ਯੂਗਾਂਡਾ ਦੀ ਰਾਜਧਾਨੀ ’ਚ ਕੂੜੇ ਦਾ ਢੇਰ ਡਿੱਗਣ ਨਾਲ 18 ਲੋਕਾਂ ਦੀ ਮੌਤ 

ਏਜੰਸੀ

ਖ਼ਬਰਾਂ, ਕੌਮਾਂਤਰੀ

ਭਾਰੀ ਮੀਂਹ ਕਾਰਨ ਕੂੜੇ ਦਾ ਢੇਰ ਢਹਿ ਗਿਆ, ਘੱਟੋ-ਘੱਟ 14 ਹੋਰ ਲੋਕ ਜ਼ਖਮੀ ਹੋ ਗਏ

Uganda.

ਕੰਪਾਲਾ: ਯੂਗਾਂਡਾ ਦੀ ਰਾਜਧਾਨੀ ਕੰਪਾਲਾ ’ਚ ਕੂੜੇ ਦਾ ਢੇਰ ਡਿੱਗਣ ਨਾਲ ਘੱਟੋ-ਘੱਟ 18 ਲੋਕਾਂ ਦੀ ਮੌਤ ਹੋ ਗਈ। ਰੈੱਡ ਕਰਾਸ ਨੇ ਇਹ ਜਾਣਕਾਰੀ ਦਿਤੀ। ਕੰਪਾਲਾ ਕੈਪੀਟਲ ਸਿਟੀ ਅਥਾਰਟੀ ਨੇ ਇਕ ਬਿਆਨ ’ਚ ਕਿਹਾ ਕਿ ਸ਼ੁਕਰਵਾਰ ਦੇਰ ਰਾਤ ਕਿਟੇਜੀ ’ਚ ਕੂੜੇ ਦਾ ਢੇਰ ਡਿੱਗਣ ਨਾਲ ਘੱਟੋ-ਘੱਟ 14 ਹੋਰ ਲੋਕ ਜ਼ਖਮੀ ਹੋ ਗਏ। ਕਿਟਜ਼ੇ ਲੈਂਡਫਿਲ, ਕੰਪਾਲਾ ਦੇ ਜ਼ਿਆਦਾਤਰ ਹਿੱਸੇ ਤੋਂ ਕੂੜੇ ਦਾ ਨਿਪਟਾਰਾ ਕਰਨ ਵਾਲੀ ਥਾਂ ਹੈ। 

ਮੰਨਿਆ ਜਾ ਰਿਹਾ ਹੈ ਕਿ ਭਾਰੀ ਮੀਂਹ ਕਾਰਨ ਕੂੜੇ ਦਾ ਢੇਰ ਢਹਿ ਗਿਆ। ਘਟਨਾ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਪਰ ਸ਼ਹਿਰ ਦੇ ਅਧਿਕਾਰੀਆਂ ਨੇ ਕਿਹਾ ਕਿ ‘ਕੂੜਾ ਬੇਤਰਤੀਬ ਤਰੀਕੇ ਨਾਲ ਸੁਟਿਆ ਗਿਆ ਸੀ, ਜਿਸ ਕਾਰਨ ਇਹ ਢੇਰ ਢਹਿ ਗਿਆ।’

ਯੂਗਾਂਡਾ ਰੈੱਡ ਕਰਾਸ ਦੇ ਬੁਲਾਰੇ ਆਈਰੀਨ ਨਕਾਸੀਤਾ ਨੇ ਕਿਹਾ ਕਿ ਐਤਵਾਰ ਨੂੰ ਘਟਨਾ ਸਥਾਨ ਤੋਂ ਹੋਰ ਲਾਸ਼ਾਂ ਬਰਾਮਦ ਹੋਣ ਤੋਂ ਬਾਅਦ ਮ੍ਰਿਤਕਾਂ ਦੀ ਗਿਣਤੀ 18 ਹੋ ਗਈ ਹੈ। ਉਨ੍ਹਾਂ ਕਿਹਾ, ‘‘ਮੁਹਿੰਮ ਅਜੇ ਖਤਮ ਨਹੀਂ ਹੋਈ ਹੈ। ਮੀਂਹ ਕੂੜੇ ਦੇ ਢੇਰਾਂ ਨੂੰ ਖੋਦਣ ਲਈ ਬਚਾਅ ਟੀਮਾਂ ਦੀਆਂ ਕੋਸ਼ਿਸ਼ਾਂ ’ਚ ਰੁਕਾਵਟ ਪਾ ਰਿਹਾ ਹੈ।’’

ਕਿਟੇਜ਼ੀ ਲੈਂਡਫਿਲ ਸ਼ਹਿਰ ਦੇ ਪਿਛਲੇ ਖੇਤਰ ’ਚ ਇਕ ਖੜੀ ਢਲਾਨ ’ਤੇ ਸਥਿਤ ਹੈ, ਜਿੱਥੇ ਪਲਾਸਟਿਕ ਕੂੜਾ ਇਕੱਠਾ ਕਰਨ ਵਾਲੀਆਂ ਔਰਤਾਂ ਅਤੇ ਬੱਚੇ ਅਕਸਰ ਕੰਮ ਲਈ ਇਕੱਠੇ ਹੁੰਦੇ ਹਨ। ਲੈਂਡਫਿਲ ਸਾਈਟ ਦੇ ਨੇੜੇ ਕੁੱਝ ਘਰ ਵੀ ਬਣਾਏ ਗਏ ਹਨ।