ਅਮਰੀਕੀ ਰਾਸ਼ਟਰਪਤੀ ਰਿਜ਼ਰਵ ਬੈਂਕ ਦੇ ਗਵਰਨਰ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਤਿਆਰੀ ’ਚ
ਵਿਆਜ਼ ਦਰਾਂ 'ਚ ਕਟੌਤੀ ਨਾ ਕਰਨ ਤੋਂ ਨਾਰਾਜ਼ ਹਨ ਟਰੰਪ
ਨਵੀਂ ਦਿੱਲੀ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਵਿਚਕਾਰ ਵਧੇ ਤਣਾਅ ਸਭ ਦੇ ਸਾਹਮਣੇ ਹੈ । ਟਰੰਪ ਅਤੇ ਜੋਰੇਮ ਪਾਵੇਲ ਵਿਚਾਲੇ ਵਧਿਆ ਤਣਾਅ ਹੁਣ ਅਦਾਲਤ ਤੱਕ ਪਹੁੰਚ ਸਕਦਾ ਹੈ ਕਿਉਂਕਿ ਟਰੰਪ ਨੇ ਪਾਵੇਲ ਨੂੰ ਜੇਲ੍ਹ ਭੇਜਣ ਦੀ ਤਿਆਰੀ ਕਰ ਲਈ ਹੈ। ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅਮਰੀਕੀ ਨਿਆਂ ਵਿਭਾਗ ਨੇ ਵਾਸ਼ਿੰਗਟਨ ਡੀਸੀ ਵਿੱਚ ਸਥਿਤ ਫੈਡਰਲ ਰਿਜ਼ਰਵ ਦੇ ਮੁੱਖ ਦਫ਼ਤਰ ਦੇ 2.5 ਅਰਬ ਡਾਲਰ ਦੇ ਨਵੀਨੀਕਰਨ ਪ੍ਰੋਜੈਕਟ ਵਿੱਚ ਕਥਿਤ ਗੜਬੜੀ ਨੂੰ ਲੈ ਕੇ ਰਸਮੀ ਅਪਰਾਧਿਕ ਜਾਂਚ ਸ਼ੁਰੂ ਕਰ ਦਿੱਤੀ ਹੈ। ਆਰੋਪ ਹੈ ਕਿ ਇਸ ਪ੍ਰੋਜੈਕਟ ਦੇ ਪ੍ਰਬੰਧਨ ਵਿੱਚ ਪੈਸੇ ਦਾ ਦੁਰਪ੍ਰਯੋਗ ਕੀਤਾ ਗਿਆ ਹੈ।
ਇਸ ਜਾਂਚ ਬਾਰੇ ਪਾਵੇਲ ਨੇ ਟਰੰਪ ਪ੍ਰਸ਼ਾਸਨ 'ਤੇ ਹਮਲਾ ਬੋਲਿਆ ਹੈ। ਪਾਵੇਲ ਨੇ ਇਸ ਅਪਰਾਧਿਕ ਜਾਂਚ ਨੂੰ ਇੱਕ ਬਹਾਨਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਇਹ ਕਾਰਵਾਈ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਉਨ੍ਹਾਂ ਨੇ ਵਾਈਟ ਹਾਊਸ ਦੇ ਸਿਆਸੀ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ ਸੀ। ਪਾਵੇਲ ਦਾ ਸਪੱਸ਼ਟ ਦਾਅਵਾ ਹੈ ਕਿ ਟਰੰਪ ਪ੍ਰਸ਼ਾਸਨ ਉਨ੍ਹਾਂ ਤੋਂ ਮਨਮਾਨੀ ਤਰੀਕੇ ਨਾਲ ਵਿਆਜ ਦਰਾਂ ਘਟਵਾਉਣਾ ਚਾਹੁੰਦਾ ਹੈ। ਪਾਵੇਲ ਦਾ ਕਾਰਜਕਾਲ ਇਸ ਸਾਲ ਮਈ ਵਿੱਚ ਖਤਮ ਹੋ ਰਿਹਾ ਹੈ।
ਟਰੰਪ ਨੇ ਆਪਣੇ ਕਾਰਜਕਾਲ ਦੌਰਾਨ ਪਾਵੇਲ ਦੀ ਵਾਰ-ਵਾਰ ਆਲੋਚਨਾ ਕੀਤੀ ਹੈ ਅਤੇ ਹੁਣ ਉਨ੍ਹਾਂ ਨੇ ਸਿੱਧੇ ਤੌਰ 'ਤੇ ਫੈਡ ਗਵਰਨਰ ਵਿਰੁੱਧ ਮੁਕੱਦਮਾ ਚਲਾਉਣ ਦੀ ਜ਼ਮੀਨ ਤਿਆਰ ਕਰ ਲਈ ਹੈ। ਇਹ ਪਹਿਲੀ ਵਾਰ ਹੈ ਜਦੋਂ ਕਿਸੇ ਅਮਰੀਕੀ ਰਾਸ਼ਟਰਪਤੀ ਨੇ ਕੇਂਦਰੀ ਬੈਂਕ ਦੇ ਮੁੱਖੀ ਵਿਰੁੱਧ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਹੈ। ਡੋਨਾਲਡ ਟਰੰਪ ਅਤੇ ਪਾਵੇਲ ਵਿਚਕਾਰ ਵਿਵਾਦ ਦੀ ਅਸਲ ਜੜ੍ਹ ਵਿਆਜ ਦਰਾਂ ਹਨ। ਟਰੰਪ ਪਿਛਲੇ ਇੱਕ ਸਾਲ ਤੋਂ ਪਾਵੇਲ 'ਤੇ ਹਮਲਾਵਰ ਹਨ ਕਿ ਉਹ ਵਿਆਜ ਦਰਾਂ ਵਿੱਚ ਤੇਜ਼ੀ ਨਾਲ ਕਟੌਤੀ ਕਿਉਂ ਨਹੀਂ ਕਰ ਰਹੇ। ਹਾਲਾਂਕਿ ਫੈਡ ਨੇ ਪਿਛਲੇ ਸਾਲ ਤਿੰਨ ਵਾਰ ਦਰਾਂ ਘਟਾਈਆਂ ਸਨ, ਪਰ ਪਾਵੇਲ ਨੇ ਹਾਲ ਹੀ ਵਿੱਚ ਸੰਕੇਤ ਦਿੱਤੇ ਹਨ ਕਿ ਮਹਿੰਗਾਈ ਨੂੰ ਵੇਖਦੇ ਹੋਏ ਫਿਲਹਾਲ ਹੋਰ ਕਟੌਤੀ ਸੰਭਵ ਨਹੀਂ ਹੈ ਅਤੇ ਇਸੇ ਗੱਲ ਤੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਰਾਜ਼ ਹਨ।