ਵੀਅਤਨਾਮ ’ਚ ਚੱਕਰਵਾਤ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਹੋਈ 141
ਚੱਕਰਵਾਤ ‘ਯਾਗੀ’ ਅਤੇ ਚੱਕਰਵਾਤ ਨਾਲ ਜੁੜੀਆਂ ਹੋਰ ਘਟਨਾਵਾਂ ’ਚ ਬੁਧਵਾਰ ਨੂੰ 16 ਹੋਰ ਲੋਕਾਂ ਦੀ ਮੌਤ ਹੋਈ
ਹਨੋਈ: ਚੱਕਰਤਾਵੀ ਤੂਫਾਨ ‘ਯਾਗੀ’ ਕਾਰਨ ਵੀਅਤਨਾਮ ਦੇ ਉੱਤਰੀ ਖੇਤਰ ’ਚ ਅਚਾਨਕ ਹਾਏ ਹੜ੍ਹ ’ਚ ਬੁਧਵਾਰ ਨੂੰ 16 ਹੋਰ ਲੋਕਾਂ ਦੀ ਮੌਤ ਹੋ ਗਈ ਜਿਸ ਨਾਲ ਚੱਕਰਵਾਤ ਨਾਲ ਸਬੰਧਤ ਘਟਨਾਵਾਂ ’ਚ ਮਰਨ ਵਾਲਿਆਂ ਦੀ ਗਿਣਤੀ 141 ਹੋ ਗਈ ਹੈ।
ਵੀਅਤਨਾਮ ਦੇ ਸਰਕਾਰੀ ਪ੍ਰਸਾਰਕ ਵੀ.ਟੀ.ਵੀ. ਨੇ ਦਸਿਆ ਕਿ ਲਾਓ ਕਾਈ ਸੂਬੇ ਵਿਚ ਇਕ ਪਹਾੜ ਤੋਂ ਵਹਿ ਰਹੇ ਹੜ੍ਹ ਦੇ ਪਾਣੀ ਨੇ ਲੈਂਗ ਨੂ ਪਿੰਡ ਨੂੰ ਤਬਾਹ ਕਰ ਦਿਤਾ। ਇਸ ਪਿੰਡ ’ਚ 35 ਪਰਵਾਰ ਰਹਿੰਦੇ ਸਨ। ਚਾਅ ਕਰਮਚਾਰੀਆਂ ਨੇ 16 ਲਾਸ਼ਾਂ ਬਰਾਮਦ ਕੀਤੀਆਂ ਹਨ ਅਤੇ ਲਗਭਗ 40 ਲੋਕਾਂ ਦੀ ਭਾਲ ਜਾਰੀ ਹੈ।
ਰੀਪੋਰਟ ਵਿਚ ਕਿਹਾ ਗਿਆ ਹੈ ਕਿ ਮੀਂਹ ਕਾਰਨ ਹੜ੍ਹ ਅਤੇ ਜ਼ਮੀਨ ਖਿਸਕਣ ਨਾਲ ਜੁੜੀਆਂ ਘਟਨਾਵਾਂ ਵਿਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 141 ਹੋ ਗਈ ਹੈ, ਜਦਕਿ 69 ਲੋਕ ਲਾਪਤਾ ਹਨ ਅਤੇ ਸੈਂਕੜੇ ਜ਼ਖਮੀ ਹਨ।ਤੂਫਾਨ ‘ਯਾਗੀ’ ਦਹਾਕਿਆਂ ’ਚ ਵੀਅਤਨਾਮ ’ਚ ਆਉਣ ਵਾਲਾ ਸੱਭ ਤੋਂ ਸ਼ਕਤੀਸ਼ਾਲੀ ਤੂਫਾਨ ਹੈ। ਇਹ ਸਨਿਚਰਵਾਰ ਨੂੰ 149 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਤੱਟ ਨਾਲ ਟਕਰਾਇਆ।