ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਗਏ ਮਾਪਿਆਂ ਦੇ ਇਕਲੌਤੇ ਕਮਾਊ ਪੁੱਤ ਦੀ ਹੋਈ ਮੌਤ

ਏਜੰਸੀ

ਖ਼ਬਰਾਂ, ਕੌਮਾਂਤਰੀ

ਵਿਕਟੋਰੀਆ 'ਚ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾਈ ਸੀ ਕਾਰ

late Sai Rohit Paladugu

ਵਿਕਟੋਰੀਆ : ਉਚੇਰੀ ਪੜ੍ਹਾਈ ਲਈ ਆਸਟ੍ਰੇਲੀਆ ਗਏ ਭਾਰਤੀ ਵਿਦਿਆਰਥੀ ਨਾਲ ਦਰਦਨਾਕ ਹਾਦਸਾ ਪੇਸ਼ ਆਇਆ ਹੈ ਜਿਸ ਵਿਚ ਉਸ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ 27 ਸਾਲਾ ਸਾਈ ਰੋਹਿਤ ਪਾਲਾਡੁਗੂ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਰੋਹਿਤ ਦੀ ਕਾਰ ਇੱਕ ਦਰੱਖਤ ਨਾਲ ਟਕਰਾਅ ਗਈ ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ, ਸਾਈ ਰੋਹਿਤ ਪਾਲਾਡੁਗੂ ਚਿਤੂਰ ਜ਼ਿਲ੍ਹੇ ਦੇ ਪੋਲਕਾਲਾ ਯੇਲਮਪੱਲੀ ਪਿੰਡ ਦਾ ਵਸਨੀਕ ਸੀ ਅਤੇ ਉਹ 2017 ਵਿੱਚ ਉਚੇਰੀ ਪੜ੍ਹਾਈ ਲਈ ਆਸਟਰੇਲੀਆ ਗਿਆ ਸੀ।

ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਸਾਈ ਰੋਹਿਤ ਪਾਲਾਡੁਗੂ ਕਰਜ਼ਾ ਚੁੱਕ ਕੇ ਵਿਦੇਸ਼ ਗਿਆ ਸੀ ਅਤੇ ਹੁਣ ਇਸ ਦੀ ਅਦਾਇਗੀ ਲਈ ਕੰਮ ਕਰ ਰਿਹਾ ਸੀ। ਸਾਈ ਰੋਹਿਤ ਪਾਲਾਡੁਗੂ ਦੇ ਪਿਤਾ ਜੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਉਹ ਆਪਣੇ ਮਾਪਿਆਂ ਦਾ ਇਕਲੌਤਾ ਕਮਾਊ ਪੁੱਤ ਸੀ। ਉਧਰ ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਵਿਕਟੋਰੀਆ ਪੁਲਿਸ ਦਾ ਮੰਨਣਾ ਹੈ ਕਿ 3 ਨਵੰਬਰ ਨੂੰ ਜਦੋਂ ਇਹ ਹਾਦਸਾ ਵਾਪਰਿਆ ਤਾਂ ਸਾਈ ਰੋਹਿਤ ਪਾਲਾਡੁਗੂ ਕਾਰ ਵਿਚ ਗੌਲਬਰਨ ਵੈਲੀ ਹਾਈਵੇਅ 'ਤੇ ਉੱਤਰ ਵੱਲ ਜਾ ਰਿਹਾ ਸੀ।

ਇਸ ਦੌਰਾਨ ਜਦੋਂ ਇਹ ਸੜਕ ਛੱਡ ਕੇ ਹਿਊਮ ਫ੍ਰੀਵੇਅ ਇੰਟਰਚੇਂਜ ਦੇ ਨੇੜੇ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਸਾਈ ਰੋਹਿਤ ਪਾਲਾਡੁਗੂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਫਿਲਹਾਲ ਇਹ ਪਤਾ ਨਹੀਂ ਲੱਗਾ ਹੈ ਕਿ ਹਾਦਸਾ ਕਿਸ ਸਮੇਂ ਵਾਪਰਿਆ ਜਿਸ ਦੀ ਪੁਲਿਸ ਵਲੋਂ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਸਾਈ ਰੋਹਿਤ ਪਾਲਾਡੁਗੂ ਦੇ ਪਰਿਵਾਰ ਦੀ ਮਾਲੀ ਸਹਾਇਤਾ ਲਈ ਤੇਲਗੂ ਐਸੋਸੀਏਸ਼ਨ ਆਫ ਆਸਟ੍ਰੇਲੀਆ ਵਲੋਂ ਉਪਰਾਲਾ ਕਰਦਿਆਂ ਕਰੀਬ 65 ਹਜ਼ਾਰ ਡਾਲਰ ਇਕੱਠੇ ਕੀਤੇ ਗਏ ਹਨ।