Bangladesh News : ਬੰਗਲਾਦੇਸ਼ ਦੇ ਮੰਦਰ ’ਚੋਂ PM ਮੋਦੀ ਵਲੋਂ ਭੇਟ ਮੁਕੁਟ ਚੋਰੀ ਹੋਣ ’ਤੇ ਭਾਰਤ ਚਿੰਤਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਧਾਰਮਕ ਚੀਜ਼ਾਂ ਦੀ ਚੋਰੀ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ

Bangladesh temple

Bangladesh News : ਭਾਰਤ ਨੇ ਬੰਗਲਾਦੇਸ਼ ਨੂੰ ਅਪੀਲ ਕੀਤੀ ਹੈ ਕਿ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ 2021 ’ਚ ਅਪਣੀ ਯਾਤਰਾ ਦੌਰਾਨ ਜੈਸ਼ੋਰੇਸ਼ਵਰੀ ਕਾਲੀ ਮੰਦਰ ਨੂੰ ਤੋਹਫ਼ੇ ’ਚ ਦਿਤੀਆਂ ਧਾਰਮਕ ਚੀਜ਼ਾਂ ਦੀ ਕਥਿਤ ਚੋਰੀ ਦੀ ਜਾਂਚ ਕਰੇ।

ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ਵਿਚ ਧਾਰਮਕ ਚੀਜ਼ਾਂ ਦੀ ਚੋਰੀ ’ਤੇ ਡੂੰਘੀ ਚਿੰਤਾ ਜ਼ਾਹਰ ਕੀਤੀ ਅਤੇ ਅਧਿਕਾਰੀਆਂ ਨੂੰ ਇਸ ਦੀ ਬਰਾਮਦਗੀ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਅਪੀਲ ਕੀਤੀ।

ਉਨ੍ਹਾਂ ਕਿਹਾ, ‘‘ਅਸੀਂ 2021 ’ਚ ਬੰਗਲਾਦੇਸ਼ ਦੌਰੇ ਦੌਰਾਨ ਜੇਸ਼ੋਰੇਸ਼ਵਰੀ ਕਾਲੀ ਮੰਦਰ (ਸਤਖੀਰਾ) ’ਚ ਪ੍ਰਧਾਨ ਮੰਤਰੀ ਮੋਦੀ ਵਲੋਂ ਤੋਹਫ਼ੇ ’ਚ ਦਿਤੇ ਗਏ ਮੁਕੁਟ ਚੋਰੀ ਹੋਣ ਦੀਆਂ ਰੀਪੋਰਟਾਂ ਦੇਖੀਆਂ ਹਨ। ਅਸੀਂ ਅਪਣੀ ਡੂੰਘੀ ਚਿੰਤਾ ਜ਼ਾਹਰ ਕਰਦੇ ਹਾਂ ਅਤੇ ਬੰਗਲਾਦੇਸ਼ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਉਹ ਚੋਰੀ ਦੀ ਜਾਂਚ ਕਰੇ, ਤਾਜ ਬਰਾਮਦ ਕਰੇ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਵੇ।’’

ਭਾਰਤ ਸਰਕਾਰ ਦੇ ਸੂਤਰਾਂ ਨੇ ਕਿਹਾ ਕਿ ਨਵੀਂ ਦਿੱਲੀ ਕਥਿਤ ਚੋਰੀ ਨੂੰ ਲੈ ਕੇ ਬਹੁਤ ਚਿੰਤਤ ਹੈ। ਉਨ੍ਹਾਂ ਕਿਹਾ ਕਿ ਢਾਕਾ ਵਿਚ ਭਾਰਤੀ ਹਾਈ ਕਮਿਸ਼ਨ ਇਸ ਮੁੱਦੇ ’ਤੇ ਬੰਗਲਾਦੇਸ਼ੀ ਅਧਿਕਾਰੀਆਂ ਦੇ ਸੰਪਰਕ ਵਿਚ ਹੈ। ਸੂਤਰਾਂ ਨੇ ਦਸਿਆ ਕਿ ਬੰਗਲਾਦੇਸ਼ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਘਟਨਾ ਦੀ ਜਾਂਚ ਕਰਨ, ਚੋਰੀ ਕੀਤੀ ਗਈ ਚੀਜ਼ ਬਰਾਮਦ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਕਟਹਿਰੇ ਵਿਚ ਲਿਆਉਣ ਦੀ ਬੇਨਤੀ ਕੀਤੀ ਗਈ ਹੈ।