Nepal News: ਕੈਦੀਆਂ ਨੇ ਚੁਕਿਆ ਪ੍ਰਦਰਸ਼ਨਾਂ ਦਾ ਫ਼ਾਇਦਾ, ਵੱਖ-ਵੱਖ ਜੇਲ੍ਹਾਂ ਵਿਚੋਂ 7,000 ਤੋਂ ਵੱਧ ਕੈਦੀ ਫਰਾਰ
ਇਕ ਜੇਲ ’ਚ ਝੜਪ ਕਾਰਨ ਪੁਲਿਸ ਦੀ ਗੋਲੀ ਨਾਲ 5 ਨਾਬਾਲਗ ਕੈਦੀਆਂ ਦੀ ਮੌਤ
ਕਾਠਮੰਡੂ: ਪਛਮੀ ਨੇਪਾਲ ਦੀ ਇਕ ਜੇਲ ’ਚ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ’ਚ ਘੱਟੋ-ਘੱਟ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ, ਜਦਕਿ ਦੇਸ਼ ਭਰ ਦੀਆਂ ਵੱਖ-ਵੱਖ ਜੇਲ੍ਹਾਂ ਵਿਚੋਂ 7,000 ਤੋਂ ਵੱਧ ਕੈਦੀ ਫਰਾਰ ਹੋ ਗਏ। ਦੇਸ਼ ਅੰਦਰ ਦੋ ਦਿਨਾਂ ਤੋਂ ਹੋ ਰਹੇ ਪ੍ਰਦਰਸ਼ਨਾਂ ਦਾ ਕੈਦੀਆਂ ਨੇ ਫਾਇਦਾ ਉਠਾਇਆ ਅਤੇ ਜੇਲ੍ਹਾਂ ਤੋਂ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਦੇ ਨਤੀਜੇ ਵਜੋਂ ਮੰਗਲਵਾਰ ਤੋਂ ਕਈ ਜੇਲ ਸਹੂਲਤਾਂ ਵਿਚ ਝੜਪਾਂ ਹੋਈਆਂ।
ਰਾਈਜ਼ਿੰਗ ਨੇਪਾਲ ਅਖਬਾਰ ਨੇ ਦਸਿਆ ਕਿ ਬੰਕੇ ਦੀ ਬੈਜਨਾਥ ਦਿਹਾਤੀ ਨਗਰਪਾਲਿਕਾ-3 ’ਚ ਸਥਿਤ ਨੌਬਸਤਾ ਖੇਤਰੀ ਜੇਲ ’ਚ ਮੰਗਲਵਾਰ ਰਾਤ ਨੂੰ ਸੁਰੱਖਿਆ ਕਰਮਚਾਰੀਆਂ ਨਾਲ ਹੋਈ ਝੜਪ ’ਚ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ। ਅਖਬਾਰ ਨੇ ਨੌਬਸਤਾ ਜੁਵੇਨਾਈਲ ਕੁਰੈਕਸ਼ਨਲ ਹੋਮ ਆਫਿਸ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਕੈਦੀਆਂ ਨੇ ਸੁਧਾਰ ਘਰ ਦੇ ਸੁਰੱਖਿਆ ਕਰਮਚਾਰੀਆਂ ਦੇ ਹਥਿਆਰ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਗੋਲੀਬਾਰੀ ਕੀਤੀ, ਜਿਸ ਵਿਚ ਪੰਜ ਨਾਬਾਲਗ ਕੈਦੀਆਂ ਦੀ ਮੌਤ ਹੋ ਗਈ ਅਤੇ ਚਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ।
ਅਧਿਕਾਰੀਆਂ ਮੁਤਾਬਕ ਜੇਲ ਦੇ 585 ਕੈਦੀਆਂ ਵਿਚੋਂ 149 ਅਤੇ ਨਾਬਾਲਗ ਘਰ ਦੇ 176 ਨਜ਼ਰਬੰਦਾਂ ਵਿਚੋਂ 76 ਘਟਨਾ ਦੌਰਾਨ ਫਰਾਰ ਹੋ ਗਏ। ਮਾਈ ਰਿਪਬਲਿਕਾ ਅਖਬਾਰ ਨੇ ਰੀਪੋਰਟ ਦਿਤੀ ਹੈ ਕਿ ਦੇਸ਼ ਭਰ ਵਿਚ ਲਗਭਗ 7,000 ਕੈਦੀ ਵੱਖ-ਵੱਖ ਜੇਲ੍ਹਾਂ ਤੋਂ ਫਰਾਰ ਹੋ ਗਏ ਹਨ।
ਗ੍ਰਹਿ ਮੰਤਰਾਲੇ ਦੇ ਸੂਤਰਾਂ ਦੇ ਹਵਾਲੇ ਨਾਲ ਅਖਬਾਰ ਨੇ ਦਸਿਆ ਕਿ ਦਿੱਲੀ ਬਾਜ਼ਾਰ ਜੇਲ (1,100), ਚਿਤਵਨ (700), ਨਕਖੂ (1,200), ਸਨਸਾਰੀ ਦੀ ਝੁੰਪਕਾ (1,575), ਕੰਚਨਪੁਰ (450), ਕੈਲਾਲੀ (612), ਜਲੇਸ਼ਵਰ (576), ਕਾਸਕੀ (773), ਡਾਂਗ (124), ਜੁਮਲਾ (36), ਸੋਲੁਖੁੰਬੂ (86), ਗੌਰ (260) ਅਤੇ ਬਾਝੰਗ (65) ਸਮੇਤ ਕਈ ਥਾਵਾਂ ਤੋਂ ਫਰਾਰ ਹੋਣ ਦੀ ਖ਼ਬਰ ਮਿਲੀ ਹੈ।
ਅਖਬਾਰ ਨੇ ਇਕ ਵੱਖਰੀ ਰੀਪੋਰਟ ’ਚ ਕਿਹਾ ਕਿ 43 ਔਰਤਾਂ ਸਮੇਤ ਸਾਰੇ 471 ਕੈਦੀ ਦਖਣੀ ਨੇਪਾਲ ਦੇ ਬਾਗਮਤੀ ਸੂਬੇ ਦੀ ਸਿੰਧੂਲੀਗਾਧੀ ਜ਼ਿਲ੍ਹਾ ਜੇਲ ਤੋਂ ਫਰਾਰ ਹੋ ਗਏ। ਜੇਲ ਪ੍ਰਸ਼ਾਸਨ ਮੁਤਾਬਕ ਕੈਦੀਆਂ ਨੇ ਬੁਧਵਾਰ ਸਵੇਰੇ ਸਹੂਲਤ ਦੇ ਅੰਦਰ ਅੱਗ ਲਗਾ ਦਿਤੀ ਅਤੇ ਭੱਜਣ ਲਈ ਮੁੱਖ ਗੇਟ ਤੋੜ ਦਿਤਾ। ਪੁਲਿਸ ਸੁਪਰਡੈਂਟ ਲਾਲਧਵਜ ਸੂਬੇਦੀ ਨੇ ਪੁਸ਼ਟੀ ਕੀਤੀ ਕਿ ਸਾਰੇ ਕੈਦੀ ਜੇਲ ਤੋਂ ਬਾਹਰ ਆ ਗਏ ਹਨ।
ਕਾਠਮੰਡੂ ਪੋਸਟ ਅਖਬਾਰ ਨੇ ਕਿਹਾ ਕਿ ਦਖਣੀ ਨੇਪਾਲ ਦੀ ਨਵਲਪਾਰਸੀ ਪਛਮੀ ਜ਼ਿਲ੍ਹਾ ਜੇਲ ਤੋਂ 500 ਤੋਂ ਵੱਧ ਕੈਦੀ ਫਰਾਰ ਹੋ ਗਏ। ਇਸ ਦੌਰਾਨ ਕਾਠਮੰਡੂ ’ਚ ਦਿੱਲੀ ਬਾਜ਼ਾਰ ਜੇਲ ਤੋਂ ਭੱਜਣ ਦੀ ਕੋਸ਼ਿਸ਼ ਕਰਨ ਵਾਲੇ ਇਕ ਕੈਦੀ ਨੂੰ ਸਥਾਨਕ ਨੌਜੁਆਨਾਂ ਨੇ ਫੜ ਲਿਆ ਅਤੇ ਨੇਪਾਲੀ ਫੌਜ ਦੇ ਹਵਾਲੇ ਕਰ ਦਿਤਾ।