Delhi bomb blast ਆਰੋਪੀਆਂ ਨੂੰ ਬਖਸ਼ਿਆਂ ਨਹੀਂ ਜਾਵੇਗਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ
‘ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਹਾਂ ਅਤੇ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ’
ਭੂਟਾਨ : ਦਿੱਲੀ ’ਚ ਹੋਏ ਅਤਵਾਦੀ ਹਮਲੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਭੁਟਾਨ ’ਚ ਲੋਕਾਂ ਨੂੰ ਸੰਬੋਧਨ ਕਰਦਿਆਂ ਪੀਐੱਮ ਮੋਦੀ ਨੇ ਇਸ ਘਟਨਾ ’ਤੇ ਦੁੱਖ ਪ੍ਰਗਟਾਉਂਦਿਆਂ ਸਿੱਧੀ ਚਿਤਾਵਨੀ ਦਿੱਤੀ ਹੈ। ਉਹਨਾਂ ਕਿਹਾ ਕਿ ਜਿਹੜੇ ਵੀ ਲੋਕ ਇਸ ਹਮਲੇ ਵਿਚ ਸ਼ਾਮਲ ਹੋਣਗੇ, ਉਹਨਾਂ ਨੂੰ ਕੋਈ ਵੀ ਬਚਾਅ ਨਹੀਂ ਸਕਦਾ ਅਤੇ ਨਾ ਹੀ ਕਿਸੇ ਕੀਮਤ ’ਤੇ ਬਖ਼ਸ਼ਿਆ ਜਾਵੇਗਾ। ਭੂਟਾਨ ਪਹੁੰਚੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਅੱਜ ਇੱਥੇ ਭਰੇ ਮਨ ਨਾਲ ਆਇਆ ਹਾਂ। ਬੀਤੀ ਸ਼ਾਮ ਦਿੱਲੀ ਵਿੱਚ ਵਾਪਰੀ ਭਿਆਨਕ ਘਟਨਾ ਨੇ ਸਾਰਿਆਂ ਨੂੰ ਬਹੁਤ ਦੁਖੀ ਕੀਤਾ ਹੈ। ਮੈਂ ਪੀੜਤ ਪਰਿਵਾਰਾਂ ਦੇ ਦੁੱਖ ਨੂੰ ਸਮਝਦਾ ਹਾਂ। ਅੱਜ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।
ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਬੀਤੇ ਦਿਨੀਂ ਜ਼ੋਰਦਾਰ ਧਮਾਕਾ ਹੋਇਆ। ਇਸ ਧਮਾਕੇ ਦੀ ਸਾਜ਼ਿਸ਼ ਕਰਨ ਵਾਲੇ ਕਿਸੇ ਵੀ ਮੁਲਜ਼ਮ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਮਾਮਲੇ ਦੀ ਜਾਂਚ ਸੁਰੱਖਿਆ ਏਜੰਸੀਆਂ ਵਲੋਂ ਕੀਤੀ ਜਾ ਰਹੀ ਹੈ, ਜੋ ਇਸ ਦੀ ਤਹਿ ਤੱਕ ਜਾਣਗੀਆਂ। ਇਸ ਧਮਾਕੇ ਵਿਚ ਸ਼ਾਮਲ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਮੈਂ ਬੀਤੇ ਦਿਨੀਂ ਵਾਪਰੀ ਇਸ ਘਟਨਾ ਦੀ ਜਾਂਚ ਵਿੱਚ ਸ਼ਾਮਲ ਸਾਰੀਆਂ ਏਜੰਸੀਆਂ ਦੇ ਨਾਲ ਮਹੱਤਵਪੂਰਨ ਲੋਕਾਂ ਦੇ ਸੰਪਰਕ ਵਿੱਚ ਸੀ। ਇਸ ਸਬੰਧ ਵਿਚ ਚਰਚਾਵਾਂ ਜਾਰੀ ਰਹੀਆਂ। ਜਾਣਕਾਰੀਆਂ ਇਕੱਠੀਆਂ ਕੀਤੀਆਂ ਜਾ ਰਹੀਆਂ ਸਨ। ਸਾਡੀਆਂ ਏਜੰਸੀਆਂ ਇਸ ਸਾਜ਼ਿਸ਼ ਦੀ ਤਹਿ ਤੱਕ ਪਹੁੰਚਣਗੀਆਂ।
ਭੂਟਾਨ ਸਬੰਧੀ ਬੋਲਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ਅਤੇ ਭੂਟਾਨ ਦੇ ਸਬੰਧ ਬਹੁਤ ਮਜ਼ਬੂਤ ਹਨ। ਭਾਰਤ ਦੇ ਚੌਥੇ ਰਾਜੇ ਵੱਲੋਂ 16 ਸਾਲ ਦੀ ਛੋਟੀ ਜਿਹੀ ਉਮਰ ਵਿਚ ਬਹੁਤ ਵੱਡੀ ਜ਼ਿੰਮੇਵਾਰੀ ਸੰਭਾਲੀ ਅਤੇ ਉਨ੍ਹਾਂ ਭੂਟਾਨ ਵਾਸੀਆਂ ਨੂੰ ਪਿਤਾ ਵਰਗਾ ਪਿਆਰ ਦਿੱਤਾ। ਉਨ੍ਹਾਂ ਦੀ ਅਗਵਾਈ ਵਿਚ ਭੂਟਾਨ ਨਵੀਆਂ ਉਚਾਈਆਂ ਵੱਲ ਵਧ ਰਿਹਾ ਹੈ। ਭਾਰਤ ਅਤੇ ਭੂਟਾਨ ਵੱਲੋਂ ਹਰ ਮੁਸ਼ਕਿਲ ਦਾ ਮਿਲ ਕੇ ਸਾਹਮਣਾ ਕੀਤਾ ਹੈ। ਭੂਟਾਨ ਦੇ ਚੌਥੇ ਰਾਜੇ ਦੇ 70ਵੇਂ ਜਨਮ ਦਿਨ ਮੌਕੇ ਅੱਜ ਵਿਸ਼ਵ ਭਰ ਦੇ ਸੰਤਾਂ ਵੱਲੋਂ ਪ੍ਰਾਰਥਨਾਵਾਂ ਕੀਤੀਆਂ ਜਾ ਰਹੀਆਂ ਅਤੇ ਇਨ੍ਹਾਂ ਪ੍ਰਾਰਥਨਾਵਾਂ ਵਿਚ 140 ਕਰੋੜ ਭਾਰਤੀਆਂ ਦੀਆਂ ਪ੍ਰਾਥਨਾਵਾਂ ਵੀ ਸ਼ਾਮਲ ਹਨ। ਮੈਂ ਚਾਹੁੰਦੇ ਹਾਂ ਕਿ ਕਿ ਇਹ ਵਿਸ਼ਵ ਸ਼ਾਂਤੀ ਦਾ ਦੀਵਾ ਦੁਨੀਆ ਭਰ ਨੂੰ ਰੋਸ਼ਨ ਕਰੇ।