ਪਾਕਿ ਪੀਐਮ 'ਤੇ ਵੀ ਪਈ 'ਮੰਦੀ' ਦੀ ਮਾਰ, ਤਨਖ਼ਾਹ ਨਾਲ ਗੁਜ਼ਾਰਾ ਚਲਾਉਣਾ ਹੋਇਆ ਮੁਸ਼ਕਲ!

ਏਜੰਸੀ

ਖ਼ਬਰਾਂ, ਕੌਮਾਂਤਰੀ

ਪ੍ਰਧਾਨ ਮੰਤਰੀ ਨੇ ਵਪਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ ਖੁਲਾਸਾ

file photo

ਇਸਲਾਮਾਬਾਦ : ਪਾਕਿਸਤਾਨ ਦੀ ਵਿਗੜ ਰਹੀ ਅਰਥ-ਵਿਵਸਥਾ ਕਾਰਨ ਜਿੱਥੇ ਆਮ ਲੋਕਾਂ ਨੂੰ ਦੋ ਵਕਤ ਦੀ ਰੋਟੀ ਲਈ ਸੰਘਰਸ਼ ਕਰਨਾ ਪੈ ਰਿਹੈ ਉਥੇ ਹੀ ਪਾਕਿ ਪ੍ਰਧਾਨ ਮੰਤਰੀ ਨੂੰ ਵੀ ਮਿਲਦੀ ਤਨਖ਼ਾਹ 'ਚ ਗੁਜ਼ਾਰਾ ਕਰਨਾ ਮੁਸ਼ਕਲਾ ਲੱਗ ਰਿਹੈ। ਖ਼ਬਰਾਂ ਮੁਤਾਬਕ ਇਮਰਾਨ ਖ਼ਾਨ ਨੂੰ ਜਿੰਨੀ ਸੈਲਰੀ ਮਿਲਦੀ ਹੈ, ਉਸ ਨਾਲ ਉਹ ਘਰ ਦਾ ਖ਼ਰਚਾ ਵੀ ਨਹੀਂ ਚਲਾ ਪਾ ਰਹੇ।

ਇਹ ਦਾ ਖ਼ੁਲਾਸਾ ਖੁਦ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਕੀਤਾ ਹੈ। ਅਸਲ ਵਿਚ ਇਮਰਾਨ ਖ਼ਾਨ ਵਪਾਰੀਆਂ ਨੂੰ ਟੈਕਸ ਭਰਨ ਦੀ ਅਹਿਮੀਅਤ ਬਾਰੇ ਸਮਝਾ ਰਹੇ ਸਨ। ਪਾਕਿਸਤਾਨ ਦੇ ਇਕ ਨਿਊਜ਼ ਚੈਨਲ ਦੇ ਦਾਅਵੇ ਅਨੁਸਾਰ ਉਸ ਨੂੰ ਪ੍ਰਧਾਨ ਮੰਤਰੀ ਦੀ ਸੈਲਰੀ ਸਲਿਪ ਮਿਲੀ ਹੈ। ਇਸ ਵਿਚ ਪ੍ਰਧਾਨ ਮੰਤਰੀ ਨੂੰ ਮਿਲਦੀ ਗ੍ਰੋਸ ਸੈਲਰੀ ਦੀ ਰਾਸ਼ੀ 2,01574 ਰੁਪਏ ਦਰਜ ਹੈ। ਇਸ ਵਿਚੋਂ ਟੈਕਸ ਬਗੈਰਾ ਕੱਟਣ ਬਾਅਦ ਇਮਰਾਨ ਖ਼ਾਨ ਨੂੰ ਮਿਲਦੀ ਕੁੱਲ ਸੈਲਰੀ ਦੀ ਰਕਮ 1,96,979 ਰੁਪਏ ਬਣਦੀ ਹੈ।

ਅਸਲ ਵਿਚ ਪਾਕਿਸਤਾਨ ਪ੍ਰਧਾਨ ਮੰਤਰੀ ਨੇ ਇਹ ਇਕਸਾਫ਼ ਆਮ ਲੋਕਾਂ ਦਾ ਦਿਲ ਜਿੱਤਣ ਲਈ ਕੀਤਾ ਹੈ। ਪਾਕਿਸਤਾਨ ਅੰਦਰ ਇਸ ਵੇਲੇ ਮਹਿੰਗਾਈ ਆਪਣੀ ਚਰਮ ਸੀਮਾ 'ਤੇ ਹੈ। ਆਮ ਲੋਕਾਂ ਨੂੰ ਰੋਟੀ ਦੇ ਲਾਲੇ ਪਏ ਹੋਏ ਹਨ। ਪਾਕਿਸਤਾਨ ਅੰਦਰ ਆਮ ਆਦਮੀ ਜ਼ਰੂਰਤ ਦੇ ਹਿਸਾਬ ਨਾਲ ਪੈਸੇ ਨਹੀਂ ਕਮਾ ਪਾ ਰਿਹਾ। ਕਿਉਂਕਿ ਪਾਕਿਸਤਾਨ ਅੰਦਰ ਰੋਜ਼ਮਰਾਂ ਦੀਆਂ ਜ਼ਰੂਰੀ ਚੀਜ਼ਾਂ ਦੀਆਂ ਕੀਮਤਾਂ ਵੀ ਅਸਮਾਨ ਛੂੰਹ ਰਹੀਆਂ ਹਨ।

ਇਥੋਂ ਤਕ ਕਿ ਰੋਟੀ, ਦਾਲ, ਚੌਲ ਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਵੀ ਆਮ ਆਦਮੀ ਦੀ ਪਹੁੰਚ ਤੋਂ ਦੂਰ ਹੁੰਦੀਆਂ ਜਾ ਰਹੀਆਂ ਹਨ। ਇਮਰਾਨ ਖ਼ਾਨ ਵਲੋਂ ਤਨਖ਼ਾਹ ਨਾਲ ਗੁਜ਼ਾਰਾ ਨਾ ਹੋਣ ਦਾ ਰੌਣਾ ਵੀ ਲੋਕਾਂ ਨੂੰ ਇਹ ਜਿਤਾਉਣ ਲਈ ਰੋਇਆ ਜਾ ਰਿਹੈ ਕਿ ਉਹ ਵੀ ਆਮ ਲੋਕਾਂ ਵਾਂਗ ਮੁਸ਼ਕਲ ਦੌਰ ਵਿਚੋਂ ਗੁਜ਼ਰ ਰਹੇ ਹਨ।

ਉਥੇ ਹੀ ਕੁੱਝ ਲੋਕਾਂ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨੂੰ ਮਿਲ ਰਹੀ ਬੇਸਿਕ ਸੈਲਰੀ ਨਾਲ ਵੀ ਆਮ ਆਦਮੀ ਦਾ ਘਰ ਸੌਖੀ ਤਰ੍ਹਾਂ ਚਲਾਇਆ ਜਾ ਸਕਦਾ ਹੈ। ਜਦਕਿ ਪ੍ਰਧਾਨ ਮੰਤਰੀ ਕੋਲ ਸਰਕਾਰੀ ਸੈਲਰੀ ਤੋਂ ਇਲਾਵਾ ਆਮਦਨੀ ਦੇ ਹੋਰ ਵੀ ਸਰੋਤ ਮੌਜੂਦ ਹਨ।