ਗੁਰਪਤਵੰਤ ਸਿੰਘ ਪੰਨੂ ਨੇ ਡਿਪਲੋਮੈਟਾਂ, ਕੈਨੇਡੀਅਨ ਮੰਦਿਰਾਂ ਅਤੇ ਰਾਮ ਮੰਦਿਰ ਨੂੰ ਲੈ ਕੇ ਦਿੱਤੀ ਧਮਕੀ
ਬਰੈਂਪਟਨ ਦੇ ਤ੍ਰਿਵੇਣੀ ਮੰਦਿਰ 'ਤੇ ਭਾਰਤੀ ਡਿਪਲੋਮੈਟਾਂ ਨੂੰ ਨਿਸ਼ਾਨਾ ਬਣਾਉਣ ਦੀ ਕਹੀ ਗੱਲ
ਸਿੱਖ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਇੱਕ ਨਵਾਂ ਵੀਡੀਓ ਜਾਰੀ ਕਰਕੇ ਅਯੁੱਧਿਆ ਵਿੱਚ ਰਾਮ ਮੰਦਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਹੈ। ਮੀਡੀਆ ਰਿਪੋਰਟਾਂ 'ਚ ਇਹ ਦਾਅਵਾ ਕੀਤਾ ਗਿਆ ਹੈ। ਵੀਡੀਓ ਵਿੱਚ ਉਹ ਰਾਮ ਮੰਦਰ ਨੂੰ ਨਿਸ਼ਾਨਾ ਬਣਾਉਣ ਦੀ ਗੱਲ ਕਰ ਰਹੇ ਹਨ।
ਪੰਨੂ ਨੇ ਕੈਨੇਡਾ ਵਿੱਚ ਭਾਰਤੀ ਮੂਲ ਦੇ ਹਿੰਦੂ ਸੰਸਦ ਮੈਂਬਰ ਚੰਦਰ ਆਰੀਆ ਨੂੰ ਵੀ ਧਮਕੀ ਦਿੱਤੀ ਹੈ। ਪੰਨੂ ਨੇ ਵੀਡੀਓ ਜਾਰੀ ਕਰਦਿਆਂ ਕਿਹਾ ਕਿ 16 ਅਤੇ 17 ਨਵੰਬਰ ਨੂੰ ਅਯੁੱਧਿਆ ਦੇ ਰਾਮ ਮੰਦਰ 'ਚ ਹਿੰਸਾ ਹੋਵੇਗੀ। ਰੋਜ਼ਾਨਾ ਸਪੋਕਸਮੈਨ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
ਪੰਨੂ ਨੇ ਵੀਡੀਓ 'ਚ ਇਹ ਵੀ ਕਿਹਾ ਕਿ ਅਸੀਂ ਹਿੰਦੂਤਵ ਵਿਚਾਰਧਾਰਾ ਦੀ ਜਨਮ ਭੂਮੀ ਅਯੁੱਧਿਆ ਦੀ ਨੀਂਹ ਹਿਲਾ ਦਿਆਂਗੇ। ਵੀਡੀਓ ਵਿੱਚ ਪੰਨੂ ਨੇ ਅਯੁੱਧਿਆ ਵਿੱਚ ਰਾਮ ਮੰਦਰ ਸਮੇਤ ਦੇਸ਼ ਦੇ ਕਈ ਹਿੰਦੂ ਮੰਦਰਾਂ ਦੀਆਂ ਤਸਵੀਰਾਂ ਸ਼ਾਮਲ ਕੀਤੀਆਂ ਹਨ। ਇਸ ਵੀਡੀਓ ਨੂੰ ਵੱਡੇ ਖਤਰੇ ਵਜੋਂ ਦੇਖਿਆ ਜਾ ਰਿਹਾ ਹੈ।