ਅਮਰੀਕਾ ਤੇ ਬਰਤਾਨੀਆਂ ਦੀ ਫੌਜ ਨੇ ਯਮਨ ’ਚ ਹੂਤੀ ਬਾਗੀਆਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਹਮਲੇ 

ਏਜੰਸੀ

ਖ਼ਬਰਾਂ, ਕੌਮਾਂਤਰੀ

ਪੰਜ ਲੋਕਾਂ ਦੀ ਮੌਤ, ਛੇ ਹੋਰ ਜ਼ਖ਼ਮੀ, ਇਸ ਦਾ ਜਵਾਬ ਅਤੇ ਸਜ਼ਾ ਬਗ਼ੈਰ ਨਹੀਂ ਛਡਿਆ ਜਾਵੇਗਾ : ਬ੍ਰਿਗੇਡੀਅਰ ਜਨਰਲ ਯਾਹਵਾ

Representative Image.

ਵਾਸ਼ਿੰਗਟਨ: ਅਮਰੀਕਾ ਅਤੇ ਬਰਤਾਨੀਆਂ ਦੀਆਂ ਫੌਜਾਂ ਨੇ ਵੀਰਵਾਰ ਨੂੰ ਯਮਨ ’ਚ ਈਰਾਨ ਸਮਰਥਿਤ ਹੂਤੀ ਬਾਗੀਆਂ ਵਲੋਂ ਵਰਤੇ ਜਾਂਦੇ ਇਕ ਦਰਜਨ ਤੋਂ ਵੱਧ ਟਿਕਾਣਿਆਂ ’ਤੇ ਬੰਬਾਰੀ ਕੀਤੀ। ਇਨ੍ਹਾਂ ’ਚ ਸਾਜ਼ੋ-ਸਾਮਾਨ ਰੱਖਣ ਵਾਲੇ ਸਥਾਨ, ਹਵਾਈ ਰੱਖਿਆ ਪ੍ਰਣਾਲੀ ਅਤੇ ਹਥਿਆਰ ਭੰਡਾਰਨ ਵਾਲੇ ਸਥਾਨ ਸ਼ਾਮਲ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ।

ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਦਾ ਮਕਸਦ ਇਹ ਸਪੱਸ਼ਟ ਕਰਨਾ ਹੈ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀ ਲਾਲ ਸਾਗਰ ’ਚ ਅਤਿਵਾਦੀ ਸਮੂਹ ਦੇ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰਨਗੇ। ਬਾਈਡਨ ਨੇ ਕਿਹਾ ਕਿ ਅਮਰੀਕਾ ਅਤੇ ਉਸ ਦੇ ਸਹਿਯੋਗੀਆਂ ਨੇ ਪੂਰੀ ਤਰ੍ਹਾਂ ਵਿਚਾਰ-ਵਟਾਂਦਰੇ ਤੋਂ ਬਾਅਦ ਇਹ ਕਦਮ ਚੁਕਿਆ ਹੈ। 

ਅਮਰੀਕੀ ਰਾਸ਼ਟਰਪਤੀ ਨੇ ਇਕ ਬਿਆਨ ਵਿਚ ਕਿਹਾ ਕਿ ਇਹ ਹਮਲੇ ਲਾਲ ਸਾਗਰ ਵਿਚ ਕੌਮਾਂਤਰੀ ਜਹਾਜ਼ਾਂ ’ਤੇ ਹੂਤੀ ਬਾਗੀਆਂ ਦੇ ਹਮਲਿਆਂ ਦਾ ਬਦਲਾ ਲੈਣ ਲਈ ਕੀਤੇ ਗਏ ਹਨ। ਬਾਗੀਆਂ ਦੇ ਹਮਲਿਆਂ ਨੇ ਅਮਰੀਕੀ ਕਰਮਚਾਰੀਆਂ, ਨਾਗਰਿਕਾਂ ਅਤੇ ਸਾਡੇ ਭਾਈਵਾਲਾਂ ਨੂੰ ਖਤਰੇ ’ਚ ਪਾ ਦਿਤਾ ਹੈ, ਵਪਾਰ ਨੂੰ ਖਤਰੇ ’ਚ ਪਾ ਦਿਤਾ ਹੈ ਅਤੇ ਨੇਵੀਗੇਸ਼ਨ ਦੀ ਆਜ਼ਾਦੀ ਨੂੰ ਖਤਰੇ ’ਚ ਪਾ ਦਿਤਾ ਹੈ।

ਉਧਰ ਹੂਦੀ ਬਾਗੀਆਂ ਦੇ ਇਕ ਫ਼ੌਜੀ ਬੁਲਾਰੇ ਨੇ ਕਿਹਾ ਕਿ ਹਮਲੇ ’ਚ ਘੱਟ ਤੋਂ ਘੰਟ ਪੰਜ ਲੋਕ ਮਾਰੇ ਗਏ ਹਨ ਅਤੇ ਛੇ ਹੋਰ ਜ਼ਖ਼ਮੀ ਹੋਏ ਹਨ। ਬ੍ਰਿਗੇਡੀਅਰ ਜਨਰਲ ਯਾਹਵਾ ਸਾਰ ਨੇ ਕਿਹਾ, ‘‘ਅਮਰੀਕੀ ਅਤੇ ਬ੍ਰਿਟਿਸ਼ ਦੁਸ਼ਮਣ ਸਾਡੇ ਯਮਨੀ ਲੋਕਾਂ ਵਿਰੁਧ ਅਪਣੀ ਅਪਰਾਧਕ ਹਮਲਾਵਾਰਤਾ ਲਈ ਪੂਰੀ ਤਰ੍ਹਾਂ ਜ਼ਿੰਮੇਵਾਰ ਹਨ ਅਤੇ ਇਸ ਦਾ ਜਵਾਬ ਅਤੇ ਸਜ਼ਾ ਦਿਤੇ ਬਗ਼ੈਰ ਨਹੀਂ ਛਡਿਆ ਜਾਵੇਗਾ।’’ ਉਨ੍ਹਾਂ ਨੇ ਯਮਨ ’ਚ ਹੂਤੀ ਕੰਟਰੋਲ ਵਾਲੇ ਪੰਜ ਇਲਾਕਿਆਂ ’ਤੇ 73 ਹਮਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਇਸ ਬਾਰੇ ਵਿਸਤਾਰ ਨਾਲ ਨਹੀਂ ਦਸਿਆ ਕਿ ਅਮਰੀਕੀ ਅਗਵਾਈ ਵਾਲੇ ਹਮਲਿਆਂ ਦੇ ਨਿਸ਼ਾਨੇ ’ਤੇ ਕੀ ਸੀ। 

ਯਮਨ ਦੀ ਰਾਜਧਾਨੀ ਸਨਾ ਵਿਚ ਪੱਤਰਕਾਰਾਂ ਨੇ ਸ਼ੁਕਰਵਾਰ ਤੜਕੇ ਚਾਰ ਧਮਾਕਿਆਂ ਦੀ ਆਵਾਜ਼ ਸੁਣੀ। ਹੁਦੇਦਾ ਦੇ ਦੋ ਵਸਨੀਕ ਅਮੀਨ ਅਲੀ ਸਾਲੇਹ ਅਤੇ ਹਨੀ ਅਹਿਮਦ ਨੇ ਦਸਿਆ ਕਿ ਉਨ੍ਹਾਂ ਨੇ ਸ਼ਹਿਰ ਦੇ ਪਛਮੀ ਬੰਦਰਗਾਹ ਖੇਤਰ ਵਿਚ ਪੰਜ ਜ਼ੋਰਦਾਰ ਧਮਾਕਿਆਂ ਦੀ ਆਵਾਜ਼ ਸੁਣੀ। ਇਸ ਬੰਦਰਗਾਹ ਸ਼ਹਿਰ ’ਤੇ ਹੂਤੀ ਬਾਗੀਆਂ ਦਾ ਕਬਜ਼ਾ ਹੈ। ਕੁੱਝ ਚਸ਼ਮਦੀਦਾਂ ਨੇ ਦਸਿਆ ਕਿ ਉਨ੍ਹਾਂ ਨੇ ਸਨਾ ਦੇ ਦੱਖਣ ’ਚ ਸਥਿਤ ਤਾਇਜ਼ ਅਤੇ ਧਮਾਰ ਸ਼ਹਿਰ ’ਚ ਹਮਲੇ ਦੇਖੇ। 

ਮੰਗਲਵਾਰ ਨੂੰ ਹੁਤੀ ਨੇ ਲਾਲ ਸਾਗਰ ਵਿਚ ਕਿਸ਼ਤੀਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਅਤੇ ਮਿਜ਼ਾਈਲਾਂ ਦਾਗੀਆਂ। ਹਮਲਿਆਂ ਦੇ ਜਵਾਬ ’ਚ, ਅਮਰੀਕੀ ਅਤੇ ਬ੍ਰਿਟਿਸ਼ ਜਹਾਜ਼ਾਂ ਅਤੇ ਅਮਰੀਕੀ ਲੜਾਕੂ ਜਹਾਜ਼ਾਂ ਨੇ 18 ਡਰੋਨ, ਦੋ ਕਰੂਜ਼ ਮਿਜ਼ਾਈਲਾਂ ਅਤੇ ਇਕ ਐਂਟੀ-ਸ਼ਿਪ ਮਿਜ਼ਾਈਲ ਨੂੰ ਮਾਰ ਸੁੱਟਿਆ। ਹੁਤੀ ਨੇ ਵੀਰਵਾਰ ਨੂੰ ਅਦਨ ਦੀ ਖਾੜੀ ’ਚ ਬੈਲਿਸਟਿਕ ਮਿਜ਼ਾਈਲ ਵੀ ਦਾਗੀ ਸੀ। ਹਾਲਾਂਕਿ, ਕੋਈ ਵੀ ਜਹਾਜ਼ ਉਸ ਦੀ ਪਹੁੰਚ ’ਚ ਨਹੀਂ ਫਸਿਆ ਸੀ।

ਬਾਈਡਨ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਅਤੇ ਫੌਜੀ ਅਧਿਕਾਰੀਆਂ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਬਾਈਡਨ ਨੇ ਮੰਗਲਵਾਰ ਦੇ ਹਮਲਿਆਂ ਤੋਂ ਬਾਅਦ ਕੌਮੀ ਸੁਰੱਖਿਆ ਟੀਮ ਦੀ ਬੈਠਕ ਕੀਤੀ ਅਤੇ ਜਵਾਬੀ ਕਾਰਵਾਈ ’ਤੇ ਚਰਚਾ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਇਸ ਤੋਂ ਬਾਅਦ ਰਾਸ਼ਟਰਪਤੀ ਨੇ ਰੱਖਿਆ ਮੰਤਰੀ ਲੋਇਡ ਆਸਟਿਨ ਨੂੰ ਜਵਾਬੀ ਕਾਰਵਾਈ ਕਰਨ ਦੇ ਹੁਕਮ ਦਿਤੇ। ਆਸਟਿਨ ਦੀ ਪ੍ਰੋਸਟੇਟ ਕੈਂਸਰ ਸਰਜਰੀ ਹੋਈ ਹੈ ਅਤੇ ਇਸ ਸਮੇਂ ਉਹ ਹਸਪਤਾਲ ’ਚ ਦਾਖਲ ਹੈ। ਬਰਤਾਨੀਆਂ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ ਰਾਇਲ ਏਅਰ ਫੋਰਸ ਨੇ ਹੂਤੀ ਬਾਗੀਆਂ ਵਲੋਂ ਵਰਤੇ ਜਾਂਦੇ ਫੌਜੀ ਟਿਕਾਣਿਆਂ ’ਤੇ ਸਰਜੀਕਲ ਸਟ੍ਰਾਈਕ ਕੀਤੀ।

ਸੁਨਕ ਨੇ ਕਿਹਾ ਕਿ ਅਤਿਵਾਦੀਆਂ ਨੇ ਕਿਸ਼ਤੀਆਂ ’ਤੇ ਕਈ ਖਤਰਨਾਕ ਹਮਲੇ ਕੀਤੇ ਹਨ ਅਤੇ ਇਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੁਨਕ ਨੇ ਕਿਹਾ ਕਿ ਬਰਤਾਨੀਆਂ ਨੇ ਅਮਰੀਕਾ ਨਾਲ ਸਵੈ-ਰੱਖਿਆ ਲਈ ਸੀਮਤ, ਜ਼ਰੂਰੀ ਅਤੇ ਸੰਤੁਲਿਤ ਕਦਮ ਚੁਕੇ ਹਨ। ਨੀਦਰਲੈਂਡਜ਼, ਕੈਨੇਡਾ ਅਤੇ ਬਹਿਰੀਨ ਨੇ ਸੰਚਾਲਨ ਸਹਾਇਤਾ ਪ੍ਰਦਾਨ ਨਹੀਂ ਕੀਤੀ। ਅਮਰੀਕਾ ਅਤੇ ਬਰਤਾਨੀਆਂ ਦੇ ਨਾਲ-ਨਾਲ ਆਸਟ੍ਰੇਲੀਆ, ਬਹਿਰੀਨ, ਕੈਨੇਡਾ, ਡੈਨਮਾਰਕ, ਜਰਮਨੀ, ਨੀਦਰਲੈਂਡਜ਼, ਨਿਊਜ਼ੀਲੈਂਡ ਅਤੇ ਦਖਣੀ ਕੋਰੀਆ ਦੀਆਂ ਸਰਕਾਰਾਂ ਨੇ ਇਕ ਬਿਆਨ ਜਾਰੀ ਕੀਤਾ।

ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਕਾਰਵਾਈ ਦਾ ਉਦੇਸ਼ ਤਣਾਅ ਘਟਾਉਣਾ ਅਤੇ ਲਾਲ ਸਾਗਰ ਵਿਚ ਸਥਿਰਤਾ ਬਹਾਲ ਕਰਨਾ ਹੈ ਪਰ ਸਹਿਯੋਗੀ ਇਸ ਮਹੱਤਵਪੂਰਨ ਜਲ ਮਾਰਗ ’ਤੇ ਜਾਨਾਂ ਅਤੇ ਕਾਰੋਬਾਰਾਂ ਦੀ ਰੱਖਿਆ ਕਰਨ ਤੋਂ ਨਹੀਂ ਝਿਜਕਣਗੇ। ਹੁਤੀ ਦੇ ਚੋਟੀ ਦੇ ਅਧਿਕਾਰੀ ਅਲੀ ਅਲ-ਕਹੂਮ ਨੇ ਐਕਸ-ਸੋਸ਼ਲ ਮੀਡੀਆ ਪਲੇਟਫਾਰਮ ’ਤੇ ਇਕ ਪੋਸਟ ਵਿਚ ਕਿਹਾ ਕਿ ਜੰਗ ਵੱਡਾ ਹੋਵੇਗਾ। ਅਤੇ ਇਹ ਅਮਰੀਕਾ ਅਤੇ ਬਰਤਾਨੀਆਂ ਦੀ ਕਲਪਨਾ ਤੋਂ ਪਰੇ ਹੋਵੇਗਾ।