Justin Trudeau met PM Modi : PM ਮੋਦੀ ਨੇ ਲਾਓਸ ’ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਕੀਤੀ ਮੁਲਾਕਾਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਟਰੂਡੋ ਨੇ ਕਿਹਾ ਕਿ ਬੈਠਕ ਦੌਰਾਨ ਸੰਖੇਪ ਗੱਲਬਾਤ ਹੋਈ

Justin Trudeau met PM Modi

Justin Trudeau met PM Modi : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਉਨ੍ਹਾਂ ਦੇ ਹਮਰੁਤਬਾ ਜਸਟਿਨ ਟਰੂਡੋ ਨੇ ਲਾਓਸ ’ਚ ਆਸੀਆਨ ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕੀਤੀ। ਦੋਹਾਂ ਆਗੂਆਂ ਵਿਚਾਲੇ ਇਹ ਮੁਲਾਕਾਤ ਟਰੂਡੋ ਵਲੋਂ  ਕੈਨੇਡਾ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੀ ਮੌਤ ਵਿਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਗਾਉਣ ਦੇ ਤਕਰੀਬਨ ਇਕ ਸਾਲ ਬਾਅਦ ਹੋਈ ਹੈ।

ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ (ਸੀ.ਬੀ.ਸੀ. ਨਿਊਜ਼) ਮੁਤਾਬਕ ਟਰੂਡੋ ਨੇ ਕਿਹਾ ਕਿ ਬੈਠਕ ਦੌਰਾਨ ਸੰਖੇਪ ਗੱਲਬਾਤ ਹੋਈ। ਇਹ ਬੈਠਕ ਲਾਓਸ ਦੀ ਰਾਜਧਾਨੀ ਵਿਏਨਤਿਆਨ ’ਚ ਦਖਣੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਸਿਖਰ ਸੰਮੇਲਨ ਦੌਰਾਨ ਹੋਈ।

ਟਰੂਡੋ ਨੇ ਵਿਏਨਤਿਆਨ ’ਚ ਇਕ ਪੱਤਰਕਾਰ ਸੰਮੇਲਨ ’ਚ ਕਿਹਾ, ‘‘ਮੈਂ ਜ਼ੋਰ ਦੇ ਕੇ ਕਿਹਾ ਕਿ ਸਾਨੂੰ ਕੁੱਝ  ਚੀਜ਼ਾਂ ਕਰਨ ਦੀ ਜ਼ਰੂਰਤ ਹੈ। ਅਸੀਂ ਜੋ ਚਰਚਾ ਕੀਤੀ, ਮੈਂ ਉਸ ਦੇ ਵਿਸਥਾਰ ’ਚ ਨਹੀਂ ਜਾਣਾ ਚਾਹੁੰਦਾ ਪਰ ਮੈਂ ਕਿਹਾ ਕਿ ਕਾਨੂੰਨ ਦੇ ਸ਼ਾਸਨ ਨੂੰ ਕਾਇਮ ਰਖਣਾ ਅਤੇ ਕੈਨੇਡਾ ਦੇ ਲੋਕਾਂ ਦੀ ਰੱਖਿਆ ਕਰਨਾ ਕਿਸੇ ਵੀ ਕੈਨੇਡੀਅਨ ਸਰਕਾਰ ਦੀ ਬੁਨਿਆਦੀ ਜ਼ਿੰਮੇਵਾਰੀ ਹੈ ਅਤੇ ਮੈਂ ਉਥੇ ਹੀ ਧਿਆਨ ਕੇਂਦਰਿਤ ਰਖਾਂਗਾ।’’

ਪਿਛਲੇ ਸਾਲ ਟਰੂਡੋ ਨੇ ਦੋਸ਼ ਲਾਇਆ ਸੀ ਕਿ 18 ਜੂਨ, 2023 ਨੂੰ ਸਰ੍ਹੀ ਸ਼ਹਿਰ ਦੇ ਇਕ ਗੁਰਦੁਆਰੇ ਦੇ ਬਾਹਰ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤੀ ਏਜੰਟ ਸ਼ਾਮਲ ਸਨ। ਨਿੱਝਰ ਨੂੰ ਭਾਰਤ ਨੇ 2020 ’ਚ ਅਤਿਵਾਦੀ ਐਲਾਨਿਆ ਸੀ। ਨਵੀਂ ਦਿੱਲੀ ਨੇ ਟਰੂਡੋ ਦੇ ਦੋਸ਼ਾਂ ਨੂੰ ਬੇਤੁਕਾ ਦੱਸਦਿਆਂ ਰੱਦ ਕਰ ਦਿਤਾ ਸੀ।