ਸਿੱਖ ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਮਹਾਰਾਣੀ ਐਲਿਜ਼ਾਬੈਥ-2 ਦੀ ਸਨਮਾਨ ਵਾਲੀ ਸੂਚੀ 'ਚ ਸ਼ਾਮਲ
ਸੂਚੀ ਵਿਚ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਵੀ ਸ਼ਾਮਲ
ਲੰਡਨ : ਮਹਾਰਾਣੀ ਐਲਿਜ਼ਾਬੈੱਥ-2 ਦੇ ਜਨਮ ਦਿਨ 'ਤੇ ਸਨਮਾਨਤ ਹੋਣ ਵਾਲੀਆਂ ਸ਼ਖ਼ਸੀਅਤਾਂ ਦੀ ਸੂਚੀ ਜਾਰੀ ਕਰ ਦਿਤੀ ਗਈ ਹੈ। ਇਸ ਵਿਚ ਆਕਸਫ਼ੋਰਡ ਯੂਨੀਵਰਸਿਟੀ ਦੇ ਈਕੋ ਸਿਸਟਮ ਸਾਇੰਸ ਦੇ ਪ੍ਰ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਤੇ ਭਾਰਤੀ ਮੂਲ ਦੇ ਅਰਬਪਤੀ ਭਰਾਵਾਂ ਜ਼ੁਬੇਰ ਅਤੇ ਮੋਹਸਿਨ ਇਸਾ ਦੇ ਨਾਂ ਸ਼ਾਮਲ ਹਨ।
ਬਲੇਕਬਰਨ ਦੇ ਰਹਿਣ ਵਾਲੇ ਇਨ੍ਹਾਂ ਭਰਾਵਾਂ ਦੇ ਪਿਤਾ 1970 ਵਿਚ ਗੁਜਰਾਤ ਤੋਂ ਯੂ.ਕੇ. ਆਏ ਸਨ ਤੇ ਉਨ੍ਹਾਂ ਪਟਰੌਲ ਸਟੇਸ਼ਨਾਂ ਦੀ ਯੂਰੋ ਗੈਰੇਜ ਚੇਨ ਸ਼ੁਰੂ ਕੀਤੀ ਸੀ। ਪ੍ਰੋਫ਼ੈਸਰ ਯਾਦਵਿੰਦਰ ਸਿੰਘ ਮੱਲ੍ਹੀ ਨੂੰ ਇਹ ਸਨਮਾਨ ਉਨ੍ਹਾਂ ਵਲੋਂ ਈਕੋ ਸਿਸਟਮ ਸਾਇੰਸ ਲਈ ਦਿਤੀਆਂ ਅਹਿਮ ਸੇਵਾਵਾਂ ਲਈ ਦਿਤਾ ਜਾ ਰਿਹਾ ਹੈ। ਪ੍ਰੋਫ਼ੈਸਰ ਮੱਲ੍ਹੀ ਨੂੰ ਇਸ ਸਾਲ ਦੇ ਸ਼ੁਰੂ ਵਿਚ ਲੰਡਨ ਦੇ ਨੈਚੁਰਲ ਹਿਸਟਰੀ ਮਿਊਜ਼ੀਅਮ ਦਾ ਟਰੱਸਟੀ ਨਿਯੁਕਤ ਕੀਤਾ ਗਿਆ ਸੀ।
74 ਸਾਲਾ ਦੇ ਪ੍ਰੋਫ਼ੈਸਰ ਮੱਲ੍ਹੀ ਨੂੰ ਐਮ.ਬੀ.ਈ. (ਮੈਂਬਰ ਆਫ਼ ਦ ਆਰਡਰ ਆਫ਼ ਦੀ ਬ੍ਰਿਟਿਸ਼ ਅੰਪਾਇਰ) ਐਵਾਰਡ ਨਾਲ ਸਨਮਾਨਤ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਸੰਦੀਪ ਸਿੰਘ ਡੇਹਲੋਂ ਨੂੰ ਲਾਕਡਾਊਨ ਦੌਰਾਨ ਗੁਰਦਵਾਰੇ ਬੰਦ ਹੋਣ 'ਤੇ ਅਰਦਾਸ ਲਈ ਆਨਲਾਈਨ ਪੋਰਟਲ ਚਾਲੂ ਕਰਨ ਲਈ ਸਨਮਾਨਤ ਕੀਤਾ ਜਾ ਰਿਹਾ ਹੈ।
ਉਨ੍ਹਾਂ ਇਹ ਪੋਰਟਲ ਸਿੱਖਾਂ ਦੇ ਨਿਤਨੇਮ ਵਿਚ ਰੁਕਾਵਟ ਨਾ ਪਵੇ, ਇਸ ਲਈ ਚਾਲੂ ਕੀਤਾ ਸੀ। ਬਿੰਟੀ ਦੀ ਸੰਸਥਾਪਕ ਮਨਜੀਤ ਕੌਰ ਗਿੱਲ ਨੂੰ ਔਰਤਾਂ ਲਈ ਦਿਤੀਆਂ ਵਿਸ਼ੇਸ਼ ਸੇਵਾਵਾਂ ਲਈ ਸਨਮਾਨਤ ਕੀਤਾ ਜਾ ਰਿਹਾ ਹੈ। ਸਿਹਤ ਸੰਭਾਲ ਲਈ ਸੇਵਾਵਾਂ ਦੇਣ ਵਾਲੀਆਂ 740 ਔਰਤਾਂ ਨੂੰ ਵੀ ਇਸ ਮੌਕੇ ਸਨਮਾਨਤ ਕਰਨ ਦਾ ਪ੍ਰੋਗਰਾਮ ਹੈ।