ਈਰਾਨ ’ਚ ਪ੍ਰਦਰਸ਼ਨਾਂ ’ਚ ਮਰਨ ਵਾਲਿਆਂ ਦੀ ਗਿਣਤੀ ਹੋਈ 572
ਮ੍ਰਿਤਕਾਂ ’ਚ 496 ਪ੍ਰਦਰਸ਼ਨਕਾਰੀ ਅਤੇ 48 ਸੁਰੱਖਿਆ ਬਲਾਂ ਦੇ ਲੋਕ ਸ਼ਾਮਲ
ਦੁਬਈ: ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਈਰਾਨ ਨੇ ਇਸਲਾਮਿਕ ਗਣਰਾਜ ਉਤੇ ਹਮਲਾ ਕਰਨ ਦੀ ਧਮਕੀ ਤੋਂ ਬਾਅਦ ਗੱਲਬਾਤ ਦਾ ਪ੍ਰਸਤਾਵ ਦਿਤਾ ਹੈ। ਦੂਜੇ ਪਾਸੇ ਪ੍ਰਦਰਸ਼ਨਕਾਰੀਆਂ ਉਤੇ ਚੱਲ ਰਹੀ ਕਾਰਵਾਈ ’ਚ ਮੌਤਾਂ ਦੀ ਗਿਣਤੀ 544 ਤੋਂ ਟੱਪ ਗਈ ਹੈ।
ਟਰੰਪ ਨੇ ਅਮਰੀਕੀ ਸਮੇਂ ਅਨੁਸਾਰ ਐਤਵਾਰ ਦੇਰ ਰਾਤ ਕਿਹਾ ਕਿ ਉਨ੍ਹਾਂ ਦਾ ਪ੍ਰਸ਼ਾਸਨ ਤਹਿਰਾਨ ਨਾਲ ਬੈਠਕ ਕਰਨ ਲਈ ਗੱਲਬਾਤ ਕਰ ਰਿਹਾ ਹੈ, ਪਰ ਉਨ੍ਹਾਂ ਨੇ ਚੇਤਾਵਨੀ ਦਿਤੀ ਕਿ ਉਨ੍ਹਾਂ ਨੂੰ ਪਹਿਲਾਂ ਕਾਰਵਾਈ ਕਰਨੀ ਪੈ ਸਕਦੀ ਹੈ ਕਿਉਂਕਿ ਮੌਤਾਂ ਵਿਚ ਵਾਧਾ ਹੋਣ ਦੀਆਂ ਖਬਰਾਂ ਆ ਰਹੀਆਂ ਹਨ ਅਤੇ ਸਰਕਾਰ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫਤਾਰ ਕਰਨਾ ਜਾਰੀ ਰੱਖ ਰਹੀ ਹੈ। ਟਰੰਪ ਨੇ ਐਤਵਾਰ ਰਾਤ ਨੂੰ ਏਅਰ ਫੋਰਸ ਵਨ ਉਤੇ ਪੱਤਰਕਾਰਾਂ ਨੂੰ ਕਿਹਾ, ‘‘ਮੀਟਿੰਗ ਸਥਾਪਤ ਕੀਤੀ ਜਾ ਰਹੀ ਹੈ, ਪਰ ਮੀਟਿੰਗ ਤੋਂ ਪਹਿਲਾਂ ਜੋ ਕੁੱਝ ਹੋ ਰਿਹਾ ਹੈ ਉਸ ਕਾਰਨ ਸਾਨੂੰ ਕਾਰਵਾਈ ਕਰਨੀ ਪੈ ਸਕਦੀ ਹੈ। ਈਰਾਨ ਨੇ ਮੀਟਿੰਗ ਲਈ ਬੁਲਾਇਆ ਹੈ, ਉਹ ਗੱਲਬਾਤ ਕਰਨਾ ਚਾਹੁੰਦੇ ਹਨ।’’
ਈਰਾਨ ਨੇ ਹਾਲਾਂਕਿ ਟਰੰਪ ਦੀਆਂ ਟਿਪਣੀਆਂ ਨੂੰ ਤੁਰਤ ਮਨਜ਼ੂਰ ਨਹੀਂ ਕੀਤਾ। ਇਸ ਨੇ ਪਹਿਲਾਂ ਅਮਰੀਕੀ ਫੌਜ ਨੂੰ ਚਿਤਾਵਨੀ ਦਿਤੀ ਸੀ ਅਤੇ ਜੇ ਅਮਰੀਕਾ ਨੇ ਪ੍ਰਦਰਸ਼ਨਕਾਰੀਆਂ ਦੀ ਰੱਖਿਆ ਲਈ ਤਾਕਤ ਦੀ ਵਰਤੋਂ ਕਰਦਾ ਹੈ ਤਾਂ ਇਜ਼ਰਾਈਲ ‘ਜਾਇਜ਼ ਨਿਸ਼ਾਨਾ’ ਹੋਵੇਗਾ।
ਦੂਜੇ ਪਾਸੇ ਅਮਰੀਕਾ ਅਧਾਰਤ ਮਨੁੱਖੀ ਅਧਿਕਾਰ ਕਾਰਕੁਨਾਂ ਦੀ ਨਿਊਜ਼ ਏਜੰਸੀ, ਜਿਸ ਨੇ ਈਰਾਨ ਵਿਚ ਪਿਛਲੀ ਅਸ਼ਾਂਤੀ ਬਾਰੇ ਵੀ ਸਹੀ ਰੀਪੋਰਟ ਕੀਤੀ ਸੀ, ਨੇ ਮਰਨ ਵਾਲਿਆਂ ਦੀ ਗਿਣਤੀ ਦੱਸੀ ਹੈ। ਇਸ ਨੇ ਕਿਹਾ ਹੈ ਕਿ ਹੁਣ ਤਕ ਘੱਟੋ-ਘੱਟ 544 ਲੋਕ ਮਾਰੇ ਗਏ ਹਨ, ਜਿਨ੍ਹਾਂ ਵਿਚ 496 ਪ੍ਰਦਰਸ਼ਨਕਾਰੀ ਅਤੇ 48 ਸੁਰੱਖਿਆ ਬਲਾਂ ਦੇ ਲੋਕ ਸ਼ਾਮਲ ਹਨ। ਇਸ ਵਿਚ ਕਿਹਾ ਗਿਆ ਹੈ ਕਿ ਦੋ ਹਫ਼ਤਿਆਂ ਤੋਂ ਚੱਲ ਰਹੇ ਪ੍ਰਦਰਸ਼ਨਾਂ ਵਿਚ 10,600 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿਚ ਵੀ ਲਿਆ ਗਿਆ ਹੈ।
ਈਰਾਨ ਵਿਚ ਇੰਟਰਨੈਟ ਬੰਦ ਹੋਣ ਅਤੇ ਫੋਨ ਲਾਈਨਾਂ ਕੱਟਣ ਦੇ ਨਾਲ, ਵਿਦੇਸ਼ਾਂ ਤੋਂ ਪ੍ਰਦਰਸ਼ਨਾਂ ਦਾ ਅਨੁਮਾਨ ਲਗਾਉਣਾ ਵਧੇਰੇ ਮੁਸ਼ਕਲ ਹੋ ਗਿਆ ਹੈ। ਈਰਾਨ ਦੀ ਸਰਕਾਰ ਨੇ ਮ੍ਰਿਤਕਾਂ ਦੇ ਕੁਲ ਅੰਕੜੇ ਨਹੀਂ ਦਿਤੇ ਹਨ।
ਤਹਿਰਾਨ ’ਚ ਹਜ਼ਾਰਾਂ ਲੋਕਾਂ ਨੇ ਸਰਕਾਰ ਦੇ ਸਮਰਥਨ ’ਚ ਰੈਲੀ ਕੀਤੀ
ਈਰਾਨ ਦੀ ਧਰਮਸ਼ਾਹੀ ਨੂੰ ਚੁਨੌਤੀ ਦੇਣ ਵਾਲੇ ਦੇਸ਼ ਪਧਰੀ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਸੋਮਵਾਰ ਨੂੰ ਹਜ਼ਾਰਾਂ ਸਰਕਾਰ ਪੱਖੀ ਪ੍ਰਦਰਸ਼ਨਕਾਰੀ ਵੀ ਸੜਕਾਂ ਉਤੇ ਆ ਗਏ। ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਤਹਿਰਾਨ ਵਿਚ ਰਾਜਧਾਨੀ ਦੇ ਐਂਗੇਲਾਬ ਚੌਕ ਵਲ ਭੀੜ ਕਰਨ ਵਾਲੇ ਪ੍ਰਦਰਸ਼ਨਕਾਰੀਆਂ ਦੀਆਂ ਤਸਵੀਰਾਂ ਵਿਖਾਈਆਂ।
ਇਸ ਨੇ ਪ੍ਰਦਰਸ਼ਨ ਨੂੰ ‘ਅਮਰੀਕੀ-ਜ਼ਾਇਨੀਸਟ ਅਤਿਵਾਦ ਦੇ ਵਿਰੁਧ ਈਰਾਨੀ ਵਿਦਰੋਹ’ ਕਿਹਾ। ਹਾਲਾਂਕਿ ਦੇਸ਼ ਦੀ ਬਿਮਾਰ ਆਰਥਕਤਾ ਨੂੰ ਲੈ ਕੇ ਪਿਛਲੇ ਦੋ ਹਫ਼ਤਿਆਂ ਤੋਂ ਫੈਲੇ ਗੁੱਸੇ ਨੂੰ ਸੰਬੋਧਿਤ ਨਹੀਂ ਕੀਤਾ। ਸਰਕਾਰੀ ਟੈਲੀਵਿਜ਼ਨ ਨੇ ਦੇਸ਼ ਭਰ ਵਿਚ ਅਜਿਹੇ ਪ੍ਰਦਰਸ਼ਨਾਂ ਦੀਆਂ ਤਸਵੀਰਾਂ ਪ੍ਰਸਾਰਿਤ ਕੀਤੀਆਂ, ਇਹ ਸੰਕੇਤ ਦੇਣ ਦੀ ਕੋਸ਼ਿਸ਼ ਕੀਤੀ ਕਿ ਉਸ ਨੇ ਵਿਰੋਧ ਪ੍ਰਦਰਸ਼ਨਾਂ ਉਤੇ ਕਾਬੂ ਪਾ ਲਿਆ ਹੈ, ਜਿਵੇਂ ਕਿ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਗਚੀ ਨੇ ਦਿਨ ਦੇ ਸ਼ੁਰੂ ਵਿਚ ਦਾਅਵਾ ਕੀਤਾ ਸੀ।
ਚੀਨ ਨੇ ਈਰਾਨ ਦੀ ਸਥਿਰਤਾ ਦਾ ਸਮਰਥਨ ਅਤੇ ਬਾਹਰੀ ਦਖਲਅੰਦਾਜ਼ੀ ਦਾ ਵਿਰੋਧ ਕੀਤਾ
ਚੀਨ ਦਾ ਕਹਿਣਾ ਹੈ ਕਿ ਉਹ ਕੌਮਾਂਤਰੀ ਸਬੰਧਾਂ ਵਿਚ ਤਾਕਤ ਦੀ ਵਰਤੋਂ ਦਾ ਵਿਰੋਧ ਕਰਦਾ ਹੈ ਅਤੇ ਉਮੀਦ ਪ੍ਰਗਟਾਈ ਹੈ ਕਿ ਈਰਾਨ ਦੀ ਸਰਕਾਰ ਅਤੇ ਲੋਕ ‘ਮੌਜੂਦਾ ਮੁਸ਼ਕਲਾਂ ਨੂੰ ਦੂਰ ਕਰਨ ਅਤੇ ਕੌਮੀ ਸਥਿਰਤਾ ਨੂੰ ਬਣਾਈ ਰੱਖਣ ਦੇ ਯੋਗ ਹਨ।’ ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮਾਓ ਨਿੰਗ ਨੇ ਸੋਮਵਾਰ ਨੂੰ ਕਿਹਾ ਕਿ ਬੀਜਿੰਗ ਹਮੇਸ਼ਾ ਦੂਜੇ ਦੇਸ਼ਾਂ ਦੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਦਾ ਵਿਰੋਧ ਕਰਦਾ ਹੈ, ਇਹ ਮੰਨਦਾ ਹੈ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਅਤੇ ਸੁਰੱਖਿਆ ਨੂੰ ਕੌਮਾਂਤਰੀ ਕਾਨੂੰਨ ਦੇ ਤਹਿਤ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਣਾ ਚਾਹੀਦਾ ਹੈ ਅਤੇ ਕੌਮਾਂਤਰੀ ਸੰਬੰਧਾਂ ਵਿਚ ਤਾਕਤ ਦੀ ਵਰਤੋਂ ਜਾਂ ਧਮਕੀ ਦਾ ਵਿਰੋਧ ਕਰਦਾ ਹੈ।
ਜਰਮਨ ਚਾਂਸਲਰ ਨੇ ਵਿਰੋਧ ਪ੍ਰਦਰਸ਼ਨਾਂ ਉਤੇ ਕਾਰਵਾਈ ਦੀ ਨਿੰਦਾ ਕੀਤੀ
ਜਰਮਨ ਚਾਂਸਲਰ ਫਰੈਡਰਿਕ ਮਰਜ਼ ਨੇ ‘ਈਰਾਨ ਦੀ ਲੀਡਰਸ਼ਿਪ ਅਪਣੇ ਹੀ ਲੋਕਾਂ ਦੇ ਵਿਰੁਧ ਕੀਤੀ ਜਾ ਰਹੀ ਹਿੰਸਾ ਦੀ ਸਖ਼ਤ ਸ਼ਬਦਾਂ ਵਿਚ’ ਨਿੰਦਾ ਕੀਤੀ। ਮਰਜ਼ ਨੇ ਭਾਰਤ ਦੀ ਯਾਤਰਾ ਦੌਰਾਨ ਕਿਹਾ ਕਿਹਾ ਕਿ ਇਹ ਤਾਕਤ ਦੀ ਬਜਾਏ ਕਮਜ਼ੋਰੀ ਦਾ ਸੰਕੇਤ ਹੈ। ਉਨ੍ਹਾਂ ਕਿਹਾ ਕਿ ਇਸ ਹਿੰਸਾ ਨੂੰ ਖਤਮ ਕਰਨਾ ਚਾਹੀਦਾ ਹੈ।
ਅਮਰੀਕਾ ਨਾਲ ਗੱਲਬਾਤ ਦਾ ਰਸਤਾ ਖੁੱਲ੍ਹਾ ਹੈ : ਈਰਾਨੀ ਅਧਿਕਾਰੀ
ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸੋਮਵਾਰ ਨੂੰ ਸੁਝਾਅ ਦਿਤਾ ਕਿ ਅਮਰੀਕਾ ਨਾਲ ਗੱਲਬਾਤ ਦਾ ਇਕ ਰਸਤਾ ਖੁੱਲ੍ਹਾ ਰਹੇਗਾ। ਇਸਮਾਈਲ ਬਘਾਈ ਨੇ ਤਹਿਰਾਨ ਵਿਚ ਇਕ ਪੱਤਰਕਾਰ ਸੰਮੇਲਨ ਦੌਰਾਨ ਇਹ ਟਿਪਣੀ ਕੀਤੀ। ਉਨ੍ਹਾਂ ਕਿਹਾ, ‘‘ਜਦੋਂ ਵੀ ਲੋੜ ਪੈਂਦੀ ਹੈ, ਇਕ ਚੈਨਲ ਰਾਹੀਂ ਲੋੜੀਂਦੇ ਸੰਦੇਸ਼ਾਂ ਦਾ ਆਦਾਨ-ਪ੍ਰਦਾਨ ਕੀਤਾ ਜਾਂਦਾ ਹੈ।’’ ਹਾਲਾਂਕਿ, ਬਘਾਈ ਨੇ ਕਿਹਾ ਕਿ ਅਜਿਹੀ ਗੱਲਬਾਤ ‘‘ਆਪਸੀ ਹਿੱਤਾਂ ਅਤੇ ਚਿੰਤਾਵਾਂ ਦੀ ਸਵੀਕ੍ਰਿਤੀ ਉਤੇ ਅਧਾਰਤ ਹੋਣੀ ਚਾਹੀਦੀ ਹੈ, ਨਾ ਕਿ ਇਕ ਪਾਸੜ, ਇਕਪਾਸੜ ਅਤੇ ਹੁਕਮ ਉਤੇ ਅਧਾਰਤ ਗੱਲਬਾਤ ਉਤੇ ਅਧਾਰਤ ਹੋਣੀ ਚਾਹੀਦੀ ਹੈ।’’