ਪਾਕਿ ਤੇ ਭਾਰਤ ਨੇ ਬੇਨਤੀ ਕੀਤੀ ਤਾਂ ਕਸ਼ਮੀਰ ਮੁੱਦੇ 'ਤੇ ਮਦਦ ਲਈ ਤਿਆਰ : ਸੰਯੁਕਤ ਰਾਸ਼ਟਰ ਮਹਾਂਸਭਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਕੌਮਾਂਤਰੀ

ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸਤਰ ਦੇ ਪ੍ਰਧਾਨ ਲੋਵਕਾਨ ਬੋਜਿਕਰ ਨੇ ਸੋਮਵਾਰ ਨੂੰ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ

File Photo

ਇਸਲਾਮਾਬਾਦ, 10 ਅਗੱਸਤ : ਸੰਯੁਕਤ ਰਾਸ਼ਟਰ ਮਹਾਂਸਭਾ ਦੇ 75ਵੇਂ ਸਤਰ ਦੇ ਪ੍ਰਧਾਨ ਲੋਵਕਾਨ ਬੋਜਿਕਰ ਨੇ ਸੋਮਵਾਰ ਨੂੰ ਕਿਹਾ ਕਿ ਕਸ਼ਮੀਰ ਮੁੱਦੇ 'ਤੇ ਭਾਰਤ ਅਤੇ ਪਾਕਿਸਤਾਨ ਦੇ ਮਤਭੇਦ ਦੂਰ ਕਰਨ ਲਈ ਉਹ ਅਪਣੇ ਅਧਿਕਾਰ ਖੇਤਰ ਦੇ ਦਾਇਰੇ ਵਿਚ ਮਦਦ ਕਰਨ ਲਈ ਤਿਆਰ ਹਨ ਬਸ਼ਰਤੇ ਦੋਵੇਂ ਪੱਖ ਇਸ ਲਈ ਬੇਨਤੀ ਕਰਨ। ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨਾਲ ਪੱਤਰਕਾਰ ਵਾਰਤਾ ਵਿਚ ਬੋਜਿਕਰ ਨੇ ਕਿਹਾ ਕਸ਼ਮੀਰ ਮੁੱਦੇ ਦਾ ਹਲ ਦਖਣੀ ਏਸ਼ੀਆ ਵਿਚ ਸ਼ਾਂਤੀ ਲਈ ਮਹੱਤਵਪੂਰਨ ਹੈ। ਇਸ ਲਈ ਉਨ੍ਹਾਂ ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਅਪਣੇ ਅਧਿਕਾਰ ਖੇਤਰ ਮੁਤਾਬਕ ਉਹ ਇਸ ਵਿਚ ਮਦਦ ਕਰ ਸਕਦੇ ਹਨ।

ਉਨ੍ਹਾਂ ਨੇ ਕਿਹਾ,''ਜੇਕਰ ਮੇਰੇ ਸਹਿਯੋਗ ਲਈ ਦੋਵੇਂ ਪੱਖ ਬੇਨਤੀ ਕਰਦੇ ਹਨ ਤਾਂ ਮੈਂ ਅਪਣੇ ਅਧਿਕਾਰ ਖੇਤਰ ਅੰਦਰ ਯੋਗਦਾਨ ਕਰਨ ਲਈ ਤਿਆਰ ਹਾਂ। ਜ਼ਿਕਯੋਗ ਹੈ ਕਿ ਭਾਰਤ ਦਾ ਲੰਬੇ ਸਮੇਂ ਤੋਂ ਇਹ ਰੁਖ਼ ਰਿਹਾ ਹੈ ਕਿ ਕਸ਼ਮੀਰ ਦੋਹਾਂ ਦੇਸ਼ਾਂ ਵਿਚਾਲੇ ਇਕ ਦੁਵੱਲਾ ਮੁੱਦਾ ਹੈ ਅਤੇ ਕਿਸੇ ਤੀਸਰੇ ਪੱਖ ਦੀ ਵਿਚੋਲਗੀ ਜਾਂ ਦਖ਼ਲ ਦਾ ਕੋਈ ਸਵਾਲ ਨਹੀਂ ਉਠਦਾ। ਪਿਛਲੇ ਸਾਲ ਪੰਜ ਅਗੱਸਤ ਨੂੰ ਤਤਕਾਲੀ ਜੰਮੂ ਕਸ਼ਮੀਰ ਦਾ ਵਿਸ਼ੇਸ਼ ਦਰਜਾ ਭਾਰਤ ਵਲੋਂ ਖ਼ਤਮ ਕੀਤੇ ਜਾਣ ਅਤੇ ਉਸ ਨੂੰ ਦੋ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡੇ ਜਾਣ 'ਤੇ ਪਾਕਿਸਤਾਨ ਨੇ ਇਸ ਮੁੱਦੇ ਨੂੰ ਆਲਮੀ ਪੱਧਰ 'ਤੇ ਚੁੱਕਣ ਦੀ ਕੋਸ਼ਿਸ਼ ਕੀਤੀ ਹੈ।

ਬੋਜਿਕਰ ਸੰਯੁਕਤ ਰਾਸ਼ਟਰ ਮਹਾਂਸਪਾ ਦੇ ਪ੍ਰਧਾਨ ਬਣਨ ਵਾਲੇ ਤੁਰਕੀ ਦੇ ਪਹਿਲੇ ਡਿਪਲੋਮੇਟ ਹਨ। ਉਨ੍ਹਾਂ ਕਿਹਾ ਕਿ 'ਖੇਤਰੀ ਸੁਰੱਖਿਆ ਸਿਆਸੀ ਅਤੇ ਡਿਪਲੋਮੈਟਿਕ ਤਰੀਕੇ ਨਾਲ ਕਾਇਮ ਰੱਖੀ ਜਾਣੀ ਚਾਹੀਦੀ ਹੈ।'' ਉਨ੍ਹਾਂ ਕਿਹਾ ਕਿ ਸਾਰੇ ਮੁੱਦੇ ਦਾ ਹਲ ਸਾਰਥਕ ਗਲਬਾਤ ਰਾਹੀਂ ਸ਼ਾਂਤੀਪੂਰਨ ਤਰੀਕੇ ਨਾਲ ਕੀਤਾ ਜਾਣਾ ਚਾਹੀਦਾ ਹੈ। ਬੋਜਿਕਰ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਮੁਲਾਕਾਤ ਕੀਤੀ।