'ਸਮੋਸਾ ਕਾਕਸ' ਵੱਲੋਂ ਨਵੇਂ ਭਾਰਤੀ ਅਮਰੀਕੀ ਸੰਸਦ ਮੈਂਬਰ ਥਾਨੇਦਾਰ ਦਾ ਸਵਾਗਤ
ਥਾਨੇਦਾਰ ਨੇ ਕਿਹਾ, "ਮੈਂ ਅਮਰੀਕੀ ਲੋਕਾਂ ਵਾਸਤੇ ਕੰਮ ਕਰਨ ਲਈ ਉਤਸ਼ਾਹਿਤ ਹਾਂ"
ਵਾਸ਼ਿੰਗਟਨ - ‘ਸਮੋਸਾ ਕਾਕਸ’ ਦੇ ਭਾਰਤੀ ਅਮਰੀਕੀ ਸੰਸਦ ਮੈਂਬਰਾਂ ਨੇ ਸ਼੍ਰੀ ਥਾਨੇਦਾਰ ਨੂੰ ਅਮਰੀਕੀ ਪ੍ਰਤੀਨਿਧੀ ਸਭਾ ਵਿੱਚ ਡੈਮੋਕਰੇਟਿਕ ਪਾਰਟੀ ਦੇ ਆਗੂਆਂ ਦੇ ਇੱਕ ਵਿਸ਼ੇਸ਼ ਸਮੂਹ ਵਿੱਚ ਸ਼ਾਮਲ ਕੀਤੇ ਜਾਣ ਦਾ ਸਵਾਗਤ ਕੀਤਾ ਹੈ।
ਥਾਨੇਦਾਰ ਪਿਛਲੇ ਸਾਲ ਨਵੰਬਰ ਵਿੱਚ ਅਮਰੀਕੀ ਪ੍ਰਤੀਨਿਧੀ ਸਭਾ ਲਈ ਚੁਣੇ ਗਏ ਪੰਜਵੇਂ ਭਾਰਤੀ-ਅਮਰੀਕੀ ਹਨ। ਉਹ ਇੱਕ ਉੱਦਮੀ ਤੋਂ ਸਿਆਸਤਦਾਨ ਬਣੇ ਹਨ। ਥਾਨੇਦਾਰ ਦੀ ਜਿੱਤ ਅਮਰੀਕੀ ਪ੍ਰਤੀਨਿਧੀ ਸਭਾ ਲਈ ਚਾਰ ਭਾਰਤੀ-ਅਮਰੀਕੀ ਡੈਮੋਕਰੇਟਿਕ ਸੰਸਦ ਮੈਂਬਰਾਂ - ਡਾ. ਐਮੀ ਬੇਰਾ, ਪ੍ਰਮਿਲਾ ਜੈਪਾਲ, ਰੋ ਖੰਨਾ ਅਤੇ ਰਾਜਾ ਕ੍ਰਿਸ਼ਨਾਮੂਰਤੀ ਦੇ ਮੁੜ ਚੁਣੇ ਜਾਣ ਤੋਂ ਬਾਅਦ ਹੋਈ।
'ਸਮੋਸਾ ਕਾਕਸ' ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਦਾ ਇੱਕ ਗ਼ੈਰ-ਰਸਮੀ ਸਮੂਹ ਹੈ ਜੋ ਪ੍ਰਤੀਨਿਧੀ ਸਭਾ ਜਾਂ ਸੈਨੇਟ ਦਾ ਹਿੱਸਾ ਹਨ। ਇਹ ਸ਼ਬਦ ਅਮਰੀਕੀ ਕਾਂਗਰਸ ਵਿੱਚ 'ਦੇਸੀ' ਸੰਸਦ ਮੈਂਬਰਾਂ ਦੀ ਵਧ ਰਹੀ ਗਿਣਤੀ ਨੂੰ ਉਜਾਗਰ ਕਰਨ ਲਈ ਰਾਜਾ ਕ੍ਰਿਸ਼ਨਮੂਰਤੀ ਦੁਆਰਾ ਦਿੱਤਾ ਗਿਆ ਸੀ।
ਸਾਂਸਦ ਬੇਰਾ ਨੇ ਕਿਹਾ, "ਜਦੋਂ ਮੈਂ 2013 ਵਿੱਚ ਅਹੁਦਾ ਸੰਭਾਲਿਆ ਸੀ, ਮੈਂ ਕਾਂਗਰਸ 'ਚ ਇਕਲੌਤਾ ਭਾਰਤੀ ਅਮਰੀਕੀ ਮੈਂਬਰ ਸੀ ਅਤੇ ਇਤਿਹਾਸ ਵਿੱਚ ਤੀਜਾ ਸੀ। ਉਸ ਦਿਨ ਤੋਂ, ਮੈਂ ਕਾਂਗਰਸ ਵਿੱਚ ਆਪਣੀ ਪ੍ਰਤੀਨਿਧਤਾ ਵਧਾਉਣ ਲਈ ਦ੍ਰਿੜ ਸੀ।"
ਉਨ੍ਹਾਂ ਕਿਹਾ, "ਪਿਛਲੇ ਦਹਾਕੇ ਵਿੱਚ ਮੇਰੇ ਨਾਲ ਭਾਰਤੀ ਅਮਰੀਕੀ ਜੈਪਾਲ, ਖੰਨਾ ਅਤੇ ਕ੍ਰਿਸ਼ਨਾਮੂਰਤੀ ਸਹਿਯੋਗੀ ਬਣੇ, ਅਤੇ ਇਸ ਲਈ ਮੈਨੂੰ ਉਹਨਾਂ ਉੱਤੇ ਮਾਣ ਹੈ। 118ਵੀਂ ਕਾਂਗਰਸ ਦੇ ਗਠਨ ਨਾਲ ਸਾਡੀ ਜਥੇਬੰਦੀ ਦਾ ਵਿਸਥਾਰ ਹੋਇਆ ਹੈ ਕਿਉਂਕਿ ਥਾਨੇਦਾਰ ਇਸ ਵਿੱਚ ਸ਼ਾਮਲ ਹੋਏ ਹਨ।
ਸਾਂਸਦ ਜੈਪਾਲ ਨੇ ਕਿਹਾ, "ਜਦੋਂ ਸਾਡੇ ਕੋਲ ਹੁਣ ਤੱਕ ਦੀ ਸਭ ਤੋਂ ਵਿਭਿੰਨਤਾ ਵਾਲੀ ਕਾਂਗਰਸ ਹੈ, ਤਾਂ ਮੈਨੂੰ ਅਹਿਸਾਸ ਹੁੰਦਾ ਹੈ ਕਿ ਦੇਸ਼ ਭਰ ਵਿੱਚ ਹਰੇਕ ਭਾਈਚਾਰੇ ਅਤੇ ਸੱਭਿਆਚਾਰ ਲਈ ਪ੍ਰਤੀਨਿਧਤਾ ਕਿੰਨੀ ਮਾਅਨੇ ਰੱਖਦੀ ਹੈ। ਮੈਂ ਇੱਕ ਮਾਣਮੱਤਾ ਨਾਗਰਿਕ ਹਾਂ, ਪ੍ਰਤੀਨਿਧੀ ਸਭਾ ਲਈ ਚੁਣੀ ਗਈ ਪਹਿਲੀ ਦੱਖਣੀ ਅਮਰੀਕੀ ਔਰਤ ਹਾਂ।"
ਥਾਨੇਦਾਰ ਨੇ ਕਿਹਾ, "ਕਾਂਗਰਸ ਦੇ ਇੱਕ ਨਵੇਂ ਮੈਂਬਰ ਅਤੇ ਭਾਰਤੀ-ਅਮਰੀਕੀ ਸੰਸਦ ਮੈਂਬਰਾਂ ਦੇ ਇੱਕ ਸ਼ਾਨਦਾਰ ਸਮੂਹ ਦੇ ਇੱਕ ਨਵੇਂ ਮੈਂਬਰ ਵਜੋਂ, ਮੈਂ ਅਮਰੀਕੀ ਲੋਕਾਂ ਵਾਸਤੇ ਕੰਮ ਕਰਨ ਲਈ ਉਤਸ਼ਾਹਿਤ ਹਾਂ।"