9/11 ਦੀ ਬਰਸੀ ਮੌਕੇ ਤਾਲਿਬਾਨੀਆਂ ਵੱਲੋਂ ਅਮਰੀਕੀ ਅੰਬੈਂਸੀ 'ਤੇ ਹਮਲਾ

ਏਜੰਸੀ

ਖ਼ਬਰਾਂ, ਕੌਮਾਂਤਰੀ

ਰਾਤੀਂ 12 ਵਜੇ ਰਾਕੇਟ ਨਾਲ ਕੀਤਾ ਹਮਲਾ

Rocket attack on US Embassy in Afghanistan on 9/11 anniversary

ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਇਕ ਵਾਰ ਫਿਰ ਤਾਲਿਬਾਨੀ ਅਤਿਵਾਦੀਆਂ ਨੇ ਕਹਿਰ ਨਜ਼ਰ ਆਇਆ। ਮੰਗਲਵਾਰ-ਬੁੱਧਵਾਰ ਦੀ ਅੱਧੀ ਰਾਤ ਨੂੰ ਜਿਵੇਂ ਹੀ 12 ਵੱਜੇ, ਓਵੇਂ ਹੀ ਤਾਲਿਬਾਨੀ ਅਤਿਵਾਦੀਆਂ ਨੇ ਕਾਬੁਲ ਵਿਚ ਅਮਰੀਕੀ ਅੰਬੈਂਸੀ ਨੂੰ ਨਿਸ਼ਾਨਾ ਬਣਾਉਂਦੇ ਹੋਏ ਬੰਬ ਧਮਾਕਾ ਕੀਤਾ। ਤਾਲਿਬਾਨੀ ਅਤਿਵਾਦੀਆਂ ਨੇ ਇਹ ਹਮਲਾ ਕਰਨ ਲਈ 11 ਸਤੰਬਰ ਦਾ ਦਿਨ ਚੁਣਿਆ ਕਿਉਂਕਿ 18 ਸਾਲ ਪਹਿਲਾਂ ਅੱਜ ਦੇ ਦਿਨ ਹੀ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ’ਤੇ ਅਤਿਵਾਦੀ ਹਮਲਾ ਹੋਇਆ ਸੀ,ਜਿਸ ਵਿਚ ਹਜ਼ਾਰਾਂ ਲੋਕ ਮਾਰੇ ਗਏ ਸਨ।

ਇਕ ਰਿਪੋਰਟ ਮੁਤਾਬਕ ਅਮਰੀਕੀ ਦੂਤਾਵਾਸ ਦੇ ਇਕ ਮੁਲਾਜ਼ਮ ਨੇ ਧਮਾਕੇ ਦੀ ਪੁਸ਼ਟੀ ਤਾਂ ਕੀਤੀ ਪਰ ਉਸ ਨੇ ਇਸ ਸਬੰਧੀ ਕੋਈ ਵੇਰਵੇ ਨਹੀਂ ਦਿੱਤੇ। ਧਮਾਕੇ ਵਾਲੀ ਥਾਂ ’ਤੇ ਦੂਰੋਂ ਹੀ ਭਾਰੀ ਮਾਤਰਾ ਵਿਚ ਧੂੰਆਂ ਉੱਠਦਾ ਦੇਖਿਆ ਗਿਆ। ਇਹ ਧਮਾਕਾ ਕਾਬੁਲ ਸਥਿਤ ਅਮਰੀਕੀ ਸਫ਼ਾਰਤਖਾਨੇ ਦੇ ਕੈਂਪਸ ਅੰਦਰ ਡਿੱਗੇ ਇਕ ਰਾਕੇਟ ਕਾਰਨ ਹੋਇਆ ਹੈ, ਜਿਸ ਨੂੰ ਤਾਲਿਬਾਨੀ ਅਤਿਵਾਦੀਆਂ ਨੇ ਦਾਗ਼ਿਆ ਸੀ।

ਦਰਅਸਲ ਇਹ ਹਮਲਾ ਅਜਿਹੇ ਸਮੇਂ ਵੀ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਤਾਲਿਬਾਨ ਨਾਲ ਸ਼ਾਂਤੀਵਾਰਤਾ ਰੋਕਣ ਦਾ ਐਲਾਨ ਕੀਤਾ ਹੈ। ਟਰੰਪ ਦੇ ਐਲਾਨ ਮਗਰੋਂ ਅਫ਼ਗਾਨਿਸਤਾਨ ਦੀ ਰਾਜਧਾਨੀ ’ਤੇ ਇਹ ਪਹਿਲਾ ਵੱਡਾ ਅਤਿਵਾਦੀ ਹਮਲਾ ਹੈ। ਉਂਝ ਪਿਛਲੇ ਹਫ਼ਤੇ ਵੀ ਦੋ ਕਾਰ ਬੰਬ ਧਮਾਕਿਆਂ ਵਿਚ ਕਈ ਵਿਅਕਤੀ ਮਾਰੇ ਗਏ ਸਨ, ਜਿਨ੍ਹਾਂ ਪਿੱਛੇ ਵੀ ਤਾਲਿਬਾਨ ਦਾ ਹੱਥ ਦੱਸਿਆ ਜਾ ਰਿਹਾ ਸੀ। ਇਸ ਹਮਲੇ ਵਿਚ ਕੌਮਾਂਤਰੀ ਨਾਟੋ ਮਿਸ਼ਨ ਦੇ ਦੋ ਮੈਂਬਰ ਵੀ ਮਾਰੇ ਗਏ ਸਨ।

ਦੱਸ ਦਈਏ ਕਿ ਅਮਰੀਕਾ ਤੇ ਤਾਲਿਬਾਨ ਵਿਚਾਲੇ ਲਗਭਗ ਪਿਛਲੇ 20 ਸਾਲਾਂ ਤੋਂ ਜੰਗ ਚੱਲਦੀ ਆ ਰਹੀ ਹੈ ਤੇ ਉਸ ਦਾ ਹਾਲੇ ਤੱਕ ਕੋਈ ਨਤੀਜਾ ਨਹੀਂ ਨਿਕਲ ਸਕਿਆ।  ਹੁਣ ਅਮਰੀਕਾ ਵੱਲੋਂ ਤਾਲਿਬਾਨ ਨਾਲ ਸ਼ਾਂਤੀ ਵਾਰਤਾ ਰੱਦ ਕੀਤੇ ਜਾਣ ਮਗਰੋਂ ਕਾਬੁਲ ’ਚ ਅਮਰੀਕੀ ਅੰਬੈਂਸੀ ’ਤੇ ਹਮਲਾ ਕਰਕੇ ਤਾਲਿਬਾਨੀ ਅਤਿਵਾਦੀਆਂ ਨੇ ਇਕ ਵਾਰ ਫਿਰ ਤੋਂ ਅਮਰੀਕਾ ਨੂੰ ਅਪਣੀ ਤਾਕਤ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਖਣਾ ਹੋਵੇਗਾ ਕਿ ਹੁਣ ਅਮਰੀਕਾ ਇਸ ਦਾ ਕਿਸ ਤਰ੍ਹਾਂ ਜਵਾਬ ਦੇਵੇਗਾ।

ਦੇਖੋ ਵੀਡੀਓ:

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।