ਭਾਰਤ ਆ ਰਿਹਾ ਹੈ ਧਰਤੀ ਦਾ ਸਭ ਤੋਂ ਅਮੀਰ ਵਿਅਕਤੀ, 300 ਸ਼ਹਿਰਾਂ ‘ਚ ਹੋਵੇਗਾ ਪ੍ਰਦਰਸ਼ਨ
ਧਰਤੀ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਕੰਪਨੀ ਦੇ ਸੰਸਥਾਪਕ ਜੇਫ ਬੇਜੋਸ ਅਗਲੇ ਹਫਤੇ ਭਾਰਤ ਦੌਰੇ ‘ਤੇ ਆਉਣਗੇ।
ਨਵੀਂ ਦਿੱਲੀ: ਧਰਤੀ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਐਮਾਜ਼ੋਨ ਕੰਪਨੀ ਦੇ ਸੰਸਥਾਪਕ ਜੇਫ ਬੇਜੋਸ ਅਗਲੇ ਹਫਤੇ ਭਾਰਤ ਦੌਰੇ ‘ਤੇ ਆਉਣਗੇ। ਹਾਲਾਂਕਿ ਉਹਨਾਂ ਦੇ ਇਸ ਦੌਰੇ ਦੀ ਤਰੀਕ ਬਾਰੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ। ਭਾਰਤ ਦੌਰੇ ‘ਤੇ ਜੇਫ ਬੇਜੋਸ ਕੰਪਨੀ ਦੀ ਇਵੈਂਟ ਵਿਚ ਭਾਗ ਲੈਣਗੇ।
ਕੁਝ ਮੀਡੀਆ ਰਿਪੋਰਟਾਂ ਵਿਚ ਇਹ ਵੀ ਕਿਹਾ ਗਿਆ ਹੈ ਕਿ ਇਸ ਦੌਰਾਨ ਜੇਫ ਬੇਜੋਸ ਨੂੰ ਭਾਰਤੀ ਟ੍ਰੇਡਰਸ ਵੱਲੋਂ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਰਾਜਧਾਨੀ ਨਵੀਂ ਦਿੱਲੀ ਵਿਚ ਛੋਟੇ ਅਤੇ ਦਰਮਿਆਨੇ ਉਦਮੀਆਂ (Small and Medium Entrepreneurs) ਲਈ ਇਕ ਸਮਾਰੋਹ ਅਯੋਜਿਤ ਕੀਤਾ ਜਾ ਰਿਹਾ ਹੈ।
ਨਿਊਜ਼ ਏਜੰਸੀ ਨੇ ਅਪਣੇ ਸੂਤਰਾਂ ਦੇ ਹਵਾਲੇ ਨਾਲ ਲਿਖਿਆ ਹੈ ਕਿ ਜੇਫ ਬੇਜੋਸ ਇਸ ਸਮਾਰੋਹ ਵਿਚ ਹਿੱਸਾ ਲੈ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦੌਰੇ ‘ਤੇ ਜੇਫ ਬੇਜੋਸ ਪੀਐਮ ਮੋਦੀ ਸਮੇਤ ਹੋਰ ਸਰਕਾਰੀ ਅਧਿਕਾਰੀਆਂ ਨਾਲ ਮੁਲਾਕਾਤ ਕਰ ਸਕਦੇ ਹਨ। ਇਹ ਵੀ ਸੰਭਵ ਹੈ ਕਿ ਇਸ ਮੁਲਾਕਾਤ ਵਿਚ ਈ-ਕਾਮਰਸ ਸਬੰਧਤ ਕਈ ਵਿਸ਼ਿਆਂ ‘ਤੇ ਚਰਚਾ ਹੋ ਸਕਦੀ ਹੈ।
ਹਾਲਾਂਕਿ ਪ੍ਰਧਾਨ ਮੰਤਰੀ ਦੇ ਦਫਤਰ ਵੱਲੋਂ ਇਸ ਮੁਲਾਕਾਤ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ। ਲਗਭਗ 7 ਕਰੋੜ ਪ੍ਰਚੂਨ ਵਿਕਰੇਤਾਵਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਕਾਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (CAIT) ਨੇ ਕਿਹਾ ਹੈ ਕਿ ਜੇਫ ਬੇਜੋਸ ਦੇ ਇਸ ਦੌਰੇ ‘ਤੇ ਉਹ 300 ਸ਼ਹਿਰਾਂ ਵਿਚ ਵਿਰੋਧ ਕਰਨਗੇ।
ਜ਼ਿਕਰਯੋਗ ਹੈ ਕਿ ਸਾਲ 2015 ਤੋਂ ਹੀ CAIT ਆਨਲਾਈਨ ਰਿਟੇਲ ਕੰਪਨੀ ਐਮਾਜ਼ੋਨ ਅਤੇ ਵਾਲਮਾਰਟ ਦੀ ਮਲਕੀਅਤ ਵਾਲੀ ਫਲਿੱਪਕਾਰਟ ਦਾ ਵਿਰੋਧ ਕਰ ਰਹੀ ਹੈ। CAIT ਦਾ ਕਹਿਣਾ ਹੈ ਕਿ ਇਹ ਕੰਪਨੀਆਂ ਗ੍ਰਾਹਕਾਂ ਨੂੰ ਭਾਰੀ ਡਿਸਕਾਊਂਟ ਦੇਣ ਦੇ ਨਾਲ ਵਿਦੇਸ਼ੀ ਨਿਵੇਸ਼ ਦੇ ਨਿਯਮਾਂ ਦਾ ਉਲੰਘਣ ਕਰ ਰਹੀਆਂ ਹਨ।