Punjabi father & son shot dead : ਕੈਨੇਡਾ ’ਚ ਫਿਰ ‘ਗੈਂਗਵਾਰ’, ਪੰਜਾਬੀ ਪਿਉ-ਪੁੱਤਰ ਦਾ ਕਤਲ

ਏਜੰਸੀ

ਖ਼ਬਰਾਂ, ਕੌਮਾਂਤਰੀ

11 ਸਾਲਾਂ ਦੇ ਮਾਸੂਮ ਨੂੰ ਵੀ ਨਹੀਂ ਬਖਸ਼ਿਆ ਹਮਲਾਵਰਾਂ ਨੇ

Harpreet Singh Uppal

Punjabi father and son shot dead in Canada: ਕੈਨੇਡਾ ਦੇ ਐਡਮਿੰਟਨ ’ਚ ਵਧ ਰਹੀ ਗੈਂਗਵਾਰ ਵਿਚਕਾਰ ਪੰਜਾਬੀ ਮੁਲ ਦੇ ਇਕ ਵਿਅਕਤੀ ਅਤੇ ਉਸ ਦੇ 11 ਸਾਲਾਂ ਦੇ ਪੁੱਤਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਅਜਿਹਾ ਦਸਿਆ ਜਾ ਰਿਹਾ ਹੈ ਕਿ ਹਿੰਸਾ ’ਚ ਮਾਰਿਆ ਗਿਆ ਹਰਪ੍ਰੀਤ ਸਿੰਘ ਉੱਪਲ (41) ਕੈਨੇਡਾ ਦੇ ਸੰਗਠਤ ਅਪਰਾਧ ਖੇਤਰ ’ਚ ਬਦਨਾਮ ਵਿਅਕਤੀ ਸੀ। 

ਐਡਮਿੰਟਨ ਪੁਲਿਸ ਸੇਵਾ ਦੇ ਕਾਰਜਕਾਰੀ ਸੂਪਰਡੈਂਟ ਕੌਲਿਨ ਡਰਕਸਨ ਨੇ ਸ਼ੁਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਉੱਪਲ ਅਤੇ ਉਸ ਦੇ ਪੁੱਤਰ ਦਾ ਵੀਰਵਾਰ ਦੁਪਹਿਰ ਇਕ ਗੈਸ ਸਟੇਸ਼ਨ ਬਾਹਰ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਗੋਲੀਬਾਰੀ ਸਮੇਂ ਉੱਪਰ ਦੀ ਕਾਰ ’ਚ ਉਸ ਦੇ ਪੁੱਤਰ ਦਾ ਦੋਸਤ ਵੀ ਸੀ, ਪਰ ਉਸ ਨੂੰ ਇਸ ਹਮਲੇ ’ਚ ਕੋਈ ਨੁਕਸਾਨ ਨਹੀਂ ਪੁੱਜਾ। 

ਡਰਕਸਨ ਨੇ ਕਿਹਾ ਕਿ ਪੁਲਿਸ ਨੂੰ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਜਦੋਂ ਹਮਲਾਵਰਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਤਾਂ ਉਨ੍ਹਾਂ ਨੂੰ ਕਾਰ ’ਚ ਬੱਚਿਆਂ ਦੇ ਹੋਣ ਦੀ ਜਾਣਕਾਰੀ ਸੀ ਜਾਂ ਨਹੀਂ।  ‘ਐਡਮੌਂਟਨ ਜਨਰਲ’ ਨੇ ਡਰਕਸਨ ਦੇ ਹਵਾਲੇ ਨਾਲ ਕਿਹਾ, ‘‘ਪਰ ਅਸੀਂ ਏਨਾ ਜਾਣਦੇ ਹਾਂ ਕਿ ਹਮਲਾਵਰ ਜਾਂ ਹਮਲਾਵਰਾਂ ਨੂੰ ਜਦੋਂ ਇਹ ਪਤਾ ਲਗਿਆ ਕਿ ਗੱਡੀ ’ਚ ਉੱਪਲ ਦਾ ਪੁੱਤਰ ਵੀ ਹੈ ਤਾਂ ਉਨ੍ਹਾਂ ਨੇ ਜਾਣਬੁਝ ਕੇ ਉਸ ਨੂੰ ਗੋਲੀ ਮਾਰੀ।’’

ਉਨ੍ਹਾਂ ਕਿਹਾ ਕਿ ਇਕ ਸਮਾਂ ਸੀ ਜਦੋਂ ਬੱਚਿਆਂ ਦਾ ਕਤਲ ਕਰਨਾ ਵਰਜਿਤ ਸੀ ਅਤੇ ਗੈਂਗ ਦੇ ਮੈਂਬਰ ਇਸ ਹੱਦ ਦੀ ਉਲੰਘਣਾ ਕਰਨ ਤੋਂ ਬਚਦੇ ਸਨ, ਪਰ ਹੁਣ ਸਥਿਤੀ ਬਦਲ ਰਹੀ ਹੈ। ਪੁਲਿਸ ਨੇ ਉੱਪਲ ਦੇ ਪੁੱਤਰ ਦਾ ਨਾਂ ਜਨਤਕ ਨਹੀਂ ਕੀਤਾ ਹੈ। ਇਸ ਮਾਮਲੇ ’ਚ ਅਜੇ ਤਕ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ‘ਸੀ.ਬੀ.ਸੀ. ਨਿਊਜ਼’ ਦੀ ਖ਼ਬਰ ਅਨੁਸਾਰ, ਉੱਪਲ ’ਤੇ ਕੋਕੀਨ ਰੱਖਣ ਅਤੇ ਤਸਕਰੀ ਕਰਨ ਸਮੇਤ ਕਈ ਦੋਸ਼ ਲਾਏ ਗਏ ਸਨ। ਇਸ ਮਾਮਲੇ ’ਚ ਸੁਣਵਾਈ ਅਪ੍ਰੈਲ 2023 ਨੂੰ ਸ਼ੁਰੂ ਹੋਈ ਸੀ। 

(For more news apart from Punjabi father and son shot dead, stay tuned to Rozana Spokesman)