World Population Day: ਇਹ ਹਨ ਦੁਨੀਆਂ ਵਿਚ ਸੱਭ ਤੋਂ ਵੱਧ ਆਬਾਦੀ ਵਾਲੇ 10 ਦੇਸ਼

ਏਜੰਸੀ

ਖ਼ਬਰਾਂ, ਕੌਮਾਂਤਰੀ

ਵੱਧ ਆਬਾਦੀ ਗਰੀਬੀ, ਆਰਥਕ ਸਮੱਸਿਆਵਾਂ ਅਤੇ ਇਥੋਂ ਤੱਕ ਕਿ ਜਨਤਕ ਸਿਹਤ ਵਰਗੀਆਂ ਚੁਣੌਤੀਆਂ ਪੈਦਾ ਕਰਦੀ ਹੈ

Image: For representation purpose only.



ਨਵੀਂ ਦਿੱਲੀ: ਵਧਦੀ ਆਬਾਦੀ ਪੂਰੀ ਦੁਨੀਆ ਲਈ ਚਿੰਤਾ ਦਾ ਵਿਸ਼ਾ ਹੈ। ਵੱਧ ਆਬਾਦੀ ਗਰੀਬੀ, ਆਰਥਕ ਸਮੱਸਿਆਵਾਂ ਅਤੇ ਇਥੋਂ ਤੱਕ ਕਿ ਜਨਤਕ ਸਿਹਤ ਵਰਗੀਆਂ ਚੁਣੌਤੀਆਂ ਪੈਦਾ ਕਰਦੀ ਹੈ। ਇਹਨਾਂ ਚੁਣੌਤੀਆਂ ਬਾਰੇ ਜਾਗਰੂਕਤਾ ਫੈਲਾਉਣ ਅਤੇ ਉਹਨਾਂ ਨਾਲ ਨਜਿੱਠਣ ਦੀ ਦਿਸ਼ਾ ਵਿਚ ਕੰਮ ਕਰਨ ਲਈ, ਸੰਯੁਕਤ ਰਾਸ਼ਟਰ ਦੁਆਰਾ 1990 ਵਿਚ ਵਿਸ਼ਵ ਆਬਾਦੀ ਦਿਵਸ ਦੀ ਸਥਾਪਨਾ ਕੀਤੀ ਗਈ ਸੀ। ਜੋ ਹਰ ਸਾਲ 11 ਜੁਲਾਈ ਨੂੰ ਮਨਾਇਆ ਜਾਂਦਾ ਹੈ। ਆਓ ਤੁਹਾਨੂੰ ਦੱਸਦੇ ਹਾਂ ਦੁਨੀਆਂ ਦੇ 10 ਸੱਭ ਤੋਂ ਵੱਧ ਆਬਾਦੀ ਵਾਲੇ ਦੇਸ਼ਾਂ ਬਾਰੇ।

ਪਹਿਲਾ- ਭਾਰਤ

ਇਸ ਸਾਲ ਚੀਨ ਨੂੰ ਪਿਛੇ ਛੱਡ ਕੇ ਭਾਰਤ ਦੁਨੀਆਂ 'ਚ ਆਬਾਦੀ ਦੇ ਮਾਮਲੇ 'ਚ ਨੰਬਰ ਇਕ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ 2023 ਦੀ ਰਿਪੋਰਟ ਅਨੁਸਾਰ ਭਾਰਤ ਦੀ ਆਬਾਦੀ 142.86 ਕਰੋੜ ਹੈ, ਜੋ ਕਿ ਚੀਨ ਤੋਂ ਵੱਧ ਹੈ।

ਦੂਜਾ- ਚੀਨ

ਚੀਨ ਜਨਸੰਖਿਆ ਦੇ ਮਾਮਲੇ ਵਿਚ ਕਈ ਦਹਾਕਿਆਂ ਤਕ ਦੁਨੀਆਂ ਵਿਚ ਸੱਭ ਤੋਂ ਉਪਰ ਸੀ ਪਰ ਹੁਣ ਭਾਰਤ ਨੇ ਉਸ ਦੀ ਥਾਂ ਲੈ ਲਈ ਹੈ। ਦੁਨੀਆ ਵਿਚ ਖੇਤਰਫਲ ਦੇ ਲਿਹਾਜ਼ ਨਾਲ ਤੀਜੇ ਨੰਬਰ 'ਤੇ ਆਉਣ ਵਾਲੇ ਚੀਨ ਦੀ ਕੁੱਲ ਆਬਾਦੀ 142.57 ਕਰੋੜ ਹੈ।

ਤੀਜਾ- ਸੰਯੁਕਤ ਰਾਜ ਅਮਰੀਕਾ

ਸੰਯੁਕਤ ਰਾਜ ਅਮਰੀਕਾ ਇਸ ਸੂਚੀ ਵਿਚ ਤੀਜੇ ਨੰਬਰ 'ਤੇ ਹੈ, ਜਿਸ ਦੀ ਆਬਾਦੀ ਲਗਭਗ 34 ਕਰੋੜ ਹੈ। ਸੰਯੁਕਤ ਰਾਜ ਅਮਰੀਕਾ ਖੇਤਰਫਲ ਦੇ ਹਿਸਾਬ ਨਾਲ 4ਵੇਂ ਨੰਬਰ 'ਤੇ ਆਉਂਦਾ ਹੈ, ਵਰਲਡ-ਓ-ਮੀਟਰ ਮੁਤਾਬਕ ਅਮਰੀਕਾ ਦਾ ਖੇਤਰਫਲ 9,147,420 ਵਰਗ ਕਿਲੋਮੀਟਰ ਹੈ।

ਚੌਥਾ- ਇੰਡੋਨੇਸ਼ੀਆ

17,508 ਟਾਪੂਆਂ ਵਾਲੇ ਇਸ ਦੇਸ਼ ਦੀ ਆਬਾਦੀ ਲਗਭਗ 27.75 ਕਰੋੜ ਹੈ, ਇਹ ਦੁਨੀਆਂ ਦਾ ਚੌਥਾ ਸੱਭ ਤੋਂ ਵੱਧ ਆਬਾਦੀ ਵਾਲਾ ਦੇਸ਼ ਹੈ ਅਤੇ ਦੁਨੀਆਂ ਦਾ ਸੱਭ ਤੋਂ ਵੱਧ ਮੁਸਲਿਮ ਆਬਾਦੀ ਵਾਲਾ ਦੇਸ਼ ਹੈ।

ਪੰਜਵਾਂ- ਪਾਕਿਸਤਾਨ

ਭਾਰਤ ਦਾ ਇਹ ਗੁਆਂਢੀ ਦੇਸ਼ ਆਬਾਦੀ ਦੇ ਲਿਹਾਜ਼ ਨਾਲ 6ਵੇਂ ਨੰਬਰ 'ਤੇ ਆਉਂਦਾ ਹੈ। ਪਾਕਿਸਤਾਨ ਦੀ ਆਬਾਦੀ 24.05 ਕਰੋੜ ਹੈ।

ਛੇਵਾਂ- ਨਾਈਜੀਰੀਆ

ਪੱਛਮੀ ਅਫ਼ਰੀਕਾ ਵਿਚ ਸਥਿਤ ਇਸ ਦੇਸ਼ ਦੀ ਆਬਾਦੀ ਸਮੁੱਚੇ ਅਫ਼ਰੀਕੀ ਮਹਾਂਦੀਪ ਵਿਚ ਸੱਭ ਤੋਂ ਵੱਧ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਸਾਲ 2023 ਦੀ ਰਿਪੋਰਟ ਦੇ ਅਨੁਸਾਰ, ਨਾਈਜੀਰੀਆ ਦੀ ਆਬਾਦੀ 22.38 ਕਰੋੜ ਹੈ।

ਸੱਤਵਾਂ- ਬ੍ਰਾਜ਼ੀਲ

ਬ੍ਰਾਜ਼ੀਲ ਦੱਖਣੀ ਅਮਰੀਕਾ ਦਾ ਸੱਭ ਤੋਂ ਵੱਡਾ ਦੇਸ਼ ਹੈ। ਇਹ ਵਿਸ਼ਵ ਦੀ ਆਬਾਦੀ ਵਿਚ ਸੱਤਵੇਂ ਸਥਾਨ 'ਤੇ ਆਉਂਦਾ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ ਅਨੁਸਾਰ ਬ੍ਰਾਜ਼ੀਲ ਦੀ ਆਬਾਦੀ 21.64 ਕਰੋੜ ਹੈ।

ਅੱਠਵਾਂ- ਬੰਗਲਾਦੇਸ਼

ਬੰਗਲਾਦੇਸ਼ ਦੀ ਆਬਾਦੀ 17.3 ਕਰੋੜ ਹੈ ਅਤੇ ਇਹ ਲਗਾਤਾਰ ਵਧ ਰਹੀ ਹੈ।

ਨੌਵਾਂ- ਰੂਸ

ਖੇਤਰਫਲ ਦੇ ਲਿਹਾਜ਼ ਨਾਲ ਰੂਸ ਦੁਨੀਆ ਦਾ ਸੱਭ ਤੋਂ ਵੱਡਾ ਦੇਸ਼ ਹੈ। ਵਰਲਡ-ਓ-ਮੀਟਰ ਅਨੁਸਾਰ, ਇਸ ਦਾ ਖੇਤਰਫਲ 16,376,870 ਵਰਗ ਕਿਲੋਮੀਟਰ ਵਿਚ ਫੈਲਿਆ ਹੋਇਆ ਹੈ। ਰੂਸ ਦੀ ਆਬਾਦੀ 14.44 ਕਰੋੜ ਹੈ।

ਦਸਵਾਂ - ਮੈਕਸੀਕੋ

ਇਹ ਦੇਸ਼ ਉਤਰੀ ਅਮਰੀਕਾ ਵਿਚ ਸਥਿਤ ਹੈ। ਇਸ ਦੀ ਆਬਾਦੀ 12.85 ਕਰੋੜ ਹੈ।