Donald Trump : ਭਾਰਤ ਸਭ ਤੋਂ ਵੱਧ ਟੈਰਿਫ ਵਾਲਾ ਦੇਸ਼ ਹੈ : ਟਰੰਪ

ਏਜੰਸੀ

ਖ਼ਬਰਾਂ, ਕੌਮਾਂਤਰੀ

ਸੱਤਾ ’ਚ ਆਉਣ ’ਤੇ ਜਵਾਬੀ ਕਾਰਵਾਈ ਕਰਨ ਦਾ ਅਹਿਦ ਲਿਆ

Donald Trump

Donald Trump : ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸੱਤਾ ’ਚ ਆਉਣ ’ਤੇ ਦੋ-ਪੱਖੀ ਟੈਕਸ ਲਗਾਉਣ ਦਾ ਸੰਕਲਪ ਲਿਆ ਅਤੇ ਦੋਸ਼ ਲਾਇਆ ਕਿ ਸਾਰੇ ਪ੍ਰਮੁੱਖ ਦੇਸ਼ਾਂ ’ਚੋਂ ਭਾਰਤ ਵਿਦੇਸ਼ੀ ਉਤਪਾਦਾਂ ’ਤੇ ਸੱਭ ਤੋਂ ਜ਼ਿਆਦਾ ਮਸੂਲ (ਟੈਰਿਫ਼) ਲਗਾਉਂਦਾ ਹੈ।

ਟਰੰਪ ਨੇ ਡੈਟ੍ਰਾਇਟ ’ਚ ਅਪਣੇ ਪ੍ਰਮੁੱਖ ਆਰਥਕ ਨੀਤੀ ਭਾਸ਼ਣ ’ਚ ਕਿਹਾ, ‘‘ਅਮਰੀਕਾ ਨੂੰ ਫਿਰ ਤੋਂ ਖੁਸ਼ਹਾਲ ਬਣਾਉਣ ਦੀ ਮੇਰੀ ਯੋਜਨਾ ’ਚ ਸ਼ਾਇਦ ਸੱਭ ਤੋਂ ਮਹੱਤਵਪੂਰਨ ਤੱਤ ਆਪਸੀ ਤਾਲਮੇਲ ਹੈ। ਇਹ ਇਕ ਸ਼ਬਦ ਹੈ ਜੋ ਮੇਰੀ ਯੋਜਨਾ ’ਚ ਬਹੁਤ ਮਹੱਤਵਪੂਰਨ ਹੈ ਕਿਉਂਕਿ ਅਸੀਂ ਆਮ ਤੌਰ ’ਤੇ ਮਸੂਲ ਨਹੀਂ ਲਗਾਉਂਦੇ। ਮੈਂ ਉਸ ਪ੍ਰਕਿਰਿਆ ਨੂੰ ਵੈਨਾਂ ਅਤੇ ਛੋਟੇ ਟਰੱਕਾਂ ਆਦਿ ਨਾਲ ਸ਼ੁਰੂ ਕੀਤਾ... ਉਹ ਸ਼ਾਨਦਾਰ ਸੀ। ਅਸੀਂ ਅਸਲ ’ਚ ਉਨ੍ਹਾਂ ਤੋਂ ਕੋਈ ਚਾਰਜ ਨਹੀਂ ਲੈਂਦੇ। ਚੀਨ 200 ਫੀ ਸਦੀ ਮਸੂਲ ਲਗਾਏਗਾ। ਬ੍ਰਾਜ਼ੀਲ ਬੜਾ ਮਸੂਲ ਵਸੂਲਦਾ ਲੈਂਦਾ ਹੈ। ਹਾਲਾਂਕਿ, ਇਨ੍ਹਾਂ ਵਿਚੋਂ ਸੱਭ ਤੋਂ ਵੱਧ ਭਾਰਤ ਲਗਾਉਂਦਾ ਹੈ।’’

ਉਨ੍ਹਾਂ ਕਿਹਾ, ‘‘ਭਾਰਤ ਬਹੁਤ ਜ਼ਿਆਦਾ ਮਸੂਲ ਲੈਂਦਾ ਹੈ। ਭਾਰਤ ਨਾਲ ਸਾਡੇ ਬਹੁਤ ਚੰਗੇ ਸਬੰਧ ਹਨ। ਮੇਰੇ ਵੀ ਹਨ। ਖਾਸ ਤੌਰ ’ਤੇ ਨੇਤਾ (ਪ੍ਰਧਾਨ ਮੰਤਰੀ ਨਰਿੰਦਰ) ਮੋਦੀ ਨਾਲ। ਉਹ ਇਕ ਮਹਾਨ ਨੇਤਾ ਹਨ। ਮਹਾਨ ਲੋਕ। ਸੱਚਮੁੱਚ ਮਹਾਨ ਲੋਕ। ਉਨ੍ਹਾਂ ਨੇ ਬਹੁਤ ਵਧੀਆ ਕੰਮ ਕੀਤਾ ਹੈ ਪਰ ਉਹ ਸ਼ਾਇਦ ਕਾਫ਼ੀ ਮਸੂਲ ਲੈਂਦੇ ਹਨ।’’

ਟਰੰਪ ਦੀ ਇਹ ਟਿਪਣੀ ਉਨ੍ਹਾਂ ਵਲੋਂ ਇਸ ਹਫਤੇ ਦੇ ਸ਼ੁਰੂ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕੀਤੇ ਜਾਣ ਤੋਂ ਬਾਅਦ ਆਈ ਹੈ। ਟਰੰਪ ਨੇ ਮੋਦੀ ਨੂੰ ‘ਸੱਭ ਤੋਂ ਵਧੀਆ ਇਨਸਾਨ’ ਦਸਿਆ ਅਤੇ ਭਾਰਤੀ ਆਗੂ ਨੂੰ ਅਪਣਾ ਦੋਸਤ ਕਿਹਾ। ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦੇ ਮੋਦੀ ਨਾਲ ‘ਬਹੁਤ ਚੰਗੇ ਸਬੰਧ’ ਹਨ।