America News: ਅਮਰੀਕਾ ’ਚ ਪਹਿਲਾ ਸਾਬਤ ਸੂਰਤ ਸਿੱਖ ਬਣਿਆ ਪੁਲਿਸ ਅਫ਼ਸਰ ਤਸਪ੍ਰੀਤ ਸਿੰਘ
2019 ਵਿੱਚ ਪਟਿਆਲਾ ਤੋਂ ਅਮਰੀਕਾ ਗਿਆ ਸੀ ਤਸਪ੍ਰੀਤ ਸਿੰਘ
Taspreet Singh becomes first openly Sikh police officer in America: ਪਟਿਆਲਾ ਦੇ ਨਾਮੀ ਪਰਵਾਰ ਤੇ ਸਵਰਗੀ ਗੁਰਮੀਤ ਸਿੰਘ ਗਿੱਲ ਦੇ ਪੁੱਤਰ ਜੌਰਜ ਤਸਪ੍ਰੀਤ ਸਿੰਘ ਗਿੱਲ ਓਹੀਓ ਕਲੀਵਲੈਂਡ ਅਮਰੀਕਾ ਸ਼ਹਿਰ ਦਾ ਪਹਿਲਾ ਪੰਜਾਬੀ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ ਹਾਸਲ ਕਰ ਚੁੱਕਾ ਹੈ।
ਜੌਰਜ ਤਸਪ੍ਰੀਤ ਸਿੰਘ ਗਿੱਲ ਸਾਲ 2019 ਵਿੱਚ ਪਟਿਆਲਾ ਤੋਂ ਅਮਰੀਕਾ ਗਿਆ ਸੀ। ਪਹਿਲਾਂ ਉਸ ਨੇ ਯੂਐਸਏ ਆਰਮੀ ਜੁਆਇਨ ਕੀਤੀ ਅਤੇ ਹੁਣ ਪੁਲਿਸ ਜੁਆਇਨ ਕਰ ਲਈ ਹੈ। ਤਸਪ੍ਰੀਤ ਸਿੰਘ ਗਿੱਲ ਨੇ ਐਫ਼ਬੀਆਈ ਦਾ ਵੀ ਟੈਸਟ ਕਲੀਅਰ ਕਰ ਲਿਆ ਸੀ ਪਰ ਉਸ ਨੇ ਪੁਲਿਸ ਵਿਚ ਸੇਵਾ ਨਿਭਾਉਣ ਦਾ ਫ਼ੈਸਲਾ ਕੀਤਾ। ਗਿੱਲ ਪਰਵਾਰ ਸ਼ਾਹੀ ਸ਼ਹਿਰ ਦਾ ਨਾਮੀ ਪਰਵਾਰ ਹੈ। ਤਸਪ੍ਰੀਤ ਸਿੰਘ ਗਿੱਲ ਦੇ ਵੱਡੇ ਭਰਾ ਐਡਵੋਕੇਟ ਕੰਵਰ ਗਿੱਲ ਨਾਮੀ ਸਾਈਕਲਿਸਟ ਹਨ ਅਤੇ ਦੂਜੇ ਵੱਡੇ ਭਰਾ ਕੰਵਰ ਹਰਪ੍ਰੀਤ ਸਿੰਘ ਗਿੱਲ ਉੱਘੇ ਸਮਾਜ ਸੇਵਕ ਅਤੇ ਨਾਮੀ ਕਾਰੋਬਾਰੀ ਹਨ।
ਜੌਰਜ ਦੇ ਪਿਤਾ ਸਵਰਗੀ ਗੁਰਮੀਤ ਸਿੰਘ ਗਿੱਲ ਨਾਮੀ ਸਪੋਰਟਸ ਪ੍ਰਮੋਟਰ ਅਤੇ ਲੋਕ ਸੇਵਾ ਕਰ ਰਹੇ ਸਨ। ਪਰਵਾਰ ਨੂੰ ਵੀ ਜੌਰਜ ਦੀ ਇਸ ਪ੍ਰਾਪਤੀ ਉੱਤੇ ਵੱਡਾ ਮਾਣ ਹੈ। ਇਸ ਨਾਲ ਹੀ ਸ਼ਹਿਰ ਨਿਵਾਸੀਆਂ ਨੂੰ ਵੀ ਤਸਪ੍ਰੀਤ ਸਿੰਘ ਗਿੱਲ ਦੀ ਪ੍ਰਾਪਤੀ ’ਤੇ ਨਾਜ਼ ਹੈ। ਤਸਪ੍ਰੀਤ ਸਿੰਘ ਗਿੱਲ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਦਸਿਆ ਕਿ ਜਦੋਂ ਉਹ ਸਾਲ 2019 ਵਿਚ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੇ ਸੋਚ ਲਿਆ ਸੀ ਕਿ ਉਹ ਸੁਰੱਖਿਆ ਫ਼ੋਰਸ ਵਿਚ ਹੀ ਕੰਮ ਕਰਨਗੇ ਅਤੇ ਅੱਜ ਉਨ੍ਹਾਂ ਨੇ ਇਹ ਮੁਕਾਮ ਹਾਸਲ ਕਰ ਲਿਆ ਹੈ ਅਤੇ ਓਹੀਓ ਕਲੀਵਲੈਂਡ ਸ਼ਹਿਰ ਵਿਚ ਉਹ ਪਹਿਲੇ ਸਾਬਤ ਸੂਰਤ ਸਿੱਖ ਪੁਲਿਸ ਅਫ਼ਸਰ ਬਣ ਗਏ ਹਨ। ਇਸ ਗੱਲ ਦਾ ਵੀ ਉਨ੍ਹਾਂ ਮਾਣ ਜਤਾਇਆ ਕਿ ਪਰਵਾਰ ਵਿਚੋਂ ਸੱਭ ਤੋਂ ਛੋਟੇ ਹੁੰਦਿਆਂ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ ।