ਭਾਰਤ ਅਤੇ ਫਰਾਂਸ ਨੇ ਭਾਰਤ-ਪ੍ਰਸ਼ਾਂਤ ਖੇਤਰ ’ਚ ਭਾਈਵਾਲੀ ਵਧਾਉਣ ’ਤੇ ਸਹਿਮਤੀ ਪ੍ਰਗਟਾਈ
ਪ੍ਰਧਾਨ ਮੰਤਰੀ ਮੋਦੀ ਨੇ ਰਾਸ਼ਟਰਪਤੀ ਮੈਕਰੋਨ ਨੂੰ ਭਾਰਤ ਆਉਣ ਦਾ ਸੱਦਾ ਦਿਤਾ
ਮਾਰਸੇਈ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਬੁਧਵਾਰ ਨੂੰ ਹਿੰਦ-ਪ੍ਰਸ਼ਾਂਤ ਖੇਤਰ ਅਤੇ ਵੱਖ-ਵੱਖ ਆਲਮੀ ਮੰਚਾਂ ਅਤੇ ਪਹਿਲਕਦਮੀਆਂ ਵਿਚ ਅਪਣੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦਾ ਸੰਕਲਪ ਲਿਆ। ਦੋਹਾਂ ਨੇਤਾਵਾਂ ਨੇ ਵਿਆਪਕ ਗੱਲਬਾਤ ਤੋਂ ਬਾਅਦ ਇਹ ਯਕੀਨੀ ਬਣਾਉਣ ਲਈ ਠੋਸ ਕਾਰਵਾਈ ਕਰਨ ਦੀ ਅਪਣੀ ਵਚਨਬੱਧਤਾ ਨੂੰ ਵੀ ਰੇਖਾਂਕਿਤ ਕੀਤਾ ਕਿ ਆਲਮੀ ਏ.ਆਈ. ਸੈਕਟਰ ਜਨਤਕ ਹਿੱਤ ’ਚ ਲਾਭਕਾਰੀ ਸਮਾਜਕ-ਆਰਥਕ ਅਤੇ ਵਾਤਾਵਰਣ ਦੇ ਨਤੀਜੇ ਪ੍ਰਦਾਨ ਕਰੇ।
ਦੋਹਾਂ ਨੇਤਾਵਾਂ ਦੀ ਮੁਲਾਕਾਤ ਤੋਂ ਬਾਅਦ ਜਾਰੀ ਸਾਂਝੇ ਬਿਆਨ ’ਚ ਕਿਹਾ ਗਿਆ ਕਿ ਗੱਲਬਾਤ ’ਚ ਦੁਵਲੇ ਸਬੰਧਾਂ ਦੇ ਨਾਲ-ਨਾਲ ਪ੍ਰਮੁੱਖ ਆਲਮੀ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਹੋਈ। ਦੋਹਾਂ ਨੇਤਾਵਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ (ਯੂ.ਐਨ.ਐਸ.ਸੀ.) ’ਚ ਸੁਧਾਰ ਦੀ ਤੁਰਤ ਲੋੜ ’ਤੇ ਜ਼ੋਰ ਦਿਤਾ ਅਤੇ ਸੁਰੱਖਿਆ ਪ੍ਰੀਸ਼ਦ ਦੇ ਮਾਮਲਿਆਂ ਸਮੇਤ ਵੱਖ-ਵੱਖ ਆਲਮੀ ਮੁੱਦਿਆਂ ’ਤੇ ਨੇੜਿਓਂ ਤਾਲਮੇਲ ਕਰਨ ’ਤੇ ਸਹਿਮਤੀ ਪ੍ਰਗਟਾਈ।
ਫਰਾਂਸ ਦੇ ਰਾਸ਼ਟਰਪਤੀ ਮੈਕਰੋਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ’ਚ ਭਾਰਤ ਦੀ ਸਥਾਈ ਮੈਂਬਰਸ਼ਿਪ ਲਈ ਫਰਾਂਸ ਦੇ ਦ੍ਰਿੜ ਸਮਰਥਨ ਨੂੰ ਦੁਹਰਾਇਆ। ਦੋਹਾਂ ਨੇਤਾਵਾਂ ਨੇ ਭਾਰਤ-ਫਰਾਂਸ ਰਣਨੀਤਕ ਭਾਈਵਾਲੀ ਪ੍ਰਤੀ ਅਪਣੀ ਮਜ਼ਬੂਤ ਵਚਨਬੱਧਤਾ ਨੂੰ ਦੁਹਰਾਇਆ ਅਤੇ ਕਿਹਾ ਕਿ ਇਹ ਪਿਛਲੇ 25 ਸਾਲਾਂ ’ਚ ਹੌਲੀ-ਹੌਲੀ ਇਕ ਬਹੁਪੱਖੀ ਸਬੰਧਾਂ ’ਚ ਵਿਕਸਤ ਹੋਈ ਹੈ। ਪ੍ਰਧਾਨ ਮੰਤਰੀ ਮੋਦੀ ਨੇ ਕੱਲ੍ਹ ਸ਼ਾਮ ਫਰਾਂਸ ਦੇ ਰਾਸ਼ਟਰਪਤੀ ਦੇ ਜਹਾਜ਼ ਰਾਹੀਂ ਪੈਰਿਸ ਤੋਂ ਮਾਰਸੇਲ ਲਈ ਉਡਾਣ ਭਰੀ ਸੀ। ਉਨ੍ਹਾਂ ਨੇ ਦੁਵਲੇ ਸਬੰਧਾਂ ਦੇ ਸਾਰੇ ਪਹਿਲੂਆਂ ਅਤੇ ਪ੍ਰਮੁੱਖ ਗਲੋਬਲ ਅਤੇ ਖੇਤਰੀ ਮੁੱਦਿਆਂ ’ਤੇ ਚਰਚਾ ਕੀਤੀ। ਮਾਰਸੇਲ ਪਹੁੰਚਣ ਤੋਂ ਬਾਅਦ ਵਫ਼ਦ ਪੱਧਰ ਦੀ ਗੱਲਬਾਤ ਹੋਈ। ਦੋਹਾਂ ਨੇਤਾਵਾਂ ਨੇ ਰੱਖਿਆ, ਸਿਵਲ ਪ੍ਰਮਾਣੂ ਊਰਜਾ ਅਤੇ ਪੁਲਾੜ ਦੇ ਰਣਨੀਤਕ ਖੇਤਰਾਂ ’ਚ ਸਹਿਯੋਗ ਦੀ ਸਮੀਖਿਆ ਕੀਤੀ। ਉਨ੍ਹਾਂ ਨੇ ਤਕਨਾਲੋਜੀ ਅਤੇ ਨਵੀਨਤਾ ਦੇ ਖੇਤਰਾਂ ’ਚ ਸਹਿਯੋਗ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ’ਤੇ ਵੀ ਚਰਚਾ ਕੀਤੀ।
ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਸਾਂਝੇਦਾਰੀ ਦਾ ਇਹ ਖੇਤਰ ਹਾਲ ਹੀ ਵਿਚ ਸਮਾਪਤ ਹੋਏ ਏਆਈ ਐਕਸ਼ਨ ਸੰਮੇਲਨ ਅਤੇ 2026 ਵਿਚ ਆਉਣ ਵਾਲੇ ਭਾਰਤ-ਫਰਾਂਸ ਇਨੋਵੇਸ਼ਨ ਸਾਲ ਦੇ ਪਿਛੋਕੜ ਵਿਚ ਹੋਰ ਵੀ ਮਹੱਤਵਪੂਰਨ ਹੋ ਗਿਆ ਹੈ। ਦੋਹਾਂ ਨੇਤਾਵਾਂ ਨੇ ਵਪਾਰ ਅਤੇ ਨਿਵੇਸ਼ ਸਬੰਧਾਂ ਨੂੰ ਵਧਾਉਣ ਦੀ ਵੀ ਹਮਾਇਤ ਕੀਤੀ। ਰਾਸ਼ਟਰਪਤੀ ਮੈਕਰੋਨ ਨੇ ਮਾਰਸੇਲ ਨੇੜੇ ਤੱਟਵਰਤੀ ਸ਼ਹਿਰ ਕੈਸਿਸ ’ਚ ਪ੍ਰਧਾਨ ਮੰਤਰੀ ਦੇ ਸਨਮਾਨ ’ਚ ਰਾਤ ਦੇ ਖਾਣੇ ਦੀ ਮੇਜ਼ਬਾਨੀ ਵੀ ਕੀਤੀ। ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਮੈਕਰੋਨ ਨੂੰ ਭਾਰਤ ਆਉਣ ਦਾ ਸੱਦਾ ਦਿਤਾ।
ਗੱਲਬਾਤ ਦੇ 10 ਨਤੀਜਿਆਂ ਦੀ ਸੂਚੀ ’ਚ ਏ.ਆਈ. ’ਤੇ ਭਾਰਤ-ਫ੍ਰੈਂਚ ਘੋਸ਼ਣਾ ਪੱਤਰ, ਭਾਰਤ-ਫਰਾਂਸ ਇਨੋਵੇਸ਼ਨ ਸਾਲ 2026 ਲਈ ਲੋਗੋ ਜਾਰੀ ਕਰਨਾ ਅਤੇ ਭਾਰਤ ਦੇ ਵਿਗਿਆਨ ਅਤੇ ਤਕਨਾਲੋਜੀ ਵਿਭਾਗ (ਡੀ.ਐਸ.ਟੀ.) ਅਤੇ ਫਰਾਂਸ ਦੇ ਇੰਸਟੀਚਿਊਟ ਨੈਸ਼ਨਲ ਡੀ ਰੇਸੀ ਐਨ ਇਨਫਾਰਮੈਟਿਕ ਏਟ ਐਨ ਆਟੋਮੈਟਿਕ (ਆਈ.ਐਨ.ਆਰ.ਆਈ.ਏ) ਦਰਮਿਆਨ ਡਿਜੀਟਲ ਸਾਇੰਸਜ਼ ਲਈ ਭਾਰਤ-ਫ੍ਰੈਂਚ ਸੈਂਟਰ ਦੀ ਸਥਾਪਨਾ ਲਈ ਇਰਾਦਾ ਪੱਤਰ ਸ਼ਾਮਲ ਹਨ। ਫ੍ਰੈਂਚ ਸਟਾਰਟ-ਅੱਪ ਇਨਕਿਊਬੇਟਰ ਸਟੇਸ਼ਨ ਐਫ ਵਿਖੇ 10 ਭਾਰਤੀ ਸਟਾਰਟਅਪਾਂ ਦੀ ਮੇਜ਼ਬਾਨੀ ਕਰਨ ਲਈ ਇਕ ਸਮਝੌਤੇ ’ਤੇ ਵੀ ਹਸਤਾਖਰ ਕੀਤੇ ਗਏ, ਜਦਕਿ ਐਡਵਾਂਸਡ ਮਾਡਿਊਲਰ ਰਿਐਕਟਰਾਂ ਅਤੇ ਛੋਟੇ ਮਾਡਿਊਲਰ ਰਿਐਕਟਰਾਂ ’ਤੇ ਭਾਈਵਾਲੀ ਦੀ ਸਥਾਪਨਾ ਬਾਰੇ ਇਕ ਇਰਾਦੇ ਦੇ ਐਲਾਨ ਪੱਤਰ ’ਤੇ ਹਸਤਾਖਰ ਕੀਤੇ ਗਏ।
ਹੋਰ ਨਤੀਜਿਆਂ ’ਚ ਗਲੋਬਲ ਸੈਂਟਰ ਫਾਰ ਨਿਊਕਲੀਅਰ ਐਨਰਜੀ ਪਾਰਟਨਰਸ਼ਿਪ (ਜੀ.ਸੀ.ਐਨ.ਈ.ਪੀ.) ਨਾਲ ਸਹਿਯੋਗ ਲਈ ਪ੍ਰਮਾਣੂ ਊਰਜਾ ਵਿਭਾਗ (ਡੀ.ਏ.ਈ.) ਅਤੇ ਫਰਾਂਸ ਦੇ ਕਮਿਸਰੀਏਟ ਏ.ਐਲ.ਐਨਰਜੀ ਐਟੋਮਿਕ ਐਟ ਆਕਸ ਐਨਰਜੀਜ਼ ਅਲਟਰਨੇਟਿਵਜ਼ (ਸੀ.ਏ.ਈ.) ਦਰਮਿਆਨ ਸਹਿਮਤੀ ਚਿੱਠੀ ਦਾ ਨਵੀਨੀਕਰਨ ਸ਼ਾਮਲ ਹੈ। ਇਹ ਮੋਦੀ ਦੀ ਫਰਾਂਸ ਦੀ ਛੇਵੀਂ ਯਾਤਰਾ ਹੈ ਅਤੇ ਜਨਵਰੀ 2024 ਵਿਚ ਮੈਕਰੋਨ ਦੀ ਭਾਰਤ ਯਾਤਰਾ ਤੋਂ ਬਾਅਦ ਭਾਰਤ ਦੇ 75ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਸਨ। ਦੋਹਾਂ ਨੇਤਾਵਾਂ ਨੇ ਇੱਥੇ ਕੌਮਾਂਤਰੀ ਥਰਮੋਨਿਊਕਲੀਅਰ ਪ੍ਰਯੋਗਾਤਮਕ ਰਿਐਕਟਰ ਸੈਂਟਰ ਦਾ ਵੀ ਦੌਰਾ ਕੀਤਾ।