ਪਾਕਿਸਤਾਨ ’ਚ ਆ ਕੇ ਤਾਲਿਬਾਨ ਅਤੇ ਇਜ਼ਰਾਈਲ ਵਿਰੁਧ ਗਰਜੀ ਮਲਾਲਾ ਯੂਸਫ਼ਜ਼ਈ
ਔਰਤਾਂ ਵਿਰੁਧ ‘ਲਿੰਗ ਵਿਤਕਰੇ’ ਦੀ ਪ੍ਰਣਾਲੀ ਸਥਾਪਤ ਕਰਨ ਲਈ ਅਫਗਾਨ ਤਾਲਿਬਾਨ ਦੀ ਨਿੰਦਾ
ਇਸਲਾਮਾਬਾਦ : ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮਲਾਲਾ ਯੂਸਫਜ਼ਈ ਨੇ ਐਤਵਾਰ ਨੂੰ ਅਫਗਾਨ ਤਾਲਿਬਾਨ ਸਰਕਾਰ ਦੀ ਆਲੋਚਨਾ ਕੀਤੀ ਕਿ ਉਹ ਸਭਿਆਚਾਰ ਅਤੇ ਧਰਮ ਦੇ ਨਾਂ ’ਤੇ ਔਰਤਾਂ ਵਿਰੁਧ ਲਿੰਗ ਵਿਤਕਰੇ ਦੀ ਪ੍ਰਣਾਲੀ ਸਥਾਪਤ ਕਰ ਰਹੀ ਹੈ। ਇਸਲਾਮਾਬਾਦ ’ਚ ਕੌਮਾਂਤਰੀ ਕਾਨਫ਼ਰੰਸ ਦੇ ਦੂਜੇ ਅਤੇ ਆਖ਼ਰੀ ਦਿਨ ਮੁਸਲਮਾਨ ਦੇਸ਼ਾਂ ’ਚ ਕੁੜੀਆਂ ਦੀ ਸਿੱਖਿਆ ਦੇ ਮਾਮਲੇ ’ਤੇ ਬੋਲਦਿਆਂ ਮਲਾਲਾ ਨੇ ਕਿਹਾ, ‘‘ਸਿੱਧੇ ਸ਼ਬਦਾਂ ’ਚ ਕਹੀਏ ਤਾਂ ਤਾਲਿਬਾਨ ਔਰਤਾਂ ਨੂੰ ਇਨਸਾਨ ਦੇ ਰੂਪ ’ਚ ਨਹੀਂ ਦੇਖਦਾ। ਉਹ ਅਪਣੇ ਜੁਰਮਾਂ ਨੂੰ ਸਭਿਆਚਾਰਕ ਅਤੇ ਧਾਰਮਕ ਜਾਇਜ਼ਤਾ ’ਚ ਲੁਕਾਉਂਦੇ ਹਨ। ਇਹ ਨੀਤੀਆਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹਨ ਅਤੇ ਇਸਲਾਮਿਕ ਸਿੱਖਿਆਵਾਂ ਵਿਚ ਇਨ੍ਹਾਂ ਦਾ ਕੋਈ ਆਧਾਰ ਨਹੀਂ ਹੈ।’’
ਤਾਲਿਬਾਨ ਨੇ 2021 ਵਿਚ ਅਸ਼ਰਫ ਗਨੀ ਦੀ ਸਰਕਾਰ ਨੂੰ ਹਟਾ ਕੇ ਸੱਤਾ ’ਤੇ ਮੁੜ ਕਬਜ਼ਾ ਕਰ ਲਿਆ ਸੀ ਅਤੇ ਉਦੋਂ ਤੋਂ ਅਫਗਾਨਿਸਤਾਨ ’ਤੇ ਕਈ ਮਹਿਲਾ ਵਿਰੋਧੀ ਨੀਤੀਆਂ ਨੂੰ ਕਾਨੂੰਨੀ ਰੂਪ ਦਿਤਾ ਸੀ, ਜਿਸ ਵਿਚ ਉਨ੍ਹਾਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕਰਨਾ ਵੀ ਸ਼ਾਮਲ ਸੀ। 27 ਸਾਲ ਦੀ ਨੋਬਲ ਪੁਰਸਕਾਰ ਜੇਤੂ ਨੇ ਅਫਗਾਨ ਸਰਕਾਰ ’ਤੇ ਦੇਸ਼ ’ਚ ਇਸਲਾਮਿਕ ਪ੍ਰਣਾਲੀ ਲਾਗੂ ਕਰਨ ਦੇ ਦਾਅਵੇ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਅਤੇ ਕੋਈ ਵੀ ਸਭਿਆਚਾਰਕ ਜਾਂ ਧਾਰਮਕ ਬਹਾਨਾ ਇਨ੍ਹਾਂ ਨੂੰ ਜਾਇਜ਼ ਨਹੀਂ ਠਹਿਰਾ ਸਕਦਾ।
ਉਨ੍ਹਾਂ ਮੁਸਲਿਮ ਨੇਤਾਵਾਂ ਨੂੰ ਅਪੀਲ ਕੀਤੀ ਕਿ ਉਹ ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਨੂੰ ਮਾਨਤਾ ਦੇਣ ਤੋਂ ਪਰਹੇਜ਼ ਕਰਨ ਅਤੇ ਔਰਤਾਂ ਤੇ ਕੁੜੀਆਂ ਲਈ ਸਿੱਖਿਆ ਨੂੰ ਸੀਮਤ ਕਰਨ ਵਾਲੀਆਂ ਉਨ੍ਹਾਂ ਦੀਆਂ ਨੀਤੀਆਂ ਦੇ ਵਿਰੁਧ ਖੜ੍ਹੇ ਹੋ ਕੇ ਸੱਚੀ ਅਗਵਾਈ ਦਾ ਪ੍ਰਦਰਸ਼ਨ ਕਰਨ। ਉਨ੍ਹਾਂ ਨੇ ਤਾਲਿਬਾਨ ਸ਼ਾਸਨ ਨੂੰ ‘ਲਿੰਗ ਵਿਤਕਰੇ ਦੇ ਦੋਸ਼ੀ’ ਕਰਾਰ ਦਿੰਦੇ ਹੋਏ ਮੁਸਲਿਮ ਨੇਤਾਵਾਂ ਨੂੰ ਕਿਹਾ, ‘‘ਉਨ੍ਹਾਂ ਨੂੰ ਜਾਇਜ਼ ਨਾ ਠਹਿਰਾਇਆ ਜਾਵੇ। ਅਫਗਾਨਿਸਤਾਨ ’ਚ ਕੁੜੀਆਂ ਦੀ ਇਕ ਪੂਰੀ ਪੀੜ੍ਹੀ ਦਾ ਭਵਿੱਖ ਲੁੱਟਿਆ ਜਾ ਰਿਹਾ ਹੈ।’’
ਉਨ੍ਹਾਂ ਕਿਹਾ, ‘‘ਤਾਲਿਬਾਨ ਨੇ ਹਰ ਅਫਗਾਨ ਕੁੜੀ ਤੋਂ ਸਿਖਿਆ ਦੇ ਅਧਿਕਾਰ ਨੂੰ ਖੋਹ ਲਿਆ ਹੈ ਅਤੇ ਉਹ ਜਨਤਕ ਜੀਵਨ ਦੇ ਹਰ ਪਹਿਲੂ ਤੋਂ ਔਰਤਾਂ ਅਤੇ ਕੁੜੀਆਂ ਨੂੰ ਖਤਮ ਕਰਨਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਸਮਾਜ ਤੋਂ ਮਿਟਾਉਣਾ ਚਾਹੁੰਦੇ ਹਨ।’’
ਮਲਾਲਾ ਨੇ ਇਹ ਵੀ ਕਿਹਾ ਕਿ 1.2 ਕਰੋੜ ਪਾਕਿਸਤਾਨੀ ਕੁੜੀਆਂ ਸਕੂਲ ਤੋਂ ਬਾਹਰ ਹਨ, ਜੋ ਦੁਨੀਆਂ ’ਚ ਸੱਭ ਤੋਂ ਵੱਧ ਗਿਣਤੀ ’ਚੋਂ ਇਕ ਹੈ। ਮਲਾਲਾ ਨੇ ਗਾਜ਼ਾ ’ਚ ਇਜ਼ਰਾਈਲ ਦੀਆਂ ਕਾਰਵਾਈਆਂ ਦੀ ਵੀ ਆਲੋਚਨਾ ਕੀਤੀ ਅਤੇ ਉਸ ’ਤੇ ਖੇਤਰ ਦੀ ਸਿੱਖਿਆ ਪ੍ਰਣਾਲੀ ਨੂੰ ਖਤਮ ਕਰਨ ਅਤੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਦਾ ਦੋਸ਼ ਲਾਇਆ।
ਉਨ੍ਹਾਂ ਕਿਹਾ, ‘‘ਗਾਜ਼ਾ ’ਚ ਇਜ਼ਰਾਈਲ ਨੇ ਪੂਰੀ ਸਿੱਖਿਆ ਪ੍ਰਣਾਲੀ ਨੂੰ ਤਬਾਹ ਕਰ ਦਿਤਾ ਹੈ। ਉਨ੍ਹਾਂ ਨੇ ਸਾਰੀਆਂ ਯੂਨੀਵਰਸਿਟੀਆਂ ’ਤੇ ਬੰਬ ਸੁੱਟੇ ਹਨ, 90 ਫੀ ਸਦੀ ਤੋਂ ਵੱਧ ਸਕੂਲਾਂ ਨੂੰ ਤਬਾਹ ਕਰ ਦਿਤਾ ਹੈ ਅਤੇ ਸਕੂਲਾਂ ਦੀਆਂ ਇਮਾਰਤਾਂ ’ਚ ਪਨਾਹ ਲੈ ਰਹੇ ਨਾਗਰਿਕਾਂ ’ਤੇ ਅੰਨ੍ਹੇਵਾਹ ਹਮਲਾ ਕੀਤਾ ਹੈ।’’
ਉਸ ਨੇ ਕੌਮਾਂਤਰੀ ਏਕਤਾ ਨੂੰ ਸੰਘਰਸ਼ ਵਾਲੇ ਖੇਤਰਾਂ ’ਚ ਸਿੱਖਿਆ ਦਾ ਸਮਰਥਨ ਕਰਨ ਅਤੇ ਔਰਤਾਂ ਅਤੇ ਲੜਕੀਆਂ ਵਿਰੁਧ ਵਿਤਕਰੇ ਵਾਲੀਆਂ ਰਵਾਇਤਾਂ ਨੂੰ ਖਤਮ ਕਰਨ ਦੀ ਅਪੀਲ ਕੀਤੀ। ਮਲਾਲਾ ਨੂੰ 15 ਸਾਲ ਦੀ ਉਮਰ ’ਚ ਪਾਕਿਸਤਾਨੀ ਤਾਲਿਬਾਨ ਨੇ ਉਨ੍ਹਾਂ ਦਾ ਵਿਰੋਧ ਕਰਨ ਲਈ ਸਿਰ ’ਤੇ ਗੋਲੀ ਮਾਰ ਦਿਤੀ ਸੀ ਪਰ ਉਹ ਕੁੜੀਆਂ ਦੀ ਸਿੱਖਿਆ ਲਈ ਲਚਕੀਲੇਪਣ ਅਤੇ ਵਕਾਲਤ ਦਾ ਵਿਸ਼ਵਵਿਆਪੀ ਪ੍ਰਤੀਕ ਬਣ ਗਈ ਸੀ। ਉਹ ਦੋ ਦਿਨਾਂ ਸਿਖਰ ਸੰਮੇਲਨ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਆਈ ਸੀ, ਜਿਸ ਦਾ ਉਦੇਸ਼ ਮੁਸਲਿਮ ਭਾਈਚਾਰਿਆਂ ਵਿਚ ਲੜਕੀਆਂ ਦੀ ਸਿੱਖਿਆ ਵਿਚ ਚੁਨੌਤੀਆਂ ਨਾਲ ਨਜਿੱਠਣਾ ਅਤੇ ਸਿੱਖਿਆ ਤਕ ਬਰਾਬਰ ਪਹੁੰਚ ਨੂੰ ਯਕੀਨੀ ਬਣਾਉਣ ਵਿਚ ਕੌਮਾਂਤਰੀ ਲੀਡਰਸ਼ਿਪ ਦੀ ਭੂਮਿਕਾ ਦੀ ਪੜਚੋਲ ਕਰਨਾ ਸੀ।