹਾ ਕਿ ਉਨ੍ਹਾਂ ਨੂੰ ਅਪਣੀ ਮੌਜੂਦਾ ਹੈਸੀਅਤ ਵੇਖਦਿਆਂ ਅਜਿਹੀਆਂ ਟਿਪਣੀਆਂ ਨਹੀਂ ਕਰਨੀਆਂ ਚਾਹੀਦੀਆਂ ਸਨ।

ਤਿੰਨ ਜੁਲਾਈ ਨੂੰ ਇਕ ਪੁਸਤਕ ਦੀ ਘੁੰਡ ਚੁਕਾਈ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਪ੍ਰਚੰਡ ਨੇ ਕਿਹਾ ਸੀ ਕਿ ਨੇਪਾਲ ’ਚ ਪ੍ਰਮੁੱਖ ਟਰੱਕਿੰਗ ਉਦਯੋਗਪਤੀ ਸ. ਪ੍ਰੀਤਮ ਸਿੰਘ ਨੇ ਨੇਪਾਲ-ਭਾਰਤ ਸਬੰਧਾਂ ਨੂੰ ਮਜ਼ਬੂਤ ਕਰਨ ’ਚ ਮਹੱਤਵਪੂਰਨ ਅਤੇ ਇਤਿਹਾਸਕ ਭੂਮਿਕਾ ਨਿਭਾਈ ਅਤੇ ਉਨ੍ਹਾਂ ਦੇ ਨੇਪਾਲ ਦਾ ਪ੍ਰਧਾਨ ਮੰਤਰੀ ਬਣਨ ਲਈ ਪੈਰਵੀ ਕੀਤੀ ਸੀ। ‘ਰੋਡਸ ਟੂ ਦ ਵੈਲੀ: ਦ ਲੈਗੇਸੀ ਆਫ਼ ਸਰਦਾਰ ਪ੍ਰੀਤਮ ਸਿੰਘ’ ਨਾਮਕ ਪੁਸਤਕ ਸ. ਪ੍ਰੀਤਮ ਸਿੰਘ ਬਾਰੇ ਹੀ ਲਿਖੀ ਗਈ ਹੈ।
‘ਪ੍ਰਚੰਡ’ ਨੇ ਕਿਹਾ, ‘‘ਉਨ੍ਹਾਂ ਨੇ ਇਕ ਵਾਰੀ ਮੈਨੂੰ ਪ੍ਰਧਾਨ ਮੰਤਰੀ ਬਣਵਾਉਣ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਮੈਨੂੰ ਪ੍ਰਧਾਨ ਮੰਤਰੀ ਬਣਵਾਉਣ ਲਈ ਕਈ ਵਾਰੀ ਦਿੱਲੀ ਤਕ ਪਹੁੰਚ ਕੀਤੀ ਅਤੇ ਕਾਠਮੰਡੂ ’ਚ ਵੀ ਕਈ ਸਿਆਸੀ ਆਗੂਆਂ ਨਾਲ ਗੱਲਬਾਤ ਕੀਤੀ।’’

ਇਹ ਵੀ ਪੜ੍ਹੋ: ਰਣਜੀਤ ਸਾਗਰ ਡੈਮ 'ਚ ਵਧਿਆ ਪਾਣੀ ਦਾ ਪੱਧਰ, ਦਰਿਆ ਦੇ ਕੰਢੇ ਤੋਂ ਦੂਰ ਰਹਿਣ ਦੀ ਅਪੀਲ

ਹਾਲਾਂਕਿ ਸੋਮਵਾਰ ਨੂੰ ਸੰਸਦੀ ਇਜਲਾਸ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਅਪਣੀ ਵਿਵਾਦਮਈ ਟਿਪਣੀ ’ਤੇ ਸਫ਼ਾਈ ਦਿਤੀ। ਉਨ੍ਹਾਂ ਕਿਹਾ, ‘‘ਪ੍ਰਧਾਨ ਮੰਤਰੀ ਵਜੋਂ ਮੈਂ ਜੋ ਬੋਲਿਆ, ਉਹ ਮੈਨੂੰ ਨਹੀਂ ਬੋਲਣਾ ਚਾਹੀਦਾ ਸੀ। ਉਸ ਦਿਨ ਮੈਂ ਪ੍ਰਧਾਨ ਮੰਤਰੀ ਵਜੋਂ ਨਹੀਂ ਬਲਕਿ ਇਕ ਬੇਟੀ ਦੇ ਪਿਤਾ ਵਜੋਂ ਭਾਸ਼ਣ ਦਿਤਾ ਸੀ।’’
ਪ੍ਰਚੰਡ ਨੇ ਕਿਹਾ ਕਿ ਜਦੋਂ ਉਨ੍ਹਾਂ ਦੀ ਵੱਡੀ ਬੇਟੀ ਗਿਆਨੂ ਕੈਂਸਰ ਨਾਲ ਗੰਭੀਰ ਬੀਮਾਰ ਸੀ ਤਾਂ ਉਨ੍ਹਾਂ ਦੇ ਪੁੱਤਰ ਪ੍ਰਕਾਸ਼ ਉਨ੍ਹਾਂ ਨੂੰ ਦਿੱਲੀ ਲੈ ਗਏ ਸਨ। ਜਿੱਥੇ ਉਨ੍ਹਾਂ ਨੇ ਬੇਟੀ ਦਾ ਇਲਾਜ ਕਰਵਾਇਆ ਅਤੇ ਕੁਝ ਸਮੇਂ ਲਈ ਪ੍ਰੀਤਮ ਸਿੰਘ ਦੇ ਘਰ ਰੁਕੇ ਸਨ। ਉਨ੍ਹਾਂ ਕਿਹਾ ਕਿ ਇਸ ਠਹਿਰਾਅ ਦੌਰਾਨ ਸ. ਪ੍ਰੀਤਮ ਸਿੰਘ ਨੇ ਕਿਹਾ ਸੀ, ‘‘ਪ੍ਰਚੰਡ ਨੂੰ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹੈ।’’

ਇਸ ਮੁੱਦੇ ’ਤੇ ਨੇਪਾਲ ’ਚ ਸਿਆਸੀ ਘਸਮਾਨ ਪੈਦਾ ਹੋ ਗਿਆ ਹੈ। ਖੱਬੇ ਪੱਖੀ ਯੂ.ਐਮ.ਐਲ. ਪਾਰਟੀ ਦੇ ਆਗੂ ਰਘੂਜੀ ਪੰਤ ਨੇ ਕਿਹਾ, ‘‘ਪ੍ਰਧਾਨ ਮੰਤਰੀ ਨੂੰ ਨੈਤਿਕ ਆਧਾਰ ’ਤੇ ਅਸਤੀਫ਼ਾ ਦੇਣਾ ਚਾਹੀਦਾ ਹੈ। ਸਾਨੂੰ ਦਿੱਲੀ ਵਲੋਂ ਨਿਯੁਕਤ ਕੀਤਾ ਪ੍ਰਧਾਨ ਮੰਤਰੀ ਨਹੀਂ ਚਾਹੀਦਾ।’’
ਵਿਰੋਧੀ ਪਾਰਟੀਆਂ ਹੀ ਨਹੀਂ ਸਤਾਧਾਰੀ ਪਾਰਟੀਆਂ ਨੇ ਵੀ ਪ੍ਰਚੰਡ ਦੇ ਬਿਆਨ ’ਤੇ ਨਾਖੁਸ਼ੀ ਜ਼ਾਹਰ ਕੀਤੀ ਹੈ। ਸੱਤਾਧਾਰੀ ਪਾਰਟੀ ਦੇ ਬਿਸਵਾ ਪ੍ਰਕਾਸ਼ ਸ਼ਰਮਾ ਨੇ ਕਿਹਾ, ‘‘ਪ੍ਰਧਾਨ ਮੰਤਰੀ ਦੀਆਂ ਟਿਪਣੀਆਂ ਦੀ ਆਲੋਚਨਾ ਸਹੀ ਹੈ। ਉਨ੍ਹਾਂ ਦੀਆਂ ਟਿਪਣੀਆਂ ਗ਼ਲਤ ਹਨ।’’